- ਹਸਪਤਾਲ ‘ਚ ਸੈਕਸ-ਡਰੱਗ ਰੈਕੇਟ ਚਲਾਉਣ ਦਾ ਦੋਸ਼ !
ਕੋਲਕਾਤਾ, 18 ਅਗਸਤ 2024 – ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ 9 ਅਗਸਤ ਨੂੰ ਇੱਕ ਟ੍ਰੇਨੀ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆ ਰਹੀ ਹੈ। ਸੀਬੀਆਈ ਨੂੰ ਹੁਣ ਤੱਕ ਦੀ ਜਾਂਚ ਅਤੇ ਡਾਕਟਰ ਦੇ ਸਾਥੀਆਂ ਦੇ ਬਿਆਨਾਂ ਤੋਂ ਪਤਾ ਲੱਗਾ ਹੈ ਕਿ ਮਨੁੱਖੀ ਅੰਗਾਂ ਦੇ ਗੈਰ-ਕਾਨੂੰਨੀ ਵਪਾਰ ਦਾ ਪਰਦਾਫਾਸ਼ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਟ੍ਰੇਨੀ ਡਾਕਟਰ ਨੂੰ ਰਸਤੇ ਤੋਂ ਹਟਾਇਆ ਗਿਆ ਸੀ।
ਏਜੰਸੀ ਨੇ ਸ਼ਨੀਵਾਰ ਨੂੰ 13 ਲੋਕਾਂ ਤੋਂ ਪੁੱਛਗਿੱਛ ਕੀਤੀ। ਏਜੰਸੀ ਨੇ ਦੋ ਦਿਨਾਂ ‘ਚ ਕੁੱਲ 19 ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। ਇਸ ਵਿੱਚ ਅੱਧੇ ਤੋਂ ਵੱਧ ਲੋਕਾਂ ਨੇ ਹਸਪਤਾਲ ਵਿੱਚੋਂ ਮਨੁੱਖੀ ਅੰਗਾਂ ਦੀ ਤਸਕਰੀ ਦੇ ਰੈਕਟ ਦੀ ਜਾਣਕਾਰੀ ਦਿੱਤੀ ਹੈ। ਟੀਮ ਦਾ ਦਾਅਵਾ ਹੈ ਕਿ ਬਹੁਤ ਸਾਰੇ ਸਫੈਦਪੋਸ਼ ਚਿਹਰੇ ਜਲਦੀ ਹੀ ਸਾਹਮਣੇ ਆਉਣਗੇ।
ਇੱਕ ਹਿੰਦੀ ਨਿਊਜ਼ ਵੈਬਸਾਈਟ ਨੂੰ ਦੀ ਖ਼ਬਰ ਅਨੁਸਾਰ ਇਸ ਮਾਮਲੇ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਬਲਾਤਕਾਰ ਇਸ ਲਈ ਕੀਤਾ ਗਿਆ ਕਿ ਇਹ ਇੱਕ ਆਮ ਘਟਨਾ ਜਾਪੇ। ਮੈਡੀਕਲ ਕਾਲਜ ‘ਚ ਲੰਬੇ ਸਮੇਂ ਤੋਂ ਸੈਕਸ ਅਤੇ ਡਰੱਗ ਰੈਕੇਟ ਚਲਾਉਣ ਦਾ ਵੀ ਦੋਸ਼ ਹੈ। 23 ਸਾਲ ਪਹਿਲਾਂ 2001 ਵਿੱਚ ਕਾਲਜ ਦੇ ਹੋਸਟਲ ਵਿੱਚ ਇੱਕ ਵਿਦਿਆਰਥੀ ਦੀ ਹੋਈ ਮੌਤ ਦੇ ਸਬੰਧ ਵੀ ਇਸ ਨਾਲ ਜੁੜੇ ਹੋਣੇ ਸ਼ੁਰੂ ਹੋ ਗਏ ਹਨ।
ਇੱਕ ਸਿਆਸੀ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਡਾਕਟਰਾਂ ਦੇ ਇੱਕ ਵਟਸਐਪ ਗਰੁੱਪ ਦੇ ਸਕਰੀਨਸ਼ਾਟ ਹਨ, ਜੋ ਹਸਪਤਾਲ ਵਿੱਚ ਸੈਕਸ ਅਤੇ ਡਰੱਗ ਰੈਕੇਟ ਦਾ ਖੁਲਾਸਾ ਕਰਦੇ ਹਨ। ਕਿਸੇ ਪਾਰਟੀ ਦੇ ਸੀਨੀਅਰ ਆਗੂ ਅਤੇ ਉਸ ਦੇ ਭਤੀਜੇ ਦਾ ਜ਼ਿਕਰ ਹੈ।
ਸੀਬੀਆਈ ਸੂਤਰਾਂ ਅਨੁਸਾਰ ਇਸ ਸੁਰਾਗ ਤੋਂ ਬਾਅਦ ਪੁੱਛਗਿੱਛ ਦੌਰਾਨ ਮੈਡੀਕਲ ਕਾਲਜ ਦੇ ਚਾਰ ਲੋਕਾਂ ਦੇ ਨਾਂ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਤਿੰਨ ਡਾਕਟਰ ਅਤੇ ਇੱਕ ਹਾਊਸ ਸਟਾਫ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਚਾਰੋਂ ਇੱਕ ਸਿਆਸੀ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਹਸਪਤਾਲ ਵਿੱਚ ਸੈਕਸ ਅਤੇ ਡਰੱਗ ਰੈਕੇਟ ਚਲਾਉਂਦੇ ਸਨ। ਸੀਬੀਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਠੋਸ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਸੂਤਰਾਂ ਅਨੁਸਾਰ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਮੈਡੀਕਲ ਵੇਸਟ ਦੇ ਨਿਪਟਾਰੇ ਅਤੇ ਕੁਝ ਦਵਾਈਆਂ ਅਤੇ ਸਾਮਾਨ ਦੀ ਸਪਲਾਈ ਦਾ ਕੰਮ ਪ੍ਰਬੰਧਕਾਂ ਦੇ ਕਿਸੇ ਨਜ਼ਦੀਕੀ ਨੂੰ ਦਿੱਤਾ ਗਿਆ ਸੀ, ਪਰ ਸ਼ਰਤਾਂ ਮੁਤਾਬਕ ਸਪਲਾਈ ਨਹੀਂ ਕੀਤੀ ਜਾ ਰਹੀ ਸੀ। ਪੀੜਤ ਨੂੰ ਇਸ ਗੱਲ ਦਾ ਪਤਾ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਵੀ ਕਤਲ ਦਾ ਕਾਰਨ ਹੋ ਸਕਦਾ ਹੈ।
ਹਸਪਤਾਲ ਦੇ ਇੱਕ ਡਾਕਟਰ ਦਾ ਦਾਅਵਾ ਹੈ ਕਿ ਪੀੜਤਾ ਨੇ ਇਸ ਬਾਰੇ ਪਹਿਲਾਂ ਸਿਹਤ ਭਵਨ ਵਿੱਚ ਸ਼ਿਕਾਇਤ ਕੀਤੀ ਸੀ। ਪਰ ਮੁਲਜ਼ਮਾਂ ਦੇ ਪ੍ਰਭਾਵ ਕਾਰਨ ਕੋਈ ਕਾਰਵਾਈ ਨਹੀਂ ਹੋਈ। ਟ੍ਰੇਨੀ ਡਾਕਟਰ ਪੂਰੇ ਮਾਮਲੇ ਦਾ ਸਬੂਤਾਂ ਸਮੇਤ ਸੋਸ਼ਲ ਮੀਡੀਆ ‘ਤੇ ਖੁਲਾਸਾ ਕਰਨ ਦੀ ਯੋਜਨਾ ਬਣਾ ਰਿਹਾ ਸੀ।
9 ਅਗਸਤ ਨੂੰ ਮੈਡੀਕਲ ਕਾਲਜ ਦੇ ਸੈਮੀਨਾਰ ਹਾਲ ‘ਚ ਇਕ ਟ੍ਰੇਨੀ ਡਾਕਟਰ ਦੀ ਲਾਸ਼ ਮਿਲੀ ਸੀ। ਪੋਸਟਮਾਰਟਮ ਰਿਪੋਰਟ ਵਿੱਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਰਿਪੋਰਟ ਮੁਤਾਬਕ ਉਸ ਦੇ ਗੁਪਤ ਅੰਗ ‘ਤੇ ਡੂੰਘਾ ਜ਼ਖਮ ਸੀ। ਗਲਾ ਘੁੱਟਣ ਕਾਰਨ ਥਾਇਰਾਇਡ ਕਾਰਟੀਲੇਜ ਟੁੱਟ ਗਿਆ ਸੀ। ਪੇਟ, ਬੁੱਲ੍ਹਾਂ, ਉਂਗਲਾਂ ਅਤੇ ਖੱਬੀ ਲੱਤ ‘ਤੇ ਸੱਟ ਦੇ ਨਿਸ਼ਾਨ ਹਨ।
ਉਸ ਦੇ ਮੂੰਹ ‘ਤੇ ਇੰਨੇ ਜ਼ੋਰ ਨਾਲ ਵਾਰ ਕੀਤੇ ਗਏ ਕਿ ਐਨਕਾਂ ਦਾ ਸ਼ੀਸ਼ਾ ਟੁੱਟ ਕੇ ਉਸ ਦੀਆਂ ਅੱਖਾਂ ‘ਚ ਜਾ ਵੜਿਆ। ਇਸ ਮਾਮਲੇ ਵਿੱਚ ਸੰਜੇ ਰਾਏ ਨਾਮ ਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਕੋਲਕਾਤਾ ਪੁਲਿਸ ਵਿੱਚ ਇੱਕ ਸਿਵਲ ਵਲੰਟੀਅਰ ਸੀ।
ਟ੍ਰੇਨੀ ਡਾਕਟਰ ਦੇ ਪਿਤਾ ਨੇ ਸ਼ਨੀਵਾਰ (17 ਅਗਸਤ) ਰਾਤ ਨੂੰ ਬੰਗਾਲੀ ਮੀਡੀਆ ਨੂੰ ਦੱਸਿਆ ਕਿ ਇਸ ਘਟਨਾ ਵਿੱਚ ਪੂਰਾ ਵਿਭਾਗ ਸ਼ਾਮਲ ਹੈ। ਹੁਣ ਇਹ ਵੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਕਤਲ ਤੋਂ ਬਾਅਦ ਕਿਤੇ ਹੋਰ ਸਬੂਤਾਂ ਨੂੰ ਨਸ਼ਟ ਕਰਨ ਲਈ ਲਾਸ਼ ਨੂੰ ਸੈਮੀਨਾਰ ਰੂਮ ਵਿੱਚ ਲਿਆਂਦਾ ਗਿਆ ਸੀ।
ਉਨ੍ਹਾਂ ਦੋਸ਼ ਲਾਇਆ ਕਿ ਸਬੂਤਾਂ ਨੂੰ ਨਸ਼ਟ ਕਰਨ ਲਈ ਸੈਮੀਨਾਰ ਹਾਲ ਨੇੜੇ ਮੁਰੰਮਤ ਦੇ ਨਾਂ ’ਤੇ ਭੰਨਤੋੜ ਕੀਤੀ ਗਈ। ਸ਼ੁੱਕਰਵਾਰ (16 ਅਗਸਤ) ਨੂੰ ਕਲਕੱਤਾ ਹਾਈ ਕੋਰਟ ਨੇ ਵੀ ਬੰਗਾਲ ਸਰਕਾਰ ਨੂੰ ਅਪਰਾਧ ਵਾਲੀ ਥਾਂ ਦੇ ਨੇੜੇ ਮੁਰੰਮਤ ਕਰਨ ਵਿੱਚ ਜਲਦਬਾਜ਼ੀ ਬਾਰੇ ਸਵਾਲ ਕੀਤਾ। ਸਰਕਾਰ ਨੇ ਕਿਹਾ ਕਿ ਡਾਕਟਰਾਂ ਦਾ ਆਰਾਮ ਕਮਰਾ ਬਣਾਉਣ ਲਈ ਇਹ ਢਾਹਿਆ ਗਿਆ ਸੀ।