ਚੰਡੀਗੜ੍ਹ, 29 ਅਗਸਤ 2024 – ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇਤਾ ਦੁਸ਼ਯੰਤ ਚੌਟਾਲਾ ਨੂੰ ਬਿਨਾਂ ਹੈਲਮੇਟ ਦੇ ਮੋਟਰਸਾਈਕਲ ਚਲਾਉਣਾ ਮਹਿੰਗਾ ਪੈ ਗਿਆ। ਫਰੀਦਾਬਾਦ ਪੁਲਿਸ ਨੇ ਉਸ ਮੋਟਰਸਾਈਕਲ ਦਾ ਚਲਾਨ ਜਾਰੀ ਕੀਤਾ ਹੈ ਜਿਸ ‘ਤੇ ਚੌਟਾਲਾ ਬਿਨਾਂ ਹੈਲਮੇਟ ਦੇ ਸਵਾਰ ਸੀ।
ਦਰਅਸਲ, ਦੁਸ਼ਯੰਤ ਨੇ 25 ਅਗਸਤ ਨੂੰ ਮੋਟਰਸਾਈਕਲ ਰੈਲੀ ਦੌਰਾਨ ਇਹ ਦੋਪਹੀਆ ਵਾਹਨ ਚਲਾਇਆ ਸੀ। ਇਸ ਦੀ ਵੀਡੀਓ ਜਨਤਕ ਹੋਣ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਹਾਲਾਂਕਿ ਇਹ ਮੋਟਰਸਾਈਕਲ ਦੁਸ਼ਯੰਤ ਚੌਟਾਲਾ ਦਾ ਨਹੀਂ ਹੈ, ਸਗੋਂ ਉਨ੍ਹਾਂ ਦੇ ਸਮਰਥਕ ਦੇ ਨਾਂ ‘ਤੇ ਰਜਿਸਟਰਡ ਹੈ। ਅਧਿਕਾਰੀਆਂ ਮੁਤਾਬਕ ਸਾਬਕਾ ਉਪ ਮੁੱਖ ਮੰਤਰੀ ਨੇ ਲਾਲ ਰੰਗ ਦਾ ਮੋਟਰਸਾਈਕਲ ਚਲਾਇਆ ਜੋ ਰਿਆਸਤ ਅਲੀ ਦੇ ਨਾਂ ‘ਤੇ ਰਜਿਸਟਰਡ ਹੈ। ਦੁਸ਼ਯੰਤ ਚੌਟਾਲਾ ਅਤੇ ਉਸ ਦੇ ਪਿੱਛੇ ਇਕ ਹੋਰ ਵਿਅਕਤੀ ਬਿਨਾਂ ਹੈਲਮੇਟ ਦੇ ਬੈਠੇ ਸਨ, ਇਸ ਲਈ 2,000 ਰੁਪਏ ਦਾ ਚਲਾਨ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਐਤਵਾਰ ਯਾਨੀ 25 ਅਗਸਤ ਨੂੰ ਦੁਸ਼ਯੰਤ ਚੌਟਾਲਾ ਰੈਲੀ ਕਰਨ ਫਰੀਦਾਬਾਦ ਦੇ ਗੋਂਚੀ ਪਹੁੰਚੇ ਸਨ, ਜਿੱਥੇ ਜੇਜੇਪੀ ਨੇ ਜਨਸਭਾ ਤੋਂ ਪਹਿਲਾਂ ਮੋਟਰਸਾਈਕਲ ਰੈਲੀ ਕੱਢੀ ਸੀ। ਇਸ ਮਾਮਲੇ ‘ਚ ਫਰੀਦਾਬਾਦ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਸਾਡੇ ਕੋਲ ਜਿਨ੍ਹਾਂ ਮੋਟਰਸਾਈਕਲਾਂ ਦੇ ਨੰਬਰ ਆਏ ਸਨ, ਉਨ੍ਹਾਂ ਦੇ ਚਲਾਨ ਕੱਟ ਦਿੱਤੇ ਗਏ ਹਨ। ਫਿਲਹਾਲ 15 ਚਲਾਨ ਜਾਰੀ ਕੀਤੇ ਗਏ ਹਨ। ਬਿਨਾਂ ਹੈਲਮੇਟ ਵਾਲੇ ਵਾਹਨ ਚਾਲਕਾਂ ਦਾ 1000 ਰੁਪਏ ਦਾ ਚਲਾਨ ਅਤੇ ਬਿਨਾਂ ਹੈਲਮੇਟ ਸਵਾਰੀ ਕਰਨ ਵਾਲੇ ਦੋ ਵਿਅਕਤੀਆਂ ਦਾ 2000 ਰੁਪਏ ਦਾ ਚਲਾਨ ਕੀਤਾ ਗਿਆ ਹੈ।