ਨਵੀਂ ਦਿੱਲੀ, 26 ਅਗਸਤ 2024 – ਬੰਗਲਾਦੇਸ਼ ਨੇ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਪਾਕਿਸਤਾਨ ਨੂੰ ਹਰਾਇਆ ਹੈ। ਬੰਗਲਾਦੇਸ਼ ਦੀ ਟੀਮ ਨੇ ਰਾਵਲਪਿੰਡੀ ‘ਚ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ 10 ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਦੋਵੇਂ ਟੀਮਾਂ 14 ਵਾਰ ਆਹਮੋ-ਸਾਹਮਣੇ ਹੋਈਆਂ ਸਨ, ਜਿਨ੍ਹਾਂ ‘ਚੋਂ ਪਾਕਿਸਤਾਨ ਨੇ 12 ਮੈਚ ਜਿੱਤੇ ਸਨ। ਇੱਕ ਮੈਚ ਡਰਾਅ ਰਿਹਾ ਅਤੇ ਇੱਕ ਮੈਚ ਰੱਦ ਹੋ ਗਿਆ। ਦੋਵਾਂ ਟੀਮਾਂ ਨੇ ਸਾਲ 2001 ‘ਚ ਪਹਿਲੀ ਵਾਰ ਟੈਸਟ ਮੈਚ ਖੇਡਿਆ ਸੀ।
ਐਤਵਾਰ ਨੂੰ ਪਾਕਿਸਤਾਨ ਦੀ ਟੀਮ ਨੇ ਆਪਣੀ ਦੂਜੀ ਪਾਰੀ ਨੂੰ 23/1 ਦੇ ਸਕੋਰ ਨਾਲ ਅੱਗੇ ਵਧਾਇਆ। ਪਾਕਿਸਤਾਨ ਦੀ ਟੀਮ 146 ਦੌੜਾਂ ‘ਤੇ ਆਲ ਆਊਟ ਹੋ ਗਈ। ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ 51 ਦੌੜਾਂ ਦੀ ਪਾਰੀ ਖੇਡੀ। ਜਦੋਂ ਕਿ ਸਲਾਮੀ ਬੱਲੇਬਾਜ਼ ਅਬਦੁੱਲਾ ਸ਼ਫੀਕ 37 ਦੌੜਾਂ ਬਣਾ ਕੇ ਆਊਟ ਹੋਏ ਅਤੇ ਬਾਬਰ ਆਜ਼ਮ 22 ਦੌੜਾਂ ਬਣਾ ਕੇ ਆਊਟ ਹੋਏ। ਬੰਗਲਾਦੇਸ਼ ਲਈ ਮੇਹਦੀ ਹਸਨ ਮਿਰਾਜ ਨੇ 4 ਵਿਕਟਾਂ ਲਈਆਂ। ਜਦਕਿ ਸ਼ਾਕਿਬ ਅਲ ਹਸਨ ਨੇ 3 ਵਿਕਟਾਂ ਹਾਸਲ ਕੀਤੀਆਂ।
ਇਸ ਤਰ੍ਹਾਂ ਬੰਗਲਾਦੇਸ਼ ਨੂੰ ਜਿੱਤ ਲਈ 30 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਉਸ ਨੇ ਬਿਨਾਂ ਕੋਈ ਵਿਕਟ ਗੁਆਏ ਹਾਸਲ ਕਰ ਲਿਆ। ਪਾਕਿਸਤਾਨ ਨੇ ਪਹਿਲੀ ਪਾਰੀ 448/6 ਦੇ ਸਕੋਰ ‘ਤੇ ਐਲਾਨ ਦਿੱਤੀ ਸੀ। ਜਵਾਬ ‘ਚ ਬੰਗਲਾਦੇਸ਼ ਨੇ ਆਪਣੀ ਪਹਿਲੀ ਪਾਰੀ ‘ਚ 565 ਦੌੜਾਂ ਬਣਾਈਆਂ ਸਨ।