ਨਵੀਂ ਦਿੱਲੀ, 24 ਅਗਸਤ 2024 – ਰੂਸ ਅਤੇ ਯੂਕਰੇਨ ਵਿਚਾਲੇ ਢਾਈ ਸਾਲ ਤੋਂ ਚੱਲੀ ਜੰਗ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਯੂਕਰੇਨ ਪਹੁੰਚੇ। ਇੱਥੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਵਿੱਚ ਮੋਦੀ ਨੇ ਕਿਹਾ ਕਿ, “ਭਾਰਤ ਹਮੇਸ਼ਾ ਸ਼ਾਂਤੀ ਦੇ ਪੱਖ ਵਿੱਚ ਰਿਹਾ ਹੈ। ਮੈਂ ਕੁਝ ਦਿਨ ਪਹਿਲਾਂ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਮਿਲਿਆ ਸੀ। ਫਿਰ ਮੈਂ ਮੀਡੀਆ ਦੇ ਸਾਹਮਣੇ ਉਨ੍ਹਾਂ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਦੇਖਿਆ ਅਤੇ ਉਨ੍ਹਾਂ ਨੂੰ ਕਿਹਾ ਕਿ ਇਹ ਜੰਗ ਦਾ ਸਮਾਂ ਨਹੀਂ ਹੈ।”
ਮੋਦੀ ਅਤੇ ਜ਼ੇਲੇਂਸਕੀ ਵਿਚਾਲੇ ਯੂਕਰੇਨ ਦੇ ਮਾਰਿਨਸਕੀ ਪੈਲੇਸ ‘ਚ ਕਰੀਬ 3 ਘੰਟੇ ਤੱਕ ਬੈਠਕ ਚੱਲੀ। ਉਨ੍ਹਾਂ ਨੇ ਜ਼ੇਲੇਂਸਕੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਬੈਠਕ ਤੋਂ ਬਾਅਦ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਦੋਹਾਂ ਨੇਤਾਵਾਂ ਨੇ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ‘ਤੇ ਵੀ ਗੱਲਬਾਤ ਕੀਤੀ। ਜੈਸ਼ੰਕਰ ਨੇ ਕਿਹਾ, “ਤੇਲ ਖਰੀਦਣ ਦਾ ਫੈਸਲਾ ਬਾਜ਼ਾਰ ਦੀ ਸਥਿਤੀ ਦੇ ਹਿਸਾਬ ਨਾਲ ਲਿਆ ਗਿਆ ਹੈ। ਇਸਦੇ ਪਿੱਛੇ ਕੋਈ ਸਿਆਸੀ ਕਾਰਨ ਨਹੀਂ ਹੈ।”
ਇਸ ਤੋਂ ਪਹਿਲਾਂ ਮੋਦੀ ਜ਼ੇਲੇਂਸਕੀ ਦੇ ਨਾਲ ਯੂਕਰੇਨ ਦੇ ਨੈਸ਼ਨਲ ਮਿਊਜ਼ੀਅਮ ਪਹੁੰਚੇ, ਜਿੱਥੇ ਉਨ੍ਹਾਂ ਨੇ ਜੰਗ ‘ਚ ਮਾਰੇ ਗਏ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਬੱਚਿਆਂ ਦੇ ਸਮਾਰਕ ‘ਤੇ ਇੱਕ ਗੁੱਡੀ ਵੀ ਰੱਖੀ।
ਇਸ ਤੋਂ ਪਹਿਲਾਂ ਪੀਐਮ ਮੋਦੀ 21 ਅਤੇ 22 ਅਗਸਤ ਨੂੰ ਦੋ ਦਿਨਾਂ ਪੋਲੈਂਡ ਦੌਰੇ ‘ਤੇ ਗਏ ਸਨ। ਇੱਥੇ ਉਨ੍ਹਾਂ ਨੇ ਇਕ ਵਾਰ ਫਿਰ ਗੱਲਬਾਤ ਰਾਹੀਂ ਯੂਕਰੇਨ ਸੰਕਟ ਦਾ ਹੱਲ ਲੱਭਣ ਦੀ ਗੱਲ ਕੀਤੀ। ਪੀਐਮ ਮੋਦੀ 22 ਅਗਸਤ ਨੂੰ ਦੇਰ ਰਾਤ ਇੱਕ ਵਿਸ਼ੇਸ਼ ਰੇਲਗੱਡੀ ਰਾਹੀਂ ਯੂਕਰੇਨ ਲਈ ਰਵਾਨਾ ਹੋਏ ਸਨ।
ਆਪਣਾ ਯੂਕਰੇਨ ਦੌਰਾ ਪੂਰਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਸ਼ਾਮ 7.30 ਵਜੇ ਪੋਲੈਂਡ ਤੋਂ ਕੀਵ ਲਈ ਰਵਾਨਾ ਹੋਏ। ਉਹ ਯੂਕਰੇਨ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ।
ਯੂਕਰੇਨ 1991 ਵਿੱਚ ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਬਣਿਆ ਸੀ। ਉਦੋਂ ਤੋਂ ਅੱਜ ਤੱਕ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਨੇ ਯੂਕਰੇਨ ਦਾ ਦੌਰਾ ਨਹੀਂ ਕੀਤਾ। ਦੋਵਾਂ ਦੇਸ਼ਾਂ ਵਿਚਾਲੇ 1992 ਵਿਚ ਕੂਟਨੀਤਕ ਸਬੰਧ ਸਥਾਪਿਤ ਹੋਏ ਸਨ।