ਨਵੀਂ ਦਿੱਲੀ, 9 ਸਤੰਬਰ 2024 – ਸਿਹਤ ਮੰਤਰਾਲੇ ਦੇ ਅਨੁਸਾਰ, ਵਿਦੇਸ਼ ਤੋਂ ਭਾਰਤ ਪਰਤੇ ਇੱਕ ਵਿਅਕਤੀ ਵਿੱਚ ਮੌਂਕੀਪੌਕਸ ਦੇ ਲੱਛਣ ਪਾਏ ਗਏ ਹਨ। ਉਸ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ। ਉਸ ਦੀ ਹਾਲਤ ਸਥਿਰ ਹੈ। ਮੰਤਰਾਲੇ ਨੇ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਸ਼ੱਕੀ ਕਿਸ ਦੇਸ਼ ਤੋਂ ਵਾਪਸ ਆਇਆ ਹੈ। ਉਸ ਦੇ ਸੰਪਰਕ ਵਿਚ ਆਏ ਲੋਕਾਂ ਦੀ ਪ੍ਰੋਟੋਕੋਲ ਅਨੁਸਾਰ ਪਛਾਣ ਕੀਤੀ ਜਾ ਰਹੀ ਹੈ। ਦਰਅਸਲ, 14 ਅਗਸਤ ਨੂੰ ਡਬਲਯੂਐਚਓ ਨੇ ਮੌਂਕੀਪੌਕਸ ਨੂੰ ਗਲੋਬਲ ਹੈਲਥ ਐਮਰਜੈਂਸੀ ਘੋਸ਼ਿਤ ਕੀਤਾ ਸੀ। ਇਸ ਤੋਂ ਬਾਅਦ ਭਾਰਤ ਵਿੱਚ ਸੰਕਰਮਣ ਦਾ ਇਹ ਪਹਿਲਾ ਸ਼ੱਕੀ ਮਾਮਲਾ ਪਾਇਆ ਗਿਆ ਹੈ।
ਦੋ ਸਾਲਾਂ ਵਿੱਚ ਇਹ ਦੂਜੀ ਵਾਰ ਹੈ ਜਦੋਂ WHO ਨੇ ਮੌਂਕੀਪੌਕਸ ਨੂੰ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ ਹੈ। ਡਬਲਯੂਐਚਓ ਦੀ ਰਿਪੋਰਟ ਦੇ ਅਨੁਸਾਰ, ਮੌਂਕੀਪੌਕਸ ਦੀ ਸ਼ੁਰੂਆਤ ਅਫਰੀਕੀ ਦੇਸ਼ ਕਾਂਗੋ ਤੋਂ ਹੋਈ ਹੈ। ਅਫਰੀਕਾ ਦੇ 10 ਦੇਸ਼ ਇਸ ਦੀ ਲਪੇਟ ਵਿੱਚ ਹਨ। WHO ਵੀ ਚਿੰਤਤ ਹੈ ਕਿਉਂਕਿ ਮੌਂਕੀਪੌਕਸ ਦੇ ਵੱਖ-ਵੱਖ ਪ੍ਰਕੋਪਾਂ ਵਿੱਚ ਮੌਤ ਦਰ ਵੱਖੋ-ਵੱਖਰੀ ਹੈ। ਕਈ ਵਾਰ ਇਹ 10% ਤੋਂ ਵੱਧ ਹੋ ਗਈ ਹੈ।
ਭਾਰਤ ਵਿੱਚ ਮੌਂਕੀਪੌਕਸ ਦੇ 30 ਮਾਮਲੇ ਸਾਹਮਣੇ ਆਏ ਹਨ। WHO ਦੇ ਅਨੁਸਾਰ, 2022 ਤੋਂ ਲੈ ਕੇ ਹੁਣ ਤੱਕ 116 ਦੇਸ਼ਾਂ ਵਿੱਚ ਮੌਂਕੀਪੌਕਸ ਦੇ 99,176 ਮਾਮਲੇ ਸਾਹਮਣੇ ਆਏ ਹਨ ਅਤੇ 208 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਸਾਲ ਹੁਣ ਤੱਕ 15,600 ਤੋਂ ਵੱਧ ਮਾਮਲੇ ਅਤੇ 537 ਮੌਤਾਂ ਦਰਜ ਕੀਤੀਆਂ ਗਈਆਂ ਹਨ। 2022 ਤੋਂ, ਭਾਰਤ ਵਿੱਚ ਮੌਂਕੀਪੌਕਸ ਦੇ 30 ਮਾਮਲੇ ਸਾਹਮਣੇ ਆਏ ਹਨ। ਆਖਰੀ ਮਾਮਲਾ ਮਾਰਚ 2024 ਵਿੱਚ ਸਾਹਮਣੇ ਆਇਆ ਸੀ। ਭਾਰਤ ਵਿੱਚ ਮੌਂਕੀਪੌਕਸ ਦੀ ਜਾਂਚ ਕਰਨ ਲਈ 32 ਲੈਬਾਂ ਹਨ।