ਕਾਲੇ ਕਾਨੂੰਨ ਦੇ ਮੁੱਦੇ ‘ਤੇ ਪੰਜਾਬ ਦੇ ਕਿਸਾਨਾਂ ਨਾਲ ਗਦਾਰੀ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇਣ : ‘ਆਪ’

  • ਪੁੱਤਰ ਨੂੰ ਈਡੀ ਕੇਸਾਂ ਤੋਂ ਬਚਾਉਣ ਲਈ ਕੈਪਟਨ ਨੇ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਕੋਲ ਵੇਚਿਆ : ਰਾਘਵ ਚੱਢਾ
  • ਕਾਲੇ ਕਾਨੂੰਨਾਂ ਦੀ ਆੜ ‘ਚ ਸੀ.ਸੀ.ਐਲ ਲੁੱਟਣ ਦੇ ਕਾਲੇ ਧੰਦੇ ਉੱਤੇ ਸਰਕਾਰ ਪਾ ਰਹੀ ਪਰਦਾ : ਕੁਲਤਾਰ ਸੰਧਵਾਂ

ਚੰਡੀਗੜ੍ਹ, 6 ਜਨਵਰੀ 2021 – ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋ ਖੇਤੀ ਬਾਰੇ ਕੇਂਦਰੀ ਕਾਲੇ ਕਾਨੂੰਨ ਸੂਬੇ ‘ਚ ਲਾਗੂ ਕਰਕੇ ਅਤੇ ਉਸ ਤੋਂ ਬਾਅਦ ਕਿਸਾਨਾਂ ਨੂੰ ਇਸ ਸਬੰਧੀ ਝੂਠ ਬੋਲ ਕੇ ਉਨ੍ਹਾਂ ਨਾਲ ਗ਼ਦਾਰੀ ਕਰਨ ਲਈ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਅੱਜ ਪਾਰਟੀ ਹੈੱਡਕੁਆਟਰ ਉੱਤੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਸੀਨੀਅਰ ਆਗੂ ਅਤੇ ‘ਆਪ’ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੁਬਾਰਾ ਪੱਤਰਕਾਰਾਂ ਸਾਹਮਣੇ ਇਹ ਕਬੂਲ ਕਰ ਲੈਣ ਕਿ ਪੰਜਾਬ ਵਿਚ ਕੇਂਦਰ ਦੇ ਤਿੰਨੇ ਖੇਤੀ ਕਾਨੂੰਨ ਲਾਗੂ ਹਨ ਅਤੇ ਇਸ ਸੀਜ਼ਨ ਵਿੱਚ ਝੋਨੇ ਦੀ ਖਰੀਦ ਇਨ੍ਹਾਂ ਕਾਨੂੰਨਾਂ ਦੇ ਅੰਤਰਗਤ ਹੀ ਕੀਤੀ ਗਈ ਹੈ ਅਤੇ ਉਹ ਬਾਹਰਲੇ ਸੂਬਿਆਂ ਤੋਂ ਆ ਰਹੇ ਝੋਨੇ ਨੂੰ ਪੰਜਾਬ ਵਿਚ ਵੇਚਣ ਤੋਂ ਇਸ ਲਈ ਨਹੀਂ ਰੋਕ ਸਕੇ ਕਿਉਂਕਿ ਕੇਂਦਰੀ ਕਾਨੂੰਨ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦੇ ਹਨ ਨਾਲ ਇਹ ਸਿੱਧ ਹੋ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਤਕ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਝੂਠ ਹੀ ਬੋਲ ਰਹੇ ਸਨ।

‘ਆਪ’ ਆਗੂਆਂ ਨੇ ਕਿਹਾ ਕਿ ਆਸ਼ੂ ਨੇ ਇਹ ਵੀ ਮੰਨਿਆ ਹੈ ਕਿ ਆਉਂਦੇ ਸੀਜ਼ਨ ਵਿਚ ਕਣਕ ਦੀ ਫਸਲ ਦੀ ਖਰੀਦ ਵੀ ਇਨ੍ਹਾਂ ਕੇਂਦਰੀ ਕਾਨੂੰਨਾਂ ਦੇ ਅਧੀਨ ਹੀ ਕੀਤੀ ਜਾਵੇਗੀ। ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਆਪਣੇ ਪੁੱਤਰ ਰਣਇੰਦਰ ਸਿੰਘ ਨੂੰ ਈਡੀ ਦੇ ਕੇਸਾਂ ਤੋਂ ਬਚਾਉਣ ਲਈ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਕਾਰਜ ਕਰ ਰਹੇ ਹਨ। ਇਸੇ ਦੇ ਤਹਿਤ ਹੀ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨੂੰ ਦਿੱਲੀ ਵਿਖੇ ਮਿਲਣ ਗਏ ਸਨ ਅਤੇ ਉਨ੍ਹਾਂ ਨੇ ਕਿਸਾਨਾਂ ਨਾਲ ਸਬੰਧਤ ਕਿਸੇ ਮੁੱਦੇ ਨੂੰ ਵੀ ਨਹੀਂ ਚੁੱਕਿਆ ਸਗੋਂ ਆਪਣੇ ਪਰਿਵਾਰ ਨੂੰ ਤਰਜੀਹ ਦਿੰਦੇ ਹੋਏ ਪੰਜਾਬ ਦੇ ਲੋਕਾਂ ਨੂੰ ਅਣਗੌਲਿਆਂ ਕੀਤਾ। ਇਕ ਪਾਸੇ ਤਾਂ ਕਿਸਾਨ ਆਪਣੀ ਹੋਂਦ ਨੂੰ ਬਚਾਉਣ ਲਈ ਕੜਾਕੇ ਦੀ ਠੰਢ ‘ਚ ਅੰਦੋਲਨ ਕਰ ਰਹੇ ਦੂਜੇ ਪਾਸੇ ਖੇਤੀ ਪ੍ਰਧਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਨਿੱਜੀ ਸੁਆਰਥਾਂ ਦੀ ਪੂਰਤੀ ਲਈ ਕਿਸਾਨਾਂ ਨਾਲ ਗਦਾਰੀ ਕਰ ਰਹੇ ਹਨ।

ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਡਰਾਮੇਬਾਜ਼ੀ ਕਰਦੇ ਹੋਏ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਕੇ ਇਹ ਕਾਨੂੰਨ ਰੱਦ ਕਰਦੇ ਹੋਏ ਨਵੇਂ ਖੇਤੀ ਕਾਨੂੰਨ ਸੂਬੇ ਵਿੱਚ ਲਾਗੂ ਨਾ ਕਰਨ ਦਾ ਦਾਅਵਾ ਕੀਤਾ ਸੀ ਪ੍ਰੰਤੂ ਉਸ ਤੋਂ ਬਾਅਦ ਨਾ ਤਾਂ ਵਿਧਾਨ ਸਭਾ ਦੀ ਕਾਰਵਾਈ ਨੂੰ ਰਾਸਟਰਪਤੀ ਤੱਕ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਐਡਵੋਕੇਟ ਜਨਰਲ ਨੇ ਇਸ ਨੂੰ ਆਧਾਰ ਬਣਾ ਕੇ ਅਦਾਲਤ ਵਿੱਚ ਕੋਈ ਚਾਰਾਜੋਈ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲੇ “ਸਰਕਾਰ ਕਿਸਾਨਾਂ ਨਾਲ” ਹੋਰਡਿੰਗ ਬੋਰਡ ਸੂਬਾ ਭਰ ‘ਚ ਲਗਾਕੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕੀਤਾ ਸੀ। ‘ਆਪ’ ਵੱਲੋਂ ਹਰ ਪਿੰਡ, ਮੁਹੱਲੇ, ਗਲੀ ‘ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਾਸੀਆਂ ਨਾਲ ਕੀਤੀ ਗਈ ਗਦਾਰੀ ਦਾ ਕੱਚਾ ਚਿੱਠਾ ਖੋਲ੍ਹਿਆ ਜਾਵੇਗਾ।

ਆਪ ਆਗੂਆਂ ਨੇ ਕਿਹਾ ਕਿ ਕਾਂਗਰਸ, ਅਕਾਲੀ ਤੇ ਭਾਜਪਾ ਨੇ ਇਕ ਨੀਤੀ ਦੇ ਤਹਿਤ ਕਾਰਪੋਰੇਟ ਘਰਾਣਿਆਂ ਲਈ ਕੰਮ ਕਰਦੇ ਹੋਏ ਇਹ ਕਾਲੇ ਕਾਨੂੰਨ ਬਣਾਏ ਹਨ। ਇਸੇ ਨੀਤੀ ‘ਤੇ ਚਲਦਿਆਂ ਕੈਪਟਨ ਅਮਰਿੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਬੋਲਣ ਦੀ ਬਜਾਏ ਕਿਸਾਨਾਂ ਲਈ ਇਕ ਸੇਵਾਦਾਰ ਵਜੋਂ ਕੰਮ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਕੂੜ ਪ੍ਰਚਾਰ ਕਰ ਰਹੇ ਹਨ। ਅਸਲ ਵਿੱਚ ਅਰਵਿੰਦ ਕੇਜਰੀਵਾਲ, ਕੈਪਟਨ ਅਮਰਿੰਦਰ ਸਿੰਘ ਦੇ ਆਕਾ ਨਰਿੰਦਰ ਮੋਦੀ ਦੇ ਹੁਕਮਾਂ ਦੇ ਉਲਟ ਜਾਂਦਿਆਂ ਕਿਸਾਨਾ ਦੀ ਸੇਵਾਦਾਰ ਬਣ ਕੇ ਹਰ ਸੰਭਵ ਸਹਾਇਤਾ ਕਰ ਰਹੇ ਹਨ ਇਸ ਲਈ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਖਲਿਾਫ ਬਿਆਨਬਾਜੀ ਕਰ ਰਹੇ ਹਨ।

ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੀ ਸੀ.ਸੀ.ਐਲ ਨੂੰ ਲੁੱਟਣ ਲਈ ਝੋਂਨਾ ਤਸਕਰਾਂ ਨੇ ਪੰਜਾਬ ਦੇ ਮੰਤਰੀਆਂ ਦੀ ਸ਼ਹਿ ਹੇਠ ਹੋਰਨਾਂ ਸੂਬਿਆਂ ਤੋਂ ਝੋਨਾ ਸਸਤੇ ਭਾਅ ਚ ਖਰੀਦ ਕੇ ਪੰਜਾਬ ਲਿਆ ਕੇ ਮਹਿੰਗੇ ਭਾਅ ਵਿਚ ਵੇਚਿਆ ਹੈ। ਇਸ ਵਾਰ ਕਿਸਾਨਾਂ ਨੇ ਬਾਹਰੋਂ ਆਈ ਫਸਲ ਨੂੰ ਜਦੋਂ ਫੜ੍ਹਿਆ ਤਾਂ ਹੁਣ ਕਾਲੇ ਕਾਨੂੰਨਾਂ ਦੀ ਆੜ ਵਿੱਚ ਪੰਜਾਬ ਸਰਕਾਰ ਇਸ ਕਾਲੇ ਧੰਦੇ ‘ਚ ਸ਼ਾਮਲ ਆਪਣੇ ਚਹੇਤਿਆਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਆਪ ਆਗੂ ਨੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਪੰਜਾਬ ਤੋਂ ਬਾਹਰੋਂ ਝੋਨੇ ਦੀ ਤਸਕਰੀ ਕਰ ਰਹੇ ਵਿਅਕਤੀਆਂ ਖਲਿਾਫ਼ ਕੀਤੀ ਹੋਈ ਕਾਰਵਾਈ ਜਨਤਕ ਕਰਨ ਅਤੇ ਦੱਸਣ ਕਿ ਉਨ੍ਹਾਂ ਨੇ ਹੁਣ ਤਕ ਕਿੰਨੇ ਲੋਕਾਂ ਖਲਿਾਫ ਕੇਸ ਦਰਜ ਕਰਵਾਏ ਹਨ। ਅਸਲ ਵਿੱਚ ਇਹ ਸਾਰਾ ਕੁਝ ਮੰਤਰੀ ਦੀ ਦੇਖ ਰੇਖ ਹੇਠ ਹੀ ਹੁੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗੋਰਖ ਧੰਦੇ ਦਾ ਸੱਚ ਸਾਹਮਣੇ ਲਿਆਉਣ ਲਈ ਆਮ ਆਦਮੀ ਪਾਰਟੀ ਝੋਨਾ ਤਸਕਰਾਂ ਨੂੰ ਪਨਾਹ ਦੇਣ ਵਾਲੇ ਮੰਤਰੀਆਂ ਖ਼ਿਲਾਫ਼ ਜਾਂਚ ਦੀ ਮੰਗ ਕਰਦੀ ਹੈ। ਭਾਜਪਾ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਸਬੰਧੀ ਉਨ੍ਹਾਂ ਕਿਹਾ ਕਿ ਭਾਜਪਾਈ ਕਿਸਾਨਾਂ ਅੰਦੋਲਨ ਨੂੰ ਬਦਨਾਮ ਕਰਨ ਲਈ ਤਰ੍ਹਾਂ-ਤਰ੍ਹਾਂ ਦੀ ਝੂਠੀ, ਬੇਬੁਨਿਆਦੀ ਦੁਸ਼ਣਬਾਜੀ ਕਰ ਰਹੇ ਹਨ। ਹੁਣ ਦੇਸ਼ ਦਾ ਅੰਨਦਾਤਾ ਇਨ੍ਹਾਂ ਦੀਆਂ ਲੂੰਬੜਚਾਲਾਂ ਨੂੰ ਜਾਣ ਚੁੱਕਿਆ ਹੈ।

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

ਕੈਪਟਨ ਵੱਲੋਂ ਪਟਿਆਲਾ, ਬਠਿੰਡਾ, ਫਾਜ਼ਿਲਕਾ ਤੇ ਮੋਗਾ ਦੇ 2816 ਝੁੱਗੀ-ਝੌਂਪੜੀ ਨਿਵਾਸੀਆਂ ਨੂੰ ਮਾਲਕਾਨਾ ਹੱਕ ਦੇਣ ਲਈ ਹਰੀ ਝੰਡੀ

ਪੰਜਾਬ ਮੰਡੀ ਬੋਰਡ ਨੇ ਨਾ ਪਹਿਲਾਂ ਬਾਹਰੋਂ ਆਈ ਫਸਲ ਸੂਬੇ ਦੀਆਂ ਮੰਡੀਆਂ ਵਿੱਚ ਵਿਕਣ ਦਿੱਤੀ ਨਾ ਹੀ ਭਵਿੱਖ ਵਿੱਚ ਅਜਿਹਾ ਹੋਣ ਦੇਵੇਗਾ – ਲਾਲ ਸਿੰਘ