ਕੋਲਕਾਤਾ, 4 ਸਤੰਬਰ 2024 – ਭੀੜ ਵਿੱਚੋਂ ਇੱਕ ਵਿਅਕਤੀ ਨੇ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਉਸ ਦਾ ਵਿਰੋਧ ਕਰ ਰਹੇ ਲੋਕਾਂ ਨੇ ‘ਚੋਰ-ਚੋਰ’ ਦੇ ਨਾਅਰੇ ਲਾਏ। ਘੋਸ਼ ਨੂੰ ਫਾਂਸੀ ਦੇਣ ਦੀ ਮੰਗ ਵੀ ਕੀਤੀ। ਇਸ ਤੋਂ ਬਾਅਦ ਪੁਲਿਸ ਅਤੇ ਕੇਂਦਰੀ ਬਲਾਂ ਨੇ ਸਥਿਤੀ ‘ਤੇ ਕਾਬੂ ਪਾਇਆ।
ਦਰਅਸਲ, ਸੰਦੀਪ ਘੋਸ਼ ‘ਤੇ ਮੈਡੀਕਲ ਕਾਲਜ ‘ਚ ਵਿੱਤੀ ਬੇਨਿਯਮੀਆਂ ਦਾ ਦੋਸ਼ ਹੈ। ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਸੀਬੀਆਈ ਮਾਮਲੇ ਦੀ ਜਾਂਚ ਕਰ ਰਹੀ ਹੈ। ਘੋਸ਼ ਨੂੰ ਮੰਗਲਵਾਰ ਨੂੰ ਅਲੀਪੁਰ ਅਦਾਲਤ ‘ਚ ਪੇਸ਼ ਕੀਤਾ ਗਿਆ। ਇਸ ਦੌਰਾਨ ਭੀੜ ਨੇ ਉਸ ਦੇ ਖਿਲਾਫ ਪ੍ਰਦਰਸ਼ਨ ਕੀਤਾ।
ਅਦਾਲਤ ਨੇ ਘੋਸ਼ ਅਤੇ ਤਿੰਨ ਹੋਰ ਲੋਕਾਂ ਨੂੰ 8 ਦਿਨਾਂ ਲਈ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਨ੍ਹਾਂ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ 2 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਫੈਸਲੇ ਤੋਂ ਬਾਅਦ ਪੱਛਮੀ ਬੰਗਾਲ ਦੇ ਸਿਹਤ ਵਿਭਾਗ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ ਸੰਦੀਪ ਘੋਸ਼ ਖਿਲਾਫ ਚੱਲ ਰਹੀ ਕਾਨੂੰਨੀ ਕਾਰਵਾਈ ਕਾਰਨ ਉਨ੍ਹਾਂ ਨੂੰ ਮੁਅੱਤਲ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 28 ਅਗਸਤ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਸੰਦੀਪ ਘੋਸ਼ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਸੀ।
ਇਸ ਦੇ ਨਾਲ ਹੀ 8-9 ਅਗਸਤ ਦੀ ਰਾਤ ਨੂੰ ਟ੍ਰੇਨੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਨੂੰ ਲੈ ਕੇ ਮੈਡੀਕਲ ਕਾਲਜ ਵਿੱਚ ਜੂਨੀਅਰ ਡਾਕਟਰਾਂ ਦਾ ਧਰਨਾ 26ਵੇਂ ਦਿਨ ਵੀ ਜਾਰੀ ਹੈ। ਪ੍ਰਦਰਸ਼ਨ ਕਰ ਰਹੇ ਡਾਕਟਰ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ।