- ਮਮਤਾ ਨੇ ਕਿਹਾ- ਬਲਾਤਕਾਰੀ ਨੂੰ ਹੋਣੀ ਚਾਹੀਦੀ ਹੈ ਫਾਂਸੀ
ਕੋਲਕਾਤਾ, 29 ਅਗਸਤ 2024 – ਕੋਲਕਾਤਾ ‘ਚ ਇਕ ਟ੍ਰੇਨੀ ਡਾਕਟਰ ਦੇ ਬਲਾਤਕਾਰ-ਕਤਲ ਤੋਂ ਬਾਅਦ ਪੱਛਮੀ ਬੰਗਾਲ ਸਰਕਾਰ ਅਜਿਹੇ ਅਪਰਾਧਾਂ ਲਈ ਨਵਾਂ ਕਾਨੂੰਨ ਲਿਆ ਰਹੀ ਹੈ। ਬੁੱਧਵਾਰ (28 ਅਗਸਤ) ਨੂੰ ਪੱਛਮੀ ਬੰਗਾਲ ਦੀ ਕੈਬਨਿਟ ਨੇ ਬਲਾਤਕਾਰ ਨੂੰ ਰੋਕਣ ਅਤੇ ਸਖ਼ਤ ਸਜ਼ਾ ਦੀ ਵਿਵਸਥਾ ਕਰਨ ਲਈ ਇੱਕ ਨਵਾਂ ਬਿੱਲ ਪੇਸ਼ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਬਿੱਲ ਅਗਲੇ ਹਫ਼ਤੇ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ।
ਕੈਬਨਿਟ ਮੈਂਬਰ ਅਤੇ ਰਾਜ ਦੇ ਖੇਤੀਬਾੜੀ ਮੰਤਰੀ ਸ਼ੋਭਨਦੇਵ ਚਟੋਪਾਧਿਆਏ ਨੇ ਕਿਹਾ ਕਿ ਉਹ ਸਪੀਕਰ ਬਿਮਨ ਬੰਦੋਪਾਧਿਆਏ ਨੂੰ 2 ਸਤੰਬਰ ਤੋਂ ਵਿਧਾਨ ਸਭਾ ਦਾ ਦੋ ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਬੇਨਤੀ ਕਰਨਗੇ। ਚਟੋਪਾਧਿਆਏ ਨੇ ਕਿਹਾ, ਨਵਾਂ ਬਿੱਲ 3 ਸਤੰਬਰ ਨੂੰ ਵਿਧਾਨ ਸਭਾ ‘ਚ ਪੇਸ਼ ਕੀਤਾ ਜਾਵੇਗਾ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਰਾਜ ਵਿੱਚ ਬਲਾਤਕਾਰ ਲਈ ਮੌਤ ਦੀ ਸਜ਼ਾ ਨੂੰ ਲਾਜ਼ਮੀ ਬਣਾਉਣ ਲਈ ਕਾਨੂੰਨ ਵਿੱਚ ਬਦਲਾਅ ਕਰੇਗੀ। ਇਸ ਸੋਧ ਨੂੰ ਅਗਲੇ ਹਫ਼ਤੇ ਵਿਧਾਨ ਸਭਾ ਵਿੱਚ ਪਾਸ ਕਰ ਦਿੱਤਾ ਜਾਵੇਗਾ। ਬਲਾਤਕਾਰ ਲਈ ਇੱਕ ਹੀ ਸਜ਼ਾ ਹੋਣੀ ਚਾਹੀਦੀ ਹੈ – ਫਾਂਸੀ, ਫਾਂਸੀ, ਫਾਂਸੀ।
ਮਮਤਾ ਆਪਣੀ ਪਾਰਟੀ ਦੇ ਵਿਦਿਆਰਥੀ ਵਿੰਗ ਦੇ ਸਥਾਪਨਾ ਦਿਵਸ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੀ ਸੀ। ਮਮਤਾ ਨੇ ਅੱਗੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਬਲਾਤਕਾਰੀਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਕੇਂਦਰ ‘ਤੇ ਦਬਾਅ ਬਣਾਉਣ ਲਈ 31 ਅਗਸਤ ਤੋਂ ਅੰਦੋਲਨ ਸ਼ੁਰੂ ਕਰੇਗੀ।
ਮਮਤਾ ਨੇ ਕੋਲਕਾਤਾ ‘ਚ ਇਕ ਰੈਲੀ ‘ਚ ਕਿਹਾ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਹ ਬੰਗਲਾਦੇਸ਼ ਹੈ। ਮੈਂ ਬੰਗਲਾਦੇਸ਼ ਨੂੰ ਪਿਆਰ ਕਰਦੀ ਹਾਂ। ਉਹ ਸਾਡੇ ਵਾਂਗ ਗੱਲਾਂ ਕਰਦੇ ਹਨ ਅਤੇ ਸਾਡਾ ਸੱਭਿਆਚਾਰ ਵੀ ਸਮਾਨ ਹੈ, ਪਰ ਯਾਦ ਰੱਖੋ ਬੰਗਲਾਦੇਸ਼ ਇੱਕ ਵੱਖਰਾ ਦੇਸ਼ ਹੈ ਅਤੇ ਭਾਰਤ ਇੱਕ ਵੱਖਰਾ ਦੇਸ਼ ਹੈ।
ਮਮਤਾ ਨੇ ਭਾਜਪਾ ਦੇ ਬੰਗਾਲ ਬੰਦ ਦੌਰਾਨ ਪ੍ਰਦਰਸ਼ਨਾਂ ਅਤੇ ਅੱਗਜ਼ਨੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸੂਬੇ ‘ਚ ਅੱਗ ਲਗਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ- ਮੋਦੀ ਬਾਬੂ ਕੋਲਕਾਤਾ ਦੇ ਬਲਾਤਕਾਰ-ਕਤਲ ਮਾਮਲੇ ‘ਚ ਆਪਣੀ ਪਾਰਟੀ ਦਾ ਇਸਤੇਮਾਲ ਕਰਕੇ ਬੰਗਾਲ ਨੂੰ ਅੱਗ ਲਗਾ ਰਹੇ ਹਨ। ਬੰਗਾਲ, ਅਸਾਮ, ਉੱਤਰ-ਪੂਰਬ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਉੜੀਸਾ, ਦਿੱਲੀ ਵੀ ਸੜ ਜਾਣਗੇ। ਅਸੀਂ ਤੁਹਾਡੀ ਕੁਰਸੀ ਨੂੰ ਢਾਹ ਦੇਵਾਂਗੇ।