ਅੰਮ੍ਰਿਤਸਰ, 9 ਸਤੰਬਰ 2024 – ਐਤਵਾਰ ਸ਼ਾਮ ਨੂੰ ਦਿਹਾਤੀ ਪੁਲੀਸ ਕੰਟਰੋਲ ਰੂਮ ਦੇ ਨੰਬਰ ’ਤੇ ਦਿਹਾਤੀ ਪੁਲੀਸ ਲਾਈਨ ਅਤੇ ਥਾਣਾ ਤਰਸਿੱਕਾ ਨੂੰ ਉਡਾਉਣ ਦੀ ਧਮਕੀ ਮਿਲੀ। ਇਸ ਤੋਂ ਬਾਅਦ ਦਿਹਾਤੀ ਪੁਲੀਸ ਚੌਕਸ ਹੋ ਗਈ ਅਤੇ ਥਾਣਾ ਸਦਰ ਅਤੇ ਪੁਲੀਸ ਲਾਈਨ ਵਿੱਚ ਸਰਚ ਕੀਤੀ ਪਰ ਕੁਝ ਨਹੀਂ ਮਿਲਿਆ। ਐਸਐਸਪੀ ਦਿਹਾਤੀ ਚਰਨਜੀਤ ਸਿੰਘ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਕੰਟਰੋਲ ਰੂਮ ’ਤੇ ਦੋ ਵਾਰ ਫੋਨ ਕਰਕੇ ਧਮਕੀਆਂ ਦਿੱਤੀਆਂ। ਪਹਿਲਾਂ ਦਬੁਰਜੀ ਪੁਲੀਸ ਲਾਈਨ ਅਤੇ ਕੁਝ ਸਮੇਂ ਬਾਅਦ ਥਾਣਾ ਤਰਸਿੱਕਾ ਨੂੰ ਉਡਾਉਣ ਦੀ ਧਮਕੀ ਦਿੱਤੀ। ਤੁਰੰਤ ਕਾਰਵਾਈ ਕਰਦੇ ਹੋਏ ਦਿਹਾਤੀ ਪੁਲੀਸ ਦੀਆਂ ਟੀਮਾਂ ਨੇ ਸਰਚ ਕੀਤੀ ਪਰ ਕੁਝ ਹੱਥ ਨਹੀਂ ਲੱਗਾ। ਤਕਨੀਕੀ ਟੀਮ ਉਸ ਨੰਬਰ ਦੀ ਜਾਂਚ ਕਰ ਰਹੀ ਹੈ ਜਿਸ ਨੰਬਰ ਤੋਂ ਕਾਲ ਆਈ ਸੀ।
ਐਸਐਸਪੀ ਚਰਨਜੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕਾਲ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕਾਲ ਕਰਨ ਵਾਲਾ ਜੇਲ੍ਹ ਵਿਚ ਹੈ। ਇਸ ਸਬੰਧੀ ਜਾਣਕਾਰੀ ਜੇਲ੍ਹ ਪ੍ਰਸ਼ਾਸਨ ਨਾਲ ਵੀ ਸਾਂਝੀ ਕੀਤੀ ਗਈ ਹੈ। ਜਲਦੀ ਹੀ ਐਫਆਈਆਰ ਦਰਜ ਕਰਕੇ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਜੇਲ੍ਹ ਵਿਚੋਂ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾਵੇਗੀ।
ਦੱਸ ਦਈਏ ਕਿ ਜ਼ਿਲ੍ਹੇ ਵਿੱਚ ਬੰਬ ਦੀਆਂ ਧਮਕੀਆਂ ਮਿਲਣ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। 14 ਅਗਸਤ ਨੂੰ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਈ-ਮੇਲ ਰਾਹੀਂ ਮਿਲੀ ਸੀ, ਜਿਸ ‘ਚ 1 ਕਰੋੜ ਰੁਪਏ ਦੀ ਮੰਗ ਵੀ ਕੀਤੀ ਗਈ ਸੀ। ਇਸ ਮਾਮਲੇ ਵਿੱਚ ਏਅਰਪੋਰਟ ਪੁਲੀਸ ਨੇ ਫ਼ਿਰੋਜ਼ਪੁਰ ਦੇ ਗੁਰਦੀਪ ਸਿੰਘ ਅਤੇ ਪੁਲੀਸ ਮੁਲਾਜ਼ਮਾਂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਵਾਸੀ ਪਿੰਡ ਮਲੋਕਦੀਪ ਹਾਲ ਨੂੰ ਗ੍ਰਿਫ਼ਤਾਰ ਕੀਤਾ ਸੀ। ਫਿਰ ਇੱਕ ਹਫ਼ਤੇ ਬਾਅਦ, ਪੁਲਿਸ ਨੂੰ ਈ-ਮੇਲ ਰਾਹੀਂ VR ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਜਿਸ ਤੋਂ ਬਾਅਦ ਮਜੀਠਾ ਥਾਣੇ ਦੀ ਪੁਲਸ ਨੇ ਸੀਨੀਅਰ ਅਧਿਕਾਰੀਆਂ ਨੂੰ ਨਾਲ ਲੈ ਕੇ ਮਾਲ ‘ਚ ਜਾ ਕੇ ਚੈਕਿੰਗ ਕੀਤੀ, ਉੱਥੇ ਵੀ ਕੁਝ ਨਹੀਂ ਮਿਲਿਆ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੇ ਦੋਸ਼ੀਆਂ ਤੱਕ ਵੀ ਨਹੀਂ ਪਹੁੰਚ ਸਕੀ ਹੈ। ਇਸ ਤੋਂ ਬਿਨਾਂ ਏਅਰਪੋਰਟ ‘ਤੇ ਵੀ 3 ਡਰੋਨ ਉੱਡਦੇ ਦੇਖੇ ਗਏ ਸਨ। ਜਿਸ ਦੀ ਜਾਂਚ ਵੀ ਜਾਰੀ ਹੈ।