ਹੁਸ਼ਿਆਰਪੁਰ, 26 ਅਗਸਤ 2024 – ਸੋਮਵਾਰ ਸਵੇਰੇ ਹੁਸ਼ਿਆਰਪੁਰ ‘ਚ ਅੰਮ੍ਰਿਤਸਰ-ਹੁਸ਼ਿਆਰਪੁਰ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਅੰਮ੍ਰਿਤਸਰ ਪੁਲਿਸ ਮੁਕਾਬਲੇ ਤੋਂ ਬਾਅਦ ਫੜੇ ਗਏ ਬਦਮਾਸ਼ਾਂ ਨੂੰ ਲੈ ਕੇ ਰਵਾਨਾ ਹੋ ਗਈ ਹੈ।
ਹੁਸ਼ਿਆਰਪੁਰ ਦੇ ਬੇਹੱਦ ਭੀੜ-ਭੜੱਕੇ ਵਾਲੇ ਗਊਸ਼ਾਲਾ ਬਾਜ਼ਾਰ ‘ਚ ਗੈਂਗਸਟਰਾਂ ਦੇ ਲੁਕੇ ਹੋਣ ਦੀ ਖਬਰ ਤੋਂ ਬਾਅਦ ਪੂਰਾ ਬਾਜ਼ਾਰ ਪੁਲਸ ਛਾਉਣੀ ‘ਚ ਤਬਦੀਲ ਹੋ ਗਿਆ ਸੀ। ਐਨਕਾਊਂਟਰ ਤੋਂ ਬਾਅਦ ਪੁਲਿਸ ਨੇ 3 ਗੈਂਗਸਟਰਾਂ ਨੂੰ ਐਸਡੀ ਸਕੂਲ ਨੇੜਿਓਂ ਹਿਰਾਸਤ ਵਿੱਚ ਲੈ ਲਿਆ। ਦੱਸਿਆ ਜਾਂਦਾ ਹੈ ਕਿ ਅੰਮ੍ਰਿਤਸਰ ਦੇ ਤਿੰਨ ਗੈਂਗਸਟਰ ਗਊਸ਼ਾਲਾ ਬਾਜ਼ਾਰ ਸਥਿਤ ਧਰਮਸ਼ਾਲਾ ਵਿੱਚ ਲੁਕੇ ਹੋਏ ਸਨ।
ਅੰਮ੍ਰਿਤਸਰ ਪੁਲਿਸ ਇਨ੍ਹਾਂ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ। ਸੂਚਨਾ ਮਿਲੀ ਹੈ ਕਿ ਇਹ ਗੈਂਗਸਟਰ ਐਨਆਰਆਈ ਗੋਲੀ ਕਾਂਡ ਵਿੱਚ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ 3 ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਗੱਡੀਆਂ ‘ਚ ਬਿਠਾ ਕੇ ਲੈ ਗਈ।
ਹੁਸ਼ਿਆਰਪੁਰ ਦੇ ਐਸਪੀ ਸਰਵਜੀਤ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੀ ਸਭ ਤੋਂ ਪੁਰਾਣੀ ਧਰਮਸ਼ਾਲਾ ਵਿੱਚ ਗੈਂਗਸਟਰ ਠਹਿਰੇ ਹੋਏ ਹਨ। ਉਸ ਨੇ ਧਰਮਸ਼ਾਲਾ ਵਿੱਚ ਆਪਣਾ ਆਧਾਰ ਕਾਰਡ ਵੀ ਜਮ੍ਹਾਂ ਕਰਵਾਇਆ ਸੀ। ਅੱਜ ਸਵੇਰੇ ਅੰਮ੍ਰਿਤਸਰ ਪੁਲਿਸ ਅਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਗਿਆ। ਐਸਪੀ ਸਰਵਜੀਤ ਨੇ ਦੱਸਿਆ ਕਿ ਤਿੰਨੋਂ ਹੀ ਅੰਮ੍ਰਿਤਸਰ ਕੇਸ ਦੇ ਮੁਲਜ਼ਮ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।