- ਪ੍ਰਿੰਸੀਪਲ ਸਮੇਤ 4 ਅਧਿਆਪਕ ਵੀ ਗ੍ਰਿਫਤਾਰ
ਤਾਮਿਲਨਾਡੂ, 25 ਅਗਸਤ 2024 – ਤਾਮਿਲਨਾਡੂ ਦੇ ਕੋਇੰਬਟੂਰ ਦੇ ਇੱਕ ਸਕੂਲ ਵਿੱਚ 9 ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਵੀਂ ਜਮਾਤ ਦੀ ਵਿਦਿਆਰਥਣ ਨੇ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੀ ਟੀਮ ਨੂੰ ਦੱਸਿਆ ਕਿ ਨਟਰਾਜਨ ਨਾਂ ਦਾ ਅਧਿਆਪਕ ਵਾਧੂ ਕਲਾਸਾਂ ਦੇ ਨਾਂ ’ਤੇ ਕਈ ਮਹੀਨਿਆਂ ਤੋਂ ਉਸ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਸੀ।
ਇਸ ਤੋਂ ਬਾਅਦ ਟੀਮ ਨੇ ਸਕੂਲ ਦੀਆਂ ਹੋਰ ਵਿਦਿਆਰਥਣਾਂ ਤੋਂ ਪੁੱਛਗਿੱਛ ਕੀਤੀ। ਇਹ ਗੱਲ ਸਾਹਮਣੇ ਆਈ ਹੈ ਕਿ ਨਟਰਾਜਨ ਨੇ 7ਵੀਂ, 8ਵੀਂ ਅਤੇ 9ਵੀਂ ਜਮਾਤ ‘ਚ ਪੜ੍ਹਦੀਆਂ ਇਕ-ਦੋ ਨਹੀਂ ਸਗੋਂ 9 ਵਿਦਿਆਰਥਣਾਂ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ ਸੀ। ਨਟਰਾਜਨ ਸਕੂਲ ਵਿੱਚ ਇੰਟਰਮੀਡੀਏਟ ਅਧਿਆਪਕ ਸਨ। ਵਿਦਿਆਰਥੀਆਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਮੁੱਖ ਅਧਿਆਪਕ ਅਤੇ ਕਲਾਸ ਟੀਚਰ ਨੂੰ ਜਾਣੂ ਕਰਵਾਇਆ ਸੀ ਪਰ ਉਨ੍ਹਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ।
ਮਾਮਲਾ ਕੋਇੰਬਟੂਰ ਦੇ ਮੇੱਟੁਪਾਲਯਾਮ ਦੇ ਅਲੰਗਕੋੰਬੂ ਪਿੰਡ ਦਾ ਹੈ। 12 ਅਗਸਤ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ (ਡੀਸੀਪੀਯੂ) ਦੀ ਟੀਮ ਜਾਂਚ ਲਈ ਇੱਥੋਂ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਵਿੱਚ ਆਈ ਸੀ। ਇਸ ਟੀਮ ਨੂੰ ਸਕੂਲੀ ਬੱਚਿਆਂ ਨੂੰ ਜਿਨਸੀ ਹਿੰਸਾ, ਬਾਲ ਵਿਆਹ ਅਤੇ ਬਾਲ ਸਹਾਇਤਾ ਕੇਂਦਰਾਂ ਬਾਰੇ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਟੀਮ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਬਸ਼ਾ ਨੇ ਬੱਚਿਆਂ ਨਾਲ ਨਿੱਜੀ ਤੌਰ ’ਤੇ ਗੱਲਬਾਤ ਕੀਤੀ। ਇਸ ਦੌਰਾਨ 9ਵੀਂ ਜਮਾਤ ‘ਚ ਪੜ੍ਹਦੀ ਵਿਦਿਆਰਥਣ ਨੇ ਆਪਣੇ ਜਿਨਸੀ ਸ਼ੋਸ਼ਣ ਬਾਰੇ ਦੱਸਿਆ। ਟੀਮ ਨੇ ਸਕੂਲ ਦੀਆਂ ਕਈ ਹੋਰ ਵਿਦਿਆਰਥਣਾਂ ਨਾਲ ਅਗਲੇ 6 ਘੰਟੇ ਤੱਕ ਗੱਲਬਾਤ ਕੀਤੀ। ਇਸ ਵਿੱਚ 9 ਹੋਰ ਵਿਦਿਆਰਥਣਾਂ ਦੇ ਸ਼ੋਸ਼ਣ ਦਾ ਖੁਲਾਸਾ ਹੋਇਆ ਸੀ।
ਵਿਦਿਆਰਥੀਆਂ ਨੇ ਹਬਸ਼ਾ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਵੱਖ-ਵੱਖ ਮੌਕਿਆਂ ‘ਤੇ ਲਗਭਗ ਸਾਰੇ ਅਧਿਆਪਕਾਂ ਨੂੰ ਜਾਣੂ ਕਰਵਾਇਆ ਪਰ ਕਿਸੇ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ | ਕਈਆਂ ਨੇ ਤਾਂ ਚੁੱਪ ਰਹਿਣ ਅਤੇ ਗੱਲ ਕਿਸੇ ਨੂੰ ਨਾ ਦੱਸਣ ਦੀ ਹਦਾਇਤ ਵੀ ਕੀਤੀ। ਦੋਸ਼ੀ ਅਧਿਆਪਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਅਗਲੇ ਹੁਕਮਾਂ ਤੱਕ ਸਕੂਲ ਬੰਦ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਹਬਸ਼ਾ ਨੇ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਤੇਵਰ ਨਟਰਾਜਨ ਸਮੇਤ 11 ਲੋਕਾਂ ਖ਼ਿਲਾਫ਼ ਸਿਰਮੁਗਈ ਥਾਣੇ ਵਿੱਚ ਪੋਕਸੋ ਤਹਿਤ ਕੇਸ ਦਰਜ ਕੀਤਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੋਸ਼ੀ ਨਟਰਾਜਨ ਨੂੰ 22 ਅਗਸਤ ਨੂੰ ਗ੍ਰਿਫਤਾਰ ਕਰ ਲਿਆ।
ਨਟਰਾਜਨ ਨੂੰ ਕੋਇੰਬਟੂਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 26 ਅਗਸਤ ਤੱਕ ਪੁਲਸ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਨਟਰਾਜਨ ਦੀ ਗ੍ਰਿਫਤਾਰੀ ਤੋਂ ਬਾਅਦ ਜ਼ਿਲ੍ਹਾ ਅਧਿਕਾਰੀ ਦੇ ਨਿਰਦੇਸ਼ਾਂ ‘ਤੇ ਸਕੂਲ ਦੀ ਪ੍ਰਿੰਸੀਪਲ ਜਮੁਨਾ ਅਤੇ ਅਧਿਆਪਕਾਂ ਸ਼ਨਮੁਗਵਾਦਿਵੂ, ਗੀਤਾ, ਸ਼ਿਆਮਲਾ ਅਤੇ 5 ਅਧਿਆਪਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਇਨ੍ਹਾਂ ਸਾਰਿਆਂ ‘ਤੇ ਮਾਮਲੇ ਬਾਰੇ ਪਤਾ ਹੋਣ ਦੇ ਬਾਵਜੂਦ ਇਸ ਨੂੰ ਨਾ ਰੋਕਣ, ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨ ਅਤੇ ਪੁਲਸ ਨੂੰ ਸੂਚਨਾ ਨਾ ਦੇਣ ਦਾ ਦੋਸ਼ ਹੈ। ਉਧਰ, ਪ੍ਰਿੰਸੀਪਲ ਜਮੁਨਾ ਨੇ ਪੁਲੀਸ ਨੂੰ ਬਿਆਨ ਦਿੱਤਾ ਹੈ ਕਿ ਉਸ ਨੇ ਇਸ ਮਾਮਲੇ ਬਾਰੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ 6 ਅਗਸਤ ਨੂੰ ਸੂਚਿਤ ਕੀਤਾ ਸੀ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਬਾਲਮੁਰਲੀ ਨੇ ਦੱਸਿਆ ਕਿ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕਾਰਨ ਨਟਰਾਜਨ ਨੂੰ ਇੱਕ ਹਫ਼ਤਾ ਪਹਿਲਾਂ ਮੁਅੱਤਲ ਕੀਤਾ ਗਿਆ ਸੀ ਅਤੇ ਹੁਣ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਨੂੰ ਦਬਾਉਣ ਲਈ ਚਾਰ ਹੋਰ ਅਧਿਆਪਕਾਂ ਨੂੰ ਵੀ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਜਾਂਚ ਤੋਂ ਬਾਅਦ ਸਾਰਿਆਂ ਨੂੰ ਬਰਖਾਸਤ ਕਰਨ ਦੀ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਬਾਲਮੁਰਲੀ ਨੇ ਦੱਸਿਆ ਕਿ ਪੋਕਸੋ ਮਾਮਲੇ ਵਿੱਚ ਗ੍ਰਿਫ਼ਤਾਰ ਨਟਰਾਜਨ ਪਹਿਲਾਂ ਅਨੂਰ ਨੇੜੇ ਕੱਟਮਪੱਟੀ ਸਕੂਲ ਵਿੱਚ ਕੰਮ ਕਰਦਾ ਸੀ। ਉੱਥੇ ਵੀ, ਇਸੇ ਸ਼ਿਕਾਇਤ ‘ਤੇ ਉਸ ਦੇ ਖਿਲਾਫ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਹ ਕੁਝ ਮਹੀਨੇ ਜੇਲ੍ਹ ਵੀ ਗਿਆ। ਹਾਲਾਂਕਿ ਅਸੀਂ ਇਸ ਗੱਲ ਦੀ ਜਾਂਚ ਕਰ ਰਹੇ ਹਾਂ ਕਿ ਉਹ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਆਸਾਨੀ ਨਾਲ ਕਿਸੇ ਹੋਰ ਸਕੂਲ ਵਿੱਚ ਡਿਊਟੀ ਕਿਵੇਂ ਜੁਆਇਨ ਕਰ ਗਿਆ।
ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਨਾਲ ਜੁੜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਪਿਛਲੇ 2 ਮਹੀਨਿਆਂ ਤੋਂ ਵਿਦਿਆਰਥਣਾਂ ਨਾਲ ਇਤਰਾਜ਼ਯੋਗ ਹਰਕਤਾਂ ਕਰ ਰਿਹਾ ਸੀ। ਸਕੂਲ ਖ਼ਤਮ ਹੋਣ ਤੋਂ ਬਾਅਦ ਉਹ ਵਾਧੂ ਕਲਾਸਾਂ ਦੇ ਨਾਂ ‘ਤੇ ਵਿਦਿਆਰਥਣਾਂ ਨੂੰ ਰੋਕਦਾ ਸੀ ਅਤੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਸ ਖ਼ਿਲਾਫ਼ ਪਹਿਲਾਂ ਹੀ ਦਰਜ ਕੇਸ ਦੀ ਜਾਂਚ ਜਾਰੀ ਹੈ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਉਹ ਆਦਤਨ ਅਪਰਾਧੀ ਹੈ। ਪੀੜਤ ਵਿਦਿਆਰਥਣਾਂ ਵਿੱਚੋਂ ਕੁਝ ਨੇ ਇਸ ਸਬੰਧੀ ਆਪਣੇ ਮਾਪਿਆਂ ਨੂੰ ਵੀ ਸੂਚਿਤ ਕੀਤਾ ਸੀ ਪਰ ਕੋਈ ਵੀ ਸਾਡੇ ਕੋਲ ਸ਼ਿਕਾਇਤ ਲੈ ਕੇ ਨਹੀਂ ਆਇਆ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਅਸੀਂ ਉਨ੍ਹਾਂ ਸਕੂਲਾਂ ਵਿੱਚ ਵੀ ਜਾ ਕੇ ਜਾਂਚ ਕਰ ਰਹੇ ਹਾਂ ਜਿੱਥੇ ਮੁਲਜ਼ਮ ਪਹਿਲਾਂ ਕੰਮ ਕਰ ਚੁੱਕਾ ਹੈ।