- ਇੱਕ ਦੇ ਸਿਰ ‘ਤੇ ਲੱਗੀ ਸੱਟ, ਲੱਗੇ 6 ਟਾਂਕੇ
ਲੁਧਿਆਣਾ, 31 ਅਗਸਤ 2024 – ਬੀਤੀ ਰਾਤ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਹੰਗਾਮਾ ਹੋ ਗਿਆ। ਚਾਹ ਨੂੰ ਲੈ ਕੇ ਕੁਝ ਹਵਾਲਾਤੀਆਂ ਵਿੱਚ ਝੜਪ ਵੀ ਹੋਈ। ਮਾਮਲਾ ਇੰਨਾ ਵੱਧ ਗਿਆ ਕਿ ਕੁਝ ਕੈਦੀਆਂ ਨੇ ਮਿਲ ਕੇ ਇਕ ਕੈਦੀ ਦੇ ਸਿਰ ‘ਤੇ ਡੋਲੂ ਨਾਲ ਵਾਰ ਕਰ ਦਿੱਤਾ। ਰੌਲਾ ਸੁਣ ਕੇ ਜੇਲ੍ਹ ਸੁਰੱਖਿਆ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀ ਨੂੰ ਬਚਾਇਆ। ਜਿਸ ਤੋਂ ਬਾਅਦ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਪਹਿਲਾਂ ਜੇਲ੍ਹ ਹਸਪਤਾਲ ਲਿਜਾਇਆ ਗਿਆ। ਪਰ ਹਾਲਤ ਵਿਗੜਦੀ ਦੇਖ ਕੇ ਜ਼ਖਮੀ ਨੂੰ ਖੂਨ ਨਾਲ ਲੱਥਪੱਥ ਹਾਲਤ ‘ਚ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੇ ਸਿਰ ‘ਤੇ 6 ਟਾਂਕੇ ਲੱਗੇ।
ਜਾਣਕਾਰੀ ਦਿੰਦੇ ਹੋਏ ਜ਼ਖਮੀ ਹਵਾਲਾਤੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕਰੀਬ 2 ਮਹੀਨੇ ਤੋਂ ਚੋਰੀ ਦਾ ਮੋਬਾਇਲ ਖਰੀਦਣ ਦੇ ਦੋਸ਼ ‘ਚ ਜੇਲ੍ਹ ‘ਚ ਹੈ। ਦੋ ਦਿਨ ਪਹਿਲਾਂ ਗੁਟਕਾ ਸਾਹਿਬ ਨੂੰ ਲੈ ਕੇ ਜੇਲ੍ਹ ਵਿੱਚ ਬੰਦ ਇੱਕ ਹੋਰ ਕੈਦੀ ਨਾਲ ਉਸ ਦੀ ਝਗੜਾ ਹੋ ਗਿਆ ਸੀ। ਜਿਸ ਕਾਰਨ ਉਕਤ ਕੈਦੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ੁੱਕਰਵਾਰ ਦੇਰ ਸ਼ਾਮ ਚਾਹ ਲੈਂਦਿਆਂ ਡੋਲੂ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਗੁਰਪ੍ਰੀਤ ਅਨੁਸਾਰ ਇਹ ਲੜਾਈ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਦੇ ਸਾਹਮਣੇ ਹੋਈ। ਫਿਲਹਾਲ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਉਸ ਦੇ ਸਿਰ ਦਾ ਸੀਟੀ ਸਕੈਨ ਕਰਵਾਇਆ। ਇਸ ਸਬੰਧੀ ਕੇਂਦਰੀ ਜੇਲ੍ਹ ਪੁਲੀਸ ਨੇ ਥਾਣਾ ਡਵੀਜ਼ਨ 7 ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ।