ਜਲੰਧਰ, 31 ਅਗਸਤ 2024 – ਜਲੰਧਰ ਦੇ ਬਬਰੀਕ ਚੌਕ ਨੇੜੇ ਪੰਜਾਬ ਪੁਲਿਸ ਦੇ ਇੱਕ ਸੁਰੱਖਿਆ ਗਾਰਡ ਦੀ ਗੋਲੀਆਂ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਦੇ ਰਾਮ ਦਾਸ ਨਗਰ, ਚੌਗਿੱਟੀ ਇਲਾਕੇ ਦਾ ਰਹਿਣ ਵਾਲਾ 48 ਸਾਲਾ ਰਮਣੀਕ ਸਿੰਘ ਪੀ.ਏ.ਪੀ ਵੱਲੋਂ ਰਿੰਕੂ ਪੰਡਿਤ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਈ ਸੀ।
ਸ਼ੁੱਕਰਵਾਰ ਨੂੰ ਉਹ ਆਪਣੀ ਸਰਕਾਰੀ ਕਾਰਬਾਈਨ ਦੀ ਸਫਾਈ ਕਰ ਰਿਹਾ ਸੀ, ਇਸ ਦੌਰਾਨ ਉਸ ਦੀ ਕਾਰਬਾਈਨ ‘ਚੋਂ ਗੋਲੀ ਚੱਲ ਗਈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਰਮਣੀਕ ਸਿੰਘ 3 ਬੇਟੀਆਂ ਦੇ ਪਿਤਾ ਸਨ।
ਜਾਣਕਾਰੀ ਅਨੁਸਾਰ ਇਹ ਘਟਨਾ ਬਬਰੀਕ ਚੌਕ ਨੇੜੇ ਸਥਿਤ ਰਿੰਕੂ ਪੰਡਿਤ ਦੇ ਘਰ ਵਾਪਰੀ। ਸ਼ੁੱਕਰਵਾਰ ਸਵੇਰੇ ਉਹ ਆਪਣੀ ਕਾਰਬਾਈਨ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਗੋਲੀਆਂ ਚੱਲ ਗਈਆਂ। ਜਦੋਂ ਘਰ ‘ਚ ਮੌਜੂਦ ਪਰਿਵਾਰ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਰਮਣੀਕ ਸਿੰਘ ਖੂਨ ਨਾਲ ਲੱਥਪੱਥ ਪਿਆ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਜਾਂਚ ‘ਚ ਪਤਾ ਲੱਗਾ ਕਿ ਗੋਲੀਆਂ ਉਸ ਦੀ ਗਰਦਨ ਦੇ ਹੇਠਲੇ ਹਿੱਸੇ ‘ਚ ਲੱਗੀਆਂ ਸਨ। ਗੋਲੀ ਲੱਗਣ ਨਾਲ ਰਮਨੀਕ ਦੇ ਸਿਰ ਵਿਚੋਂ ਗੋਲੀਆਂ ਆਰ-ਪਾਰ ਨਿੱਕਲ ਗਈਆਂ ਸਨ। ਘਟਨਾ ਵਾਲੀ ਥਾਂ ‘ਤੇ ਰਮਣੀਕ ਦੇ ਨਾਲ ਦੂਜਾ ਗੰਨਮੈਨ ਵੀ ਮੌਜੂਦ ਸੀ। ਜਿਸ ਨੇ ਇਸ ਬਾਰੇ ਸਭ ਤੋਂ ਪਹਿਲਾਂ ਆਪਣੇ ਵਿਭਾਗ ਨੂੰ ਸੂਚਿਤ ਕੀਤਾ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਤੁਰੰਤ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਲਦ ਹੀ ਮ੍ਰਿਤਕ ਦੀ ਪਤਨੀ ਪੂਜਾ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕਰੇਗੀ।
ਇਸ ਦੌਰਾਨ ਏਸੀਪੀ ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਰਮਣੀਕ ਸਿੰਘ ਕਾਂਸਟੇਬਲ ਵਜੋਂ ਤਾਇਨਾਤ ਸੀ। ਰਮਨੀਕ ਸਿੰਘ ਪਹਿਲਾਂ ਪੀਏਪੀ ਵਿੱਚ ਤਾਇਨਾਤ ਸੀ, ਪਰ ਉਹ 2 ਦਿਨ ਪਹਿਲਾਂ ਹੀ ਰਿੰਕੂ ਦੀ ਸੁਰੱਖਿਆ ਲਈ ਆਇਆ ਸੀ। ਅਜਿਹਾ ਇਸ ਲਈ ਕਿਉਂਕਿ ਰਿੰਕੂ ਦਾ ਇੱਕ ਗੰਨਮੈਨ ਕਿਸੇ ਕੰਮ ਲਈ ਵਿਦੇਸ਼ ਗਿਆ ਹੋਇਆ ਸੀ। ਰਮਣੀਕ ਦੀ ਗਰਦਨ ‘ਤੇ ਤਿੰਨ ਗੋਲੀਆਂ ਲੱਗੀਆਂ ਸਨ। ਫੋਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਤੋਂ ਸੈਂਪਲ ਵੀ ਲਏ ਹਨ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।