- 26ਜਨਵਰੀ ਦੀ ਕੀਤੀ ਗਈ ਰਿਹੱਸਲ, ਚੌਤਰਫਿਉ ਦਿੱਲੀ ਕੀਤੀ ਗਈ ਜਾਮ
ਨਵੀਂ ਦਿੱਲੀ, 7 ਜਨਵਰੀ 2021 – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚਤਾਲਾ ਨੇ ਪੈ੍ਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਹਜ਼ਾਰਾਂ ਟ੍ਰੈਕਟਰਾ ਉੱਤੇ ਸਵਾਰ ਹੋਕੇ ਸਿਘੂ ਬਾਡਰ ਤੋਂ ਕੇ,ਐਮ,ਪੀ ਹਾਈਵੇ ਉੱਤੇ ਵਿਸ਼ਾਲ ਟਰੈਕਟਰ ਪਰੇਡ ਮਾਰਚ ਕੀਤੀ ਗਈ ਜੋ ਕਿ 26 ਜਨਵਰੀ ਨੂੰ ਰਾਜਪੱਥ ਇੰਡੀਆ ਗੇਟ ਤੇ ਗਣਰਾਜ ਦਿਵਸ ਨੂੰ ਸਮਰਪਿਤ ਕੀਤੀ ਜਾਣ ਵਾਲੀ ਵਿਸ਼ਾਲ ਟਰੈਕਟਰ ਪਰੇਡ ਮਾਰਚ ਦੀ ਰਿਹੱਸਲ ਹੈ।
ਇਸ ਵਿਸ਼ਾਲ ਟਰੈਕਟਰ ਮਾਰਚ ਨੂੰ ਰਵਾਨਾ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ,ਮੀਤ ਪ੍ਰਧਾਨ ਸਵਿੰਦਰ ਸਿੰਘ ਚਤਾਲਾ, ਜਸਬੀਰ ਸਿੰਘ ਪਿੱਦੀ ਨੇ ਕਿਹਾ ਕਿ ਮੋਦੀ ਸਰਕਾਰ 133 ਕਰੋੜ ਜਨਤਾ ਦੀ ਆਵਾਜ਼ ਨਾ ਸੁਣਕੇ ਤਾਨਾਂ ਸ਼ਾਹੀ ਰਵੱਈਆ ਅਪਨਾ ਰਹੀ ਹੈ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ। ਇੱਕ ਪਾਸੇ ਕਿਸਾਨ ਜਥੇਬੰਦੀਆਂ ਨਾਲ ਮਸਲੇ ਦੇ ਹੱਲ ਲਈ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਵਣਜ ਮੰਤਰੀ ਪਿਯੂਸ਼ ਗੋਇਲ ਕਹਿ ਰਹੇ ਹਨ ਕਿ ਦੇਸ਼ ਦੇ ਕਿਸਾਨ ਸੰਗਠਨ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਹਨ ਅੰਦੋਲਨਕਾਰੀ ਕਿਸਾਨਾਂ ਨੂੰ ਸਰਕਾਰ ਦੀਆਂ ਭਾਵਨਾਵਾਂ ਸਮਝ ਕਿ ਅੰਦੋਲਨ ਖ਼ਤਮ ਕਰਨਾ ਚਾਹੀਦਾ ਹੈ।
ਇਸ ਤਰ੍ਹਾਂ ਦੀ ਬਿਆਨ ਬਾਜੀ ਕਰਕੇ ਕੇਂਦਰ ਸਰਕਾਰ ਦੋਹਰੀ ਨੀਤੀ ਤੇ ਚੱਲ ਰਹੀ ਹੈ। ਆਗੂਆਂ ਨੇ ਕੇਂਦਰ ਸਰਕਾਰ ਦੀ ਨੀਅਤ ਅਤੇ ਨੀਤੀ ਵਿੱਚ ਖੋਟ ਹੋਣ ਦਾ ਦੋਸ਼ ਲਗਾਉਂਦਿਆਂ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ 26 ਜਨਵਰੀ ਨੂੰ ਲੱਖਾਂ ਟਰੈਕਟਰਾਂ ਉੱਤੇ ਲੱਖਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਦਿੱਲੀ ਅੰਦਰ ਵੜਕੇ ਰਾਜਪੱਥ ਉੱਤੇ ਟਰੈਕਟਰ ਪਰੇਡ ਮਾਰਚ ਕਰਨ ਦਾ ਐਲਾਨ ਕੀਤਾ ਤੇ ਮੰਗ ਕੀਤੀ ਕਿ ਤਿੰਨੇ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਰੱਦ ਕੀਤਾ ਜਾਵੇ ਬਿਜਲੀ ਸੋਧ ਬਿਲ 2020 ਹਵਾ ਪਰਦੂਸ਼ਣ ਐਕਟ 2020 ਤੁਰੰਤ ਰੱਦ ਕੀਤੇ ਜਾਣ। ਆਗੂਆਂ ਨੇ ਦੱਸਿਆ ਕਿ ਦਿੱਲੀ ਵਿਖੇ ਸਿੰਘੂ ਬਾਡਰ ੳੱਤੇ ਅੰਦੋਲਨ ਅੱਜ ਲਗਾਤਾਰ 43 ਵੇ ਦਿਨ ਅੰਦਰ ਸ਼ਾਮਲ ਹੋ ਗਿਆ ਹੈ।