- ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਨਾਗ ਕਲਾਂ, (ਜਹਾਂਗੀਰ) ਨੇ ਭਰਵਾਂ ਕਿਸਾਨ ਮੇਲਾ ਲਾਇਆ
- ਵਿਗਿਆਨਕ ਖੇਤੀ ਦੇ ਨਾਲ ਵਾਤਾਵਰਨ ਸੰਭਾਲ ਦਾ ਸੁਮੇਲ ਜ਼ਰੂਰੀ :ਪੀ. ਏ .ਯੂ. ਵਾਈਸ ਚਾਂਸਲਰ
ਅੰਮ੍ਰਿਤਸਰ 3 ਸਤੰਬਰ 2024 – ਪੀ.ਏ.ਯੂ. ਵਲੋਂ ਲਾਏ ਜਾ ਰਹੇ ਕਿਸਾਨ ਮੇਲਿਆਂ ਦੀ ਸ਼ੁਰੂਆਤ ਵਜੋਂ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਵਲੋਂ ਅਨਾਜ ਮੰਡੀ ਅਜਨਾਲਾ ਵਿਖੇ ਹਾੜ੍ਹੀ ਦੀਆਂ ਫਸਲਾਂ ਲਈ ਕਿਸਾਨ ਮੇਲਾ ਲਾਇਆ ਗਿਆ। ਇਸ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਦੇ ਤੌਰ ਤੇ ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤਾ। ਉਨ੍ਹਾਂ ਦੇ ਨਾਲ ਵਿਸ਼ੇਸ਼ ਮਹਿਮਾਨ ਵਜੋਂ ਅਮ੍ਰਿਤਸਰ ਮਿਉਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਮੌਜੂਦ ਸਨ। ਨਾਲ ਹੀ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ ਤਰਸੇਮ ਸਿੰਘ ਢਿੱਲੋਂ, ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਨਿਰਦੇਸ਼ਕ ਡਾ ਹਰਪਾਲ ਸਿੰਘ ਰੰਧਾਵਾ ਵੀ ਮੰਚ ਤੇ ਮੌਜੂਦ ਰਹੇ।
ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਲੇ ਦੀ ਜਗ੍ਹਾ ਬਦਲੀ ਨਾਲ ਵੀ ਮੇਲੇ ਪ੍ਰਤੀ ਕਿਸਾਨਾਂ ਦਾ ਉਤਸ਼ਾਹ ਮੱਠਾ ਨਹੀਂ ਪਿਆ। ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਵਾਈਸ ਚਾਂਸਲਰ ਨੇ ਧਰਤੀ, ਹਵਾ ਤੇ ਪਾਣੀ ਨੂੰ ਬਚਾਉਣ ਦੀ ਮੁਹਿੰਮ ਵਿਚ ਯੂਨੀਵਰਸਿਟੀ ਦੇ ਮੋਢੇ ਨਾਲ ਮੋਢਾ ਜੋੜਨ ਲਈ ਕਿਸਾਨਾਂ ਨੂੰ ਸੱਦਾ ਦਿੱਤਾ। ਵਾਤਾਵਰਨ ਦੀ ਸੰਭਾਲ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਵਿਖੇ ਝੋਨੇ ਦੀਆਂ ਘੱਟ ਮਿਆਦ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਪ੍ਰਦਰਸ਼ਨੀ ਦੇਖਣ ਦੇ ਨਾਲ ਹੀ ਕਣਕ ਦੀ ਬਿਜਾਈ ਲਈ ਤਜਵੀਜ਼ ਕੀਤੀ ਸਰਫੇਸ ਸੀਡਰ ਮਸ਼ੀਨ ਦੀ ਵਰਤੋਂ ਬਾਰੇ ਜਾਣਕਾਰੀ ਲੈਣ ਲਈ ਉਨ੍ਹਾਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਨਾਲ ਹੀ ਉਨ੍ਹਾਂ ਝੋਨੇ ਵਿਚ ਪਾਣੀ ਰੋਕ ਕੇ ਲਾਉਣ ਦੀ ਸਿਫਾਰਿਸ਼ ਅਪਣਾਉਣ ਤੇ ਜ਼ੋਰ ਦਿੱਤਾ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬਾਸਮਤੀ ਦੀ ਕਾਸ਼ਤ ਬਾਰੇ ਗੱਲ ਕਰਦਿਆਂ ਵਾਈਸ ਚਾਂਸਲਰ ਨੇ ਪਾਬੰਦੀਸ਼ੁਦਾ ਰਸਾਇਣਾਂ ਦੀ ਵਰਤੋਂ ਨਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ਮੀਨ ਵਿਚ ਪੋਸ਼ਕ ਤੱਤਾਂ ਦੀ ਪੂਰਤੀ ਲਈ ਪਰਾਲੀ ਨੂੰ ਜ਼ਮੀਨ ਵਿਚ ਵਾਹੇ ਜਾਣਾ ਬੜਾ ਕਾਰਗਰ ਤਰੀਕਾ ਹੈ। ਕਣਕ ਦੀ ਕਿਸਮ ਪੀ ਬੀ ਡਬਲਯੂ 826 ਦੀ ਗੱਲ ਕਰਦਿਆਂ ਇਸਦੀ ਕਾਸ਼ਤ ਜੰਮੂ ਤੋਂ ਕਲਕੱਤੇ ਤਕ ਸਫਲਤਾ ਦੀ ਗੱਲ ਵੀ ਉਨ੍ਹਾਂ ਨੇ ਦੁਹਰਾਈ। ਦਾਲਾਂ ਅਤੇ ਤੇਲ ਬੀਜ ਫ਼ਸਲਾਂ ਦੀ ਪਰਿਵਾਰਕ ਲੋੜਾਂ ਲਈ ਬਿਜਾਈ ਬਾਰੇ ਗੱਲ ਕਰਦਿਆਂ ਡਾ ਗੋਸਲ ਨੇ ਕਿਹਾ ਕਿ ਛੋਲੇ, ਸਰ੍ਹੋਂ ਦੀਆਂ ਕਿਸਮਾਂ ਅਤੇ ਸਬਜ਼ੀਆਂ ਬੀਜਣ ਨਾਲ ਖਰਚੇ ਘਟਾਏ ਜਾ ਸਕਦੇ ਹਨ। ਜੈਵਿਕ ਖਾਦਾਂ ਦੀ ਵਰਤੋਂ, ਖਾਦਾਂ ਦੇ ਖਰਚੇ ਘਟਾਉਣ, ਖੇਤ ਨੂੰ ਡੂੰਘਾ ਵਾਹੁਣ ਅਤੇ ਪ੍ਰੋਸੈਸਿੰਗ ਅਤੇ ਮੰਡੀਕਰਨ , ਮੁੱਲ ਵਾਧੇ, ਸੌਰ ਊਰਜਾ ਦੀ ਵਰਤੋਂ ਬਾਰੇ ਵੀ ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਪੀ ਏ ਯੂ ਵਲੋਂ ਸੋਸ਼ਲ ਮੀਡੀਆ ਮਾਧਿਅਮ ਵਰਤ ਕੇ ਕਿਸਾਨਾਂ ਤਕ ਜਾਣਕਾਰੀ ਪਹੁੰਚਾਉਣ ਦੀ ਗੱਲ ਕਰਦਿਆਂ ਇਸਦਾ ਲਾਹਾ ਲੈਣ ਤੇ ਖੇਤੀ ਨੂੰ ਵਿਗਿਆਨਕ ਦਿਸ਼ਾ ਵਿੱਚ ਲਿਜਾਣ ਬਾਰੇ ਭਾਵਪੂਰਤ ਸ਼ਬਦ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬ ਦੀ ਖੇਤੀ ਨੂੰ ਬਚਾਉਣ ਲਈ ਖੇਤੀ ਦੀ ਸਿੱਖਿਆ ਅਤੇ ਖੇਤੀ ਨਾਲ ਅਗਲੀਆਂ ਪੀੜ੍ਹੀਆਂ ਨੂੰ ਜੋੜਨਾ ਬੇਹਦ ਜ਼ਰੂਰੀ ਹੈ।
ਅੰਮ੍ਰਿਤਸਰ ਮਿਉਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ, ਆਈ ਏ ਐੱਸ ਨੇ ਆਪਣੇ ਭਾਸ਼ਣ ਵਿਚ ਕਿਸਾਨਾਂ ਦੇ ਇਕੱਠ ਨੂੰ ਅਗਾਂਹਵਧੂ ਖੇਤੀ ਦਾ ਜਿਉਂਦਾ ਜਾਗਦਾ ਸਬੂਤ ਕਿਹਾ। ਉਨ੍ਹਾਂ ਕਿਹਾ ਇਹ ਕਿਸਾਨ ਪੰਜਾਬ ਵਿੱਚ ਹਰੀ ਕ੍ਰਾਂਤੀ ਦੇ ਦੂਤ ਬਣੇ ਸਨ, ਤੇ ਖੇਤੀ ਨੂੰ ਨਵੀਆਂ ਲੀਹਾਂ ਤੇ ਤੋਰਨ ਵਿਚ ਪਹਿਲਕਦਮੀ ਵੀ ਇਹ ਕਿਸਾਨ ਹੀ ਕਰਨਗੇ। ਉਨ੍ਹਾਂ ਪ੍ਰੋਸੈਸਿੰਗ ਉਦਯੋਗਾਂ ਦੀ ਲੋੜ ਉੱਪਰ ਜ਼ੋਰ ਦਿੱਤਾ ਤੇ ਇਸ ਬਾਰੇ ਢੁਕਵੀਂ ਮਸ਼ੀਨਰੀ ਦੀ ਖੋਜ ਲਈ ਮਾਹਿਰਾਂ ਨੂੰ ਉਤਸ਼ਾਹਿਤ ਕੀਤਾ। ਅੰਮ੍ਰਿਤਸਰ ਦੇ ਕਿਸਾਨਾਂ ਵੱਲੋਂ ਸਬਜ਼ੀਆਂ ਦੀ ਖੇਤੀ ਦਾ ਹਵਾਲਾ ਦਿੰਦਿਆਂ ਸ੍ਰੀ ਹਰਪ੍ਰੀਤ ਸਿੰਘ ਨੇ ਸਰਕਾਰ ਵਲੋਂ ਇਸਦੇ ਵਪਾਰਕ ਉਦੇਸ਼ ਲਈ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਦਾ ਜ਼ਿਕਰ ਵੀ ਕੀਤਾ।
ਆਪਣੇ ਭਾਸ਼ਣ ਵਿਚ ਕਿਹਾ ਕਿ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਹੁਣ ਤਕ ਵੱਖ ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਦੀ ਖੋਜ ਕੀਤੀ ਹੈ ਜੋ ਪੰਜਾਬ ਅਤੇ ਕੌਮੀ ਪੱਧਰ ਤੇ ਕਾਸ਼ਤ ਲਈ ਪਛਾਣੀਆਂ ਗਈਆਂ ਹਨ। ਇਸ ਲਿਹਾਜ਼ ਨਾਲ ਪੀ ਏ ਯੂ ਦੇਸ਼ ਦੀ ਸਮੁੱਚੀ ਖੇਤੀ ਖੋਜ ਦੀ ਅਗਵਾਈ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਯੂਨੀਵਰਸਿਟੀ ਖੋਜ ਦਾ ਉਦੇਸ਼ ਮੌਜੂਦਾ ਸਮੇਂ ਦੀ ਮੰਗ ਮੁਤਾਬਕ ਝਾੜ ਦੇ ਨਾਲ ਪੌਸ਼ਟਿਕਤਾ ਵੱਲ ਵੀ ਕੇਂਦਰਿਤ ਹੈ। ਉਨ੍ਹਾਂ ਪਿਛਲੇ ਸਾਲ ਜਾਰੀ ਕੀਤੀ ਕਣਕ ਦੀ ਕਿਸਮ ਪੀ ਬੀ ਡਬਲਿਊ 826 ਦੇ ਪੂਰੇ ਦੇਸ਼ ਵਿਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਬਾਰੇ ਗੱਲ ਕੀਤੀ।
ਡਾ. ਅਜਮੇਰ ਸਿੰਘ ਢੱਟ ਨੇ ਆਉਂਦੇ ਹਾੜੀ ਸੀਜ਼ਨ ਦੌਰਾਨ ਨਵੀਆਂ ਕਿਸਮਾਂ , ਉਤਪਾਦਨ ਤਕਨੀਕਾਂ ਅਤੇ ਪੌੜ ਸੁਰੱਖਿਆ ਬਾਰੇ ਪੀ ਏ ਯੂ ਦੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ । ਡਾ ਢੱਟ ਨੇ ਨਵੀਆਂ ਕਿਸਮਾਂ ਦਾ ਜ਼ਿਕਰ ਕਰਦਿਆਂ ਕਣਕ ਦੀ ਬਿਸਕੁਟ ਬਣਾਉਣ ਲਈ ਲਾਭਕਾਰੀ ਕਿਸਮ ਪੀ ਬੀ ਡਬਲਯੂ ਬਿਸਕੁਟ 1 ਦਾ ਜ਼ਿਕਰ ਵਿਸ਼ੇਸ਼ ਤੌਰ ਤੇ ਕੀਤਾ ਗਿਆ। ਉਨਾਂ ਕਿਹਾ ਕਿ ਬਿਸਕੁਟ ਅਤੇ ਕੁਕੀਜ਼ ਬਣਾਉਣ ਲਈ ਉਦਯੋਗਾਂ ਨਾਲ ਕੀਤੇ ਗਏ ਸਾਂਝੇ ਤਜਰਬਿਆਂ ਤੋਂ ਇਸ ਕਿਸਮ ਨੂੰ ਕਾਸ਼ਤ ਲਈ ਪਛਾਣਿਆ ਗਿਆ ਹੈ। ਨਾਲ ਹੀ ਰੋਟੀ ਲਈ ਢੁਕਵੀਂ ਕਿਸਮ ਪੀ ਬੀ ਡਬਲਯੂ ਚਪਾਤੀ 1 ਨੂੰ ਵੀ ਕਾਸ਼ਤ ਲਈ ਸਿਫਾਰਿਸ਼ ਕੀਤੀ।
ਇਸ ਤੋਂ ਇਲਾਵਾ ਰਾਇਆ ਸਰੋਂ ਦੀ ਕਿਸਮ ਪੀ ਐਚ ਆਰ 127, ਗੋਭੀ ਸਰੋਂ ਦੀ ਕਿਸਮ ਪੀ ਜੀ ਐਸ ਐਚ 2155 ਅਤੇ ਜਵੀ ਦੀ ਇੱਕ ਕਟਾਈ ਦੇਣ ਵਾਲੀ ਅਤੇ ਵੱਧ ਝਾੜ ਦੇਣ ਵਾਲੀ ਕਿਸਮ ਓ ਐਲ 17 ਬਾਰੇ ਵੀ ਵਿਸਤਾਰ ਨਾਲ ਦੱਸਿਆ ਗਿਆ। ਉਤਪਾਦਨ ਤਕਨੀਕਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਪਾਣੀ ਦੀ ਬਚਤ ਲਈ ਨਰਮਾ ਅਤੇ ਗੋਭੀ ਸਰੋਂ ਵਿਚ ਜ਼ਮੀਨ ਦੋਜ਼ ਪਾਈਪਾਂ ਨਾਲ ਤੁਪਕਾ ਸਿੰਚਾਈ ਦੀ ਸਿਫਾਰਿਸ਼ ਦਾ ਹਵਾਲਾ ਦਿੱਤਾ। ਕਣਕ ਨੂੰ ਪੀਲੀ ਕੁੰਗੀ ਤੋਂ ਬਚਾਉਣ ਲਈ ਤਾਕਤ ਨਾਂ ਦੀ ਦਵਾਈ ਦੀ ਵਰਤੋਂ ਦੀ ਸਿਫਾਰਿਸ਼ ਵੀ ਕੀਤੀ ਗਈ। ਇਸ ਤੋਂ ਇਲਾਵਾ ਪਾਣੀ ਖੜਨ ਨਾਲ ਮਸਰਾਂ ਦੀ ਫਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਬੈਡਾਂ ਉੱਪਰ ਬਿਜਾਈ ਦੀ ਨਵੀਂ ਤਕਨੀਕ ਵੀ ਸਾਂਝੀ ਕੀਤੀ ਗਈ। ਪੌਦ ਸੁਰੱਖਿਆ ਤਕਨੀਕਾਂ ਦੀਆਂ ਨਵੀਆਂ ਸਿਫਾਰਿਸ਼ਾਂ ਬਾਰੇ ਦੱਸਦਿਆਂ ਨਿਰਦੇਸ਼ਕ ਖੋਜ ਨੇ ਕਣਕ ਵਿੱਚ ਬਿਜਾਈ ਤੋਂ ਇੱਕ ਮਹੀਨੇ ਬਾਅਦ ਖੱਟੀ ਲੱਸੀ ਦੇ ਛਿੜਕਾਅ ਨਾਲ ਪੀਲੀ ਕੁੰਗੀ ਦੀ ਰੋਕਥਾਮ ਦੀ ਤਕਨੀਕ ਸਾਂਝੀ ਕੀਤੀ। ਇਸ ਤੋਂ ਇਲਾਵਾ ਗਰਮ ਰੁੱਤ ਦੀ ਮੂੰਗੀ ਵਿੱਚ ਥਰਿੱਪ ਦੀ ਰੋਕਥਾਮ ਲਈ ਫੁੱਲ ਪੈਣ ਵੇਲੇ ਨੀਲੇ ਟਰੈਪ ਵਰਤਣ ਦੀ ਗੱਲ ਵੀ ਕੀਤੀ। ਜੈਵਿਕ ਤੇਲ ਬੀਜ ਫਸਲਾਂ ਉੱਪਰ ਚੇਪੇ ਦਾ ਹਮਲਾ ਸ਼ੁਰੂ ਹੋਣ ਤੋਂ ਬਾਅਦ ਪੀਏਯੂ ਨਿੰਮ ਦੇ ਘੋਲ ਦੇ ਛਿੜਕਾਅ ਬਾਰੇ ਵੀ ਦੱਸਿਆ ਗਿਆ। ਨਿਰਦੇਸ਼ਕ ਖੋਜ ਨੇ ਖੇਤੀ ਮਸ਼ੀਨਰੀ ਸੰਬੰਧੀ ਸਿਫਾਰਿਸ਼ਾਂ ਵੀ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਖੇਤ ਵਿਚ ਵਾਹੁਣ ਦੀ ਅਪੀਲ ਕੀਤੀ ਜਿਸ ਨਾਲ ਖਾਦਾਂ ਦਾ ਖਰਚਾ ਵੀ ਘਟਦਾ ਹੈ। ਕਣਕ ਦੀ ਬਿਜਾਈ ਲਈ ਉਨ੍ਹਾਂ ਨੇ ਸਰਫ਼ੇਸ ਸੀਡਰ ਮਸ਼ੀਨ ਦੀ ਪੁਰਜ਼ੋਰ ਸਿਫ਼ਾਰਸ਼ ਕੀਤੀ ਤਾਂ ਜੋ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਰਸਤੇ ਪਹਿਲਕਦਮੀ ਕੀਤੀ ਜਾ ਸਕੇ।
ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਨੇ ਕਹੇ। ਉਨ੍ਹਾਂ ਕਿਹਾ ਕਿ ਮੌਸਮ ਦੀ ਉਥਲ ਪੁਥਲ ਦੇ ਬਾਵਜੂਦ ਕਿਸਾਨਾਂ ਦਾ ਭਾਰੀ ਗਿਣਤੀ ਵਿੱਚ ਆਉਣਾ ਪੀ ਏ ਯੂ ਨਾਲ ਭਰੋਸੇ ਦੇ ਰਿਸ਼ਤੇ ਦਾ ਪ੍ਰਮਾਣ ਹੈ।ਕਿਸਾਨ ਮੇਲਿਆਂ ਦੀ ਰੂਪ-ਰੇਖਾ ਦੱਸਦਿਆਂ ਉਨ੍ਹਾਂ ਕਿਹਾ ਕਿ ਛੇ ਮੇਲੇ ਬਾਹਰੀ ਕੇਂਦਰਾਂ ਤੇ ਇਕ ਮੇਲਾ ਲੁਧਿਆਣੇ ਵਿਖੇ ਦੋ ਦਿਨਾਂ ਲਈ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੋਕਾ ਦੌਰ ਵਿਗਿਆਨਕ ਤੇ ਤਕਨੀਕੀ ਖੇਤੀ ਦਾ ਹੈ ਤੇ ਮੇਲਿਆਂ ਦਾ ਉਦੇਸ਼ ਵਿਗਿਆਨਕ ਖੇਤੀ ਤਕਨੀਕਾਂ ਨੂੰ ਕਿਸਾਨਾਂ ਤਕ ਪੁਚਾਉਣਾ ਹੈ। ਡਾ ਭੁੱਲਰ ਨੇ ਪੀ ਏ ਯੂ ਨੂੰ ਦੇਸ਼ ਦੀਆਂ ਖੇਤੀ ਯੂਨੀਵਰਸਿਟੀਆਂ ਵਿੱਚੋਂ ਸਿਖਰਲਾ ਦਰਜਾ ਮਿਲਣ ਪਿੱਛੇ ਕਿਸਾਨਾਂ ਨੂੰ ਵੱਡੀ ਸ਼ਕਤੀ ਆਖਿਆ ਤੇ ਇਸ ਰਿਸ਼ਤੇ ਦੇ ਬਣੇ ਰਹਿਣ ਦਾ ਭਰੋਸਾ ਦ੍ਰਿੜ ਕਰਾਇਆ। ਡਾ ਭੁੱਲਰ ਨੇ ਕਿਹਾ ਕਿ ਕਿਸਾਨਾਂ ਨੂੰ ਸਵੈ ਮੰਡੀਕਰਨ ਰਾਹੀਂ ਆਪਣੀਆਂ ਜਿਣਸਾਂ ਦੇ ਵੱਧ ਭਾਅ ਲੈਣ ਦੇ ਤਰੀਕੇ ਨੂੰ ਅਪਣਾਉਣਾ ਚਾਹੀਦਾ ਹੈ। ਇਸ ਲਈ ਪ੍ਰੋਸੈਸਿੰਗ ਅਤੇ ਮੁੱਲ ਵਾਧਾ ਬੜੇ ਕਾਰਗਰ ਤਰੀਕੇ ਹਨ ਤੇ ਪੀ ਏ ਯੂ ਨੇ ਇਸ ਦਿਸ਼ਾ ਵਿਚ ਸਿਖਲਾਈਆਂ ਦਾ ਢੁਕਵਾਂ ਇੰਤਜ਼ਾਮ ਕੀਤਾ ਹੋਇਆ ਹੈ। ਸਹਾਇਕ ਕਿੱਤਿਆਂ ਦੀ ਮਹੱਤਤਾ ਬਾਰੇ ਵੀ ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਸਾਨਾਂ ਨੂੰ ਯੋਗ ਸ਼ਬਦਾਂ ਨਾਲ ਪ੍ਰੇਰਿਤ ਕੀਤਾ।
ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ ਕੁਲਦੀਪ ਸਿੰਘ ਨੇ ਕੀਤਾ।
ਪਤਵੰਤਿਆਂ ਨੇ ਪੀ ਏ ਯੂ ਦੇ ਖੇਤੀ ਸਾਹਿਤ ਵਿਚ ਹਾੜ੍ਹੀ ਦੀਆਂ ਫ਼ਸਲਾਂ ਦੀ ਕਿਤਾਬ ਨੂੰ ਕਿਸਾਨਾਂ ਲਈ ਜਾਰੀ ਕੀਤਾ।
ਅੰਤ ਵਿੱਚ ਧੰਨਵਾਦ ਦੇ ਸ਼ਬਦ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਦੇ ਉਪ ਨਿਰਦੇਸ਼ਕ ਡਾ. ਬਿਕਰਮਜੀਤ ਸਿੰਘ ਨੇ ਕਹੇ। ਇਸ ਮੌਕੇ ਅਗਾਂਹਵਧੂ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਪਿੰਡ ਬੂਆ ਨੰਗਲੀ ਦੇ ਸ ਅਵਤਾਰ ਸਿੰਘ, ਅੰਮ੍ਰਿਤਸਰ ਦੇ ਨਵਪ੍ਰੀਤ ਕੌਰ, ਮਹਿਮਾ ਦੇ ਸ ਪ੍ਰਗਟ ਸਿੰਘ, ਵੇਰਕਾ ਤੋਂ ਸ ਸੁਖਬੀਰ ਸਿੰਘ,ਬਟਾਲਾ ਰੋਡ ਅੰਮ੍ਰਿਤਸਰ ਤੋਂ ਸ਼੍ਰੀ ਨੀਤੀਸ਼ ਮਚਲ, ਲੁੱਧਰ ਦੇ ਸ ਹਰਪਾਲ ਸਿੰਘ, ਨਾਗ ਕਲਾਂ ਦੇ ਸ ਦਿਲਜੀਤ ਸਿੰਘ,ਪਿੰਡ ਵਰਿਆਮ ਨੰਗਲ ਦੇ ਸ ਵਿਰਸਾ ਸਿੰਘ, ਪਿੰਡ ਪੰਡੋਰੀ ਰਮਦਾਸ ਦੇ ਸ ਰਮਨਦੀਪ ਸਿੰਘ ਅਤੇ ਮਾਨਵਾਲਾ ਕਲਾਂ ਦੇ ਸ ਸੁਰਿੰਦਰ ਸਿੰਘ ਰੰਧਾਵਾ ਪ੍ਰਮੁੱਖ ਸਨ।
ਪੀ.ਏ.ਯੂ. ਦੇ ਮਾਹਿਰਾਂ ਨੇ ਕਿਸਾਨਾਂ ਨੂੰ ਖੇਤੀ ਨਾਲ ਸੰਬੰਧਿਤ ਵਿਸ਼ਿਆਂ ਬਾਰੇ ਜਾਣਕਾਰੀ ਸੈਸ਼ਨ ਵਿਚ ਜਾਣਕਾਰੀ ਦਿੱਤੀ। ਇਨ੍ਹਾਂ ਮਾਹਿਰਾਂ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਇਸ ਦੌਰਾਨ ਵੱਡੀ ਪੱਧਰ ਤੇ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ ਏ ਯੂ ਦੇ ਵਿਭਾਗਾਂ ਨੇ ਆਪਣੀਆਂ ਸਟਾਲਾਂ ਲਗਾਈਆਂ ਸਨ। ਕਿਸਾਨਾਂ ਨੇ ਸਾਉਣੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਣ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ।