- ਕਿਹਾ- ਸਰਕਾਰ ਅਤੇ ਅਦਾਲਤ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਹੈ ਲੋਕ ਅੰਦੋਲਨ
ਕੋਲਕਾਤਾ, 10 ਸਤੰਬਰ 2024 – ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ 9 ਅਗਸਤ ਨੂੰ ਇੱਕ ਟ੍ਰੇਨੀ ਡਾਕਟਰ ਦਾ ਬਲਾਤਕਾਰ ਅਤੇ ਕਤਲ ਦੇ ਵਿਰੋਧ ਵਿੱਚ ਜੂਨੀਅਰ ਡਾਕਟਰਾਂ ਦੀ ਹੜਤਾਲ ਜਾਰੀ ਹੈ। 9 ਸਤੰਬਰ ਨੂੰ ਹੜਤਾਲ ਦਾ ਇੱਕ ਮਹੀਨਾ ਪੂਰਾ ਹੋ ਗਿਆ ਹੈ।
ਸੁਪਰੀਮ ਕੋਰਟ ਨੇ ਜੂਨੀਅਰ ਡਾਕਟਰਾਂ ਨੂੰ ਮੰਗਲਵਾਰ ਸ਼ਾਮ 5 ਵਜੇ ਤੱਕ ਕੰਮ ‘ਤੇ ਪਰਤਣ ਦਾ ਅਲਟੀਮੇਟਮ ਵੀ ਦਿੱਤਾ ਹੈ। ਪਰ ਜੂਨੀਅਰ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਤੇ ਪੀੜਤ ਨੂੰ ਇਨਸਾਫ ਨਹੀਂ ਮਿਲਿਆ ਹੈ। ਇਸ ਲਈ ਉਹ ਕੰਮ ‘ਤੇ ਵਾਪਸ ਨਹੀਂ ਆਉਣਗੇ।
ਡਾਕਟਰਾਂ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਰਕਾਰ ਅਤੇ ਸੁਪਰੀਮ ਕੋਰਟ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਵਿਰੋਧ ਇੱਕ ਲੋਕ ਅੰਦੋਲਨ ਹੈ। ਅਸੀਂ ਸੁਣਵਾਈ ਤੋਂ ਬਹੁਤ ਨਿਰਾਸ਼ ਹਾਂ। ਜੂਨੀਅਰ ਡਾਕਟਰਾਂ ਦੀ ਮੰਗ ਹੈ ਕਿ ਸੂਬੇ ਦੇ ਸਿਹਤ ਸਕੱਤਰ ਨੂੰ ਵੀ ਬਰਖਾਸਤ ਕੀਤਾ ਜਾਵੇ। ਇਸ ਦੇ ਲਈ ਉਹ ਅੱਜ ਦੁਪਹਿਰ 1 ਵਜੇ ਕਰੁਣਾਮੋਈ (ਸਾਲਟ ਲੇਕ) ਤੋਂ ਸਿਹਤ ਭਵਨ ਤੱਕ ਮਾਰਚ ਵੀ ਕੱਢਣਗੇ।
ਸੁਪਰੀਮ ਕੋਰਟ ਨੇ ਕਿਹਾ ਸੀ ਕਿ ਡਾਕਟਰਾਂ ਨੂੰ ਹੜਤਾਲ ਛੱਡ ਕੇ ਤੁਰੰਤ ਕੰਮ ‘ਤੇ ਪਰਤਣਾ ਚਾਹੀਦਾ ਹੈ। CJI ਨੇ ਕਿਹਾ, ‘ਜੇਕਰ ਮੰਗਲਵਾਰ ਸ਼ਾਮ 5 ਵਜੇ ਤੱਕ ਡਾਕਟਰ ਡਿਊਟੀ ‘ਤੇ ਨਹੀਂ ਪਰਤਦੇ ਤਾਂ ਸੂਬਾ ਸਰਕਾਰ ਨੂੰ ਉਨ੍ਹਾਂ ਖਿਲਾਫ ਕਾਰਵਾਈ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ। ਡਾਕਟਰਾਂ ਦਾ ਪੇਸ਼ਾ ਮਰੀਜ਼ਾਂ ਦੀ ਸੇਵਾ ਕਰਨਾ ਹੈ। ਜੇਕਰ ਡਾਕਟਰ ਲਗਾਤਾਰ ਕੰਮ ਤੋਂ ਦੂਰ ਰਹਿੰਦੇ ਹਨ ਤਾਂ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ।