ਅਰੁਣਾਚਲ ਪ੍ਰਦੇਸ਼, 28 ਅਗਸਤ 2024 – ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬਨਸਿਰੀ ਜ਼ਿਲੇ ‘ਚ ਮੰਗਲਵਾਰ (27 ਅਗਸਤ) ਨੂੰ ਫੌਜ ਦਾ ਇਕ ਟਰੱਕ ਡੂੰਘੀ ਖੱਡ ‘ਚ ਡਿੱਗ ਗਿਆ। ਇਸ ਹਾਦਸੇ ‘ਚ ਫੌਜ ਦੇ 3 ਜਵਾਨ ਸ਼ਹੀਦ ਹੋ ਗਏ ਅਤੇ 4 ਜ਼ਖਮੀ ਹੋ ਗਏ। ਜਵਾਨਾਂ ਦੀ ਪਛਾਣ ਹੌਲਦਾਰ ਨਖਤ ਸਿੰਘ, ਨਾਇਕ ਮੁਕੇਸ਼ ਕੁਮਾਰ ਅਤੇ ਗ੍ਰੇਨੇਡੀਅਰ ਆਸ਼ੀਸ਼ ਵਜੋਂ ਹੋਈ ਹੈ।
ਈਟਾਨਗਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ‘ਚ ਤਿੰਨੋਂ ਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚਾਰ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਫੌਜ ਦੀ ਪੂਰਬੀ ਕਮਾਂਡ ਨੇ ਜਵਾਨਾਂ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਬਾੜਮੇਰ ਦੇ ਪਿੰਡ ਹਰਸਾਣੀ ਦਾ ਬਾਜ਼ਾਰ ਸੋਗ ਵਿੱਚ ਪੂਰੀ ਤਰ੍ਹਾਂ ਬੰਦ ਹੈ।
ਹੌਲਦਾਰ ਨਖਤ ਸਿੰਘ ਦੀ ਮ੍ਰਿਤਕ ਦੇਹ ਵੀਰਵਾਰ (29 ਅਗਸਤ) ਨੂੰ ਸਵੇਰੇ ਕਰੀਬ 11 ਵਜੇ ਬਾੜਮੇਰ ਲਿਆਂਦੀ ਜਾਵੇਗੀ। ਅਸਾਮ ਦੇ ਡਿਬਰੂਗੜ੍ਹ ਏਅਰਬੇਸ ਤੋਂ ਹੈਲੀਕਾਪਟਰ ਰਾਹੀਂ ਮ੍ਰਿਤਕ ਦੇਹਾਂ ਨੂੰ ਸਭ ਤੋਂ ਪਹਿਲਾਂ ਦਿੱਲੀ ਲਿਆਂਦਾ ਜਾਵੇਗਾ। ਦਿੱਲੀ ਤੋਂ ਉਨ੍ਹਾਂ ਦੇ ਜੱਦੀ ਪਿੰਡ ਲਿਆਂਦਾ ਜਾਵੇਗਾ।
ਭਾਰਤੀ ਫੌਜ ਦੀ ਪੂਰਬੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਆਰ.ਸੀ. ਤਿਵਾੜੀ ਅਤੇ ਸਾਰੇ ਰੈਂਕਾਂ ਨੇ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਲਿਖਿਆ ਹੈ ਕਿ “ਭਾਰਤੀ ਫੌਜ ਦੁਖੀ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।”