ਕੁਲਦੀਪ ਧਾਲੀਵਾਲ ਨੇ ਰਵਨੀਤ ਸਿੰਘ ਬਿੱਟੂ ਨੂੰ ਦਿੱਤਾ ਮੰਗ ਪੱਤਰ: ਅਜਨਾਲਾ-ਬੱਲੜ੍ਹਵਾਲ ਬਾਰਡਰ ਬੈਲਟ ਨੂੰ ਰੇਲ ਮਾਰਗ ਰਾਹੀਂ ਪੂਰੇ ਭਾਰਤ ਨਾਲ ਜੋੜਨ ਲਈ ਕੀਤੀ ਮੰਗ

  • ਕੁਲਦੀਪ ਧਾਲੀਵਾਲ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮੰਗ ਪੱਤਰ ਦੇ ਕੇ ਅਜਨਾਲਾ-ਬੱਲੜ੍ਹਵਾਲ ਬਾਰਡਰ ਬੈਲਟ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਰੇਲ ਮਾਰਗ ਰਾਹੀਂ ਪੂਰੇ ਭਾਰਤ ਨਾਲ ਜੋੜਨ ਲਈ ਨਿੱਜੀ ਦਖਲ ਦੀ ਮੰਗ ਕੀਤੀ
  • ਰਮਦਾਸ/ਆਰ.ਡੀ.ਐਸ. ਰੇਲਵੇ ਸਟੇਸ਼ਨ ਨੂੰ ਮੁੜ ਉਸਾਰਨ ਅਤੇ ਸਟੇਸ਼ਨ ਦਾ ਨਾਮ ਸ੍ਰੀ ਹਰਿਮੰਦਰ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ‘ਤੇ ਰੱਖਣ ਦੀ ਮੰਗ ਕੀਤੀ
  • ਕੇਂਦਰੀ ਰੇਲ ਰਾਜ ਮੰਤਰੀ ਵੱਲੋਂ ਰਮਦਾਸ ਰੇਲਵੇ ਸਟੇਸ਼ਨ ਨੂੰ 6 ਮਹੀਨੇ ‘ਚ ਨਵੀਂ ਦਿੱਖ ਦੇਣ ਅਤੇ ਨਾਂ ਬਦਲਣ ਦਾ ਭਰੋਸਾ; ਅਜਨਾਲਾ-ਬੱਲੜ੍ਹਵਾਲ ਸਰਹੱਦੀ ਖੇਤਰ ਨੂੰ ਰੇਲ ਮਾਰਗ ਨਾਲ ਜੋੜਨ ਦੀ ਮੰਗ ਨੂੰ ਵੀ ਸਿਧਾਂਤਕ ਪ੍ਰਵਾਨਗੀ

ਚੰਡੀਗੜ੍ਹ/ਨਵੀਂ ਦਿੱਲੀ, 10 ਸਤੰਬਰ 2024 – ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਵਿਭਾਗ ਦੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ-ਬੱਲੜ੍ਹਵਾਲ ਸਰਹੱਦੀ ਖੇਤਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਰੇਲ ਮਾਰਗ ਰਾਹੀਂ ਪੂਰੇ ਭਾਰਤ ਨਾਲ ਜੋੜਨ ਦਾ ਮੁੱਦਾ ਉਠਾਉਂਦਿਆਂ ਕੇਂਦਰੀ ਰੇਲ ਰਾਜ ਮੰਤਰੀ ਸ. ਰਵਨੀਤ ਸਿੰਘ ਬਿੱਟੂ ਨੂੰ ਵਡੇਰੇ ਜਨਤਕ ਹਿੱਤਾਂ ਨੂੰ ਮੁੱਖ ਰੱਖਦਿਆਂ ਇਸ ਖੇਤਰ ਨੂੰ ਸਮੁੱਚੇ ਭਾਰਤ ਦੇ ਰੇਲ ਨੈਟਵਰਕ ਨਾਲ ਜੋੜਨ ਦੀ ਅਪੀਲ ਕੀਤੀ ਹੈ।

ਸ. ਧਾਲੀਵਾਲ ਨੇ ਰਮਦਾਸ/ਆਰ.ਡੀ.ਐਸ. ਰੇਲਵੇ ਸਟੇਸ਼ਨ ਦਾ ਨਾਮ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ‘ਤੇ ਰੱਖਣ ਦੀ ਮੰਗ ਵੀ ਉਠਾਈ ਹੈ, ਜੋ ਕਿ ਲੋਕਾਂ ਵਿੱਚ ਬਹੁਤ ਸਤਿਕਾਰੇ ਜਾਂਦੇ ਹਨ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਰਾਮਦਾਸ ਸਟੇਸ਼ਨ ਨੂੰ ਮੁੜ ਉਸਾਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਰਮਦਾਸ/ਆਰ.ਡੀ.ਐਸ. ਰੇਲਵੇ ਸਟੇਸ਼ਨ ਵਿਖੇ ਉੱਚ ਪੱਧਰੀ ਪੱਕਾ ਪਲੇਟਫਾਰਮ ਬਣਾਉਣ, ਰੇਲਗੱਡੀਆਂ ਦੀ ਉਡੀਕ ਕਰ ਰਹੇ ਯਾਤਰੀਆਂ ਲਈ ਆਸਰਾ/ਸ਼ੈਡ, ਰੋਸ਼ਨੀ ਅਤੇ ਪੱਖੇ ਵਰਗੀਆਂ ਜਨਤਕ ਸਹੂਲਤਾਂ ਦੇ ਨਾਲ ਪੀਣ ਵਾਲੇ ਪਾਣੀ ਦੀ ਸਹੂਲਤ ਆਦਿ ਪ੍ਰਬੰਧ ਵੀ ਕੀਤੇ ਜਾਣੇ ਬਹੁਤ ਜ਼ਰੂਰੀ ਹਨ।

ਸ. ਧਾਲੀਵਾਲ ਨੇ ਇਸ ਸਟੇਸ਼ਨ ‘ਤੇ ਰੇਲ ਗੱਡੀਆਂ ਦੀ ਆਵਾਜਾਈ 04 ਜੋੜਿਆਂ ਤੋਂ ਵਧਾ ਕੇ ਘੱਟੋ-ਘੱਟ 06 ਜੋੜੇ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਜ਼ਿਆਦਾਤਰ ਲੋਕਾਂ ਦੀ ਅਣਮੁੱਲੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਵੇਰਕਾ ਤੋਂ ਅੰਮ੍ਰਿਤਸਰ ਜਾਂ ਇਸ ਤੋਂ ਅੱਗੇ ਚੱਲਣ ਵਾਲੀਆਂ ਟਰੇਨਾਂ ਨੂੰ ਵਧਾਉਣ ਦੀ ਮੰਗ ਵੀ ਕੇਂਦਰੀ ਮੰਤਰੀ ਤੋਂ ਕੀਤੀ ਗਈ ਹੈ।

ਕੇਂਦਰੀ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਸ.ਧਾਲੀਵਾਲ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਪੰਜਾਬ ਸੂਬੇ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਥਿਤ ਰਾਮਦਾਸ/ਆਰ.ਡੀ.ਐਸ. ਰੇਲਵੇ ਸਟੇਸ਼ਨ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਬਣਾਇਆ ਗਿਆ ਸੀ। ਹਾਲਾਂਕਿ, ਉਪਰੋਕਤ ਰੇਲਵੇ ਸਟੇਸ਼ਨ ‘ਤੇ ਕੋਈ ਪਲੇਟਫਾਰਮ ਨਹੀਂ ਹੈ। ਇਸ ਕਸਬੇ ਦੇ ਨਾਲ-ਨਾਲ ਕਰਤਾਰਪੁਰ ਸਾਹਿਬ ਕੋਰੀਡੋਰ ਭਾਵ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਅਤੇ ਰਮਦਾਸ ਰੇਲਵੇ ਸਟੇਸ਼ਨ ਤੱਕ ਸਿਰਫ਼ ਇੱਕੋ ਹੀ ਰੇਲ ਸੰਪਰਕ ਹੈ।

ਅਜਨਾਲਾ-ਬੱਲੜ੍ਹਵਾਲ ਕਨੈਕਟੀਵਿਟੀ ਬਾਰੇ ਸ. ਧਾਲੀਵਾਲ ਨੇ ਕਿਹਾ ਹੈ ਕਿ ਇਹ ਇਲਾਕਾ ਇੱਕ ਸਰਹੱਦੀ ਇਲਾਕਾ ਹੈ ਅਤੇ ਇਹ ਅਲੱਗ-ਥਲੱਗ ਹੋਣ ਕਾਰਨ ਬਹੁਤ ਪਛੜਿਆ ਹੋਇਆ ਹੈ ਅਤੇ ਇਸ ਖੇਤਰ ਵਿੱਚ ਸੜਕੀ ਸੰਪਰਕ ਮਾੜਾ ਹੈ ਅਤੇ ਮੌਜੂਦਾ ਸਮੇਂ ਵਿੱਚ ਕੋਈ ਰੇਲ ਸੰਪਰਕ ਨਹੀਂ ਹੈ। ਸ. ਧਾਲੀਵਾਲ ਨੇ ਕਿਹਾ ਕਿ ਇਲਾਕੇ ਦੇ ਲੋਕ ਆਪਣੀਆਂ ਰੋਜ਼ਾਨਾ ਦੀਆਂ ਲੋੜ੍ਹਾਂ ਅਤੇ ਹੋਰ ਦਫ਼ਤਰੀ ਕੰਮਾਂ ਲਈ ਅੰਮ੍ਰਿਤਸਰ ਸ਼ਹਿਰ ‘ਤੇ ਨਿਰਭਰ ਹਨ ਅਤੇ ਉਨ੍ਹਾਂ ਨੂੰ ਉਪਰੋਕਤ ਲੋੜ੍ਹਾਂ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਵਿਚਕਾਰ ਰੇਲ ਸੇਵਾ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਅਜਨਾਲਾ ਖੇਤਰ ਦੇ ਲੋਕਾਂ ਦੀ ਸਹੂਲਤ ਲਈ, ਪਿੰਡ ਬੱਲੜ੍ਹਵਾਲ (ਜੋ ਕਿ ਭਾਰਤ-ਪਾਕਿ ਵੰਡ ਤੋਂ ਇੱਕ ਵੱਡਾ ਵਪਾਰਕ ਕੇਂਦਰ ਸੀ) ਰਾਹੀਂ ਰੇਲ ਸੰਪਰਕ ਦੀ ਲੋੜ ਹੈ।

ਲੋਕਾਂ ਦੀਆਂ ਮੈਡੀਕਲ, ਰੋਜ਼ਗਾਰ ਅਤੇ ਵਿੱਦਿਅਕ ਆਦਿ ਲੋੜਾਂ ਪੂਰੀਆਂ ਕਰਨ ਵਾਲੇ ਪ੍ਰਮੁੱਖ ਸ਼ਹਿਰ ਵਜੋਂ ਅੰਮ੍ਰਿਤਸਰ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ, ਪ੍ਰਵਾਸੀ ਭਾਰਤੀ ਮਾਮਲਿਆਂ ਵਿਭਾਗ ਦੇ ਮੰਤਰੀ ਨੇ ਕਿਹਾ ਹੈ ਕਿ ਰੇਲ ਨੈੱਟਵਰਕ ਨਾਲ ਜੁੜਨ ਨਾਲ ਮੈਡੀਕਲ ਮਰੀਜ਼ਾਂ, ਉਦਯੋਗਿਕ ਮਜ਼ਦੂਰਾਂ ਅਤੇ ਮਜ਼ਦੂਰ ਵਰਗ ਅਤੇ ਵਿਦਿਆਰਥੀ ਆਦਿ ਸਮੇਤ ਵੱਡੀ ਪੱਧਰ ‘ਤੇ ਲੋਕਾਂ ਦੀ ਸੇਵਾ ਹੋਵੇਗੀ।

ਉਨ੍ਹਾਂ ਅੱਗੇ ਕਿਹਾ, ‘‘ਪ੍ਰਸਤਾਵਿਤ ਕੁਨੈਕਟੀਵਿਟੀ ਨਾ ਸਿਰਫ਼ ਸਥਾਨਕ ਲੋਕਾਂ ਨੂੰ ਸਹੂਲਤ ਦੇਵੇਗੀ ਬਲਕਿ ਧਾਰਮਿਕ ਸੈਰ-ਸਪਾਟੇ ਨੂੰ ਹੁਲਾਰਾ ਦੇਣ ਵਿੱਚ ਵੀ ਮਦਦਗਾਰ ਹੋਵੇਗੀ। ਬਾਬਾ ਬੁੱਢਾ ਸਾਹਿਬ ਜੀ ਦੇ ਜੋਤੀ ਜੋਤ ਅਸਥਾਨ ਕਾਰਨ ਇਸ ਖੇਤਰ ਦੀ ਉੱਚ ਧਾਰਮਿਕ ਮਹੱਤਤਾ ਹੈ, ਇੱਕ ਇਤਿਹਾਸਕ ਗੁਰੂਦੁਆਰਾ ਬਾਬਾ ਗਮਚੱਕ ਜੀ ਵੀ ਬੱਲੜ੍ਹਵਾਲ ਵਿਖੇ ਸਥਿਤ ਹੈ।’’ ਉਨ੍ਹਾਂ ਕਿਹਾ ਕਿ, ‘‘ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਲਗਾਤਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦੇ ਨਾਲ-ਨਾਲ ਇਸ ਖੇਤਰ ਵਿੱਚ ਆਉਂਦੇ ਹਨ’’।

ਇਸ ਦੌਰਾਨ ਕੇਂਦਰੀ ਰੇਲ ਰਾਜ ਮੰਤਰੀ ਸ. ਰਵਨੀਤ ਸਿੰਘ ਬਿੱਟੂ ਨੇ ਸ. ਧਾਲੀਵਾਲ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਰਮਦਾਸ ਰੇਲਵੇ ਸਟੇਸ਼ਨ ਨੂੰ 6 ਮਹੀਨੇ ‘ਚ ਨਵੀਂ ਦਿੱਖ ਦਿੱਤੀ ਜਾਵੇਗੀ ਅਤੇ ਇਸ ਸਟੇਸ਼ਨ ਦਾ ਨਾਂ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ‘ਤੇ ਰੱਖਿਆ ਜਾਵੇਗਾ। ਕੇਂਦਰੀ ਮੰਤਰੀ ਨੇ ਅਜਨਾਲਾ-ਬੱਲੜ੍ਹਵਾਲ ਸਰਹੱਦੀ ਖੇਤਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਰੇਲ ਮਾਰਗ ਰਾਹੀਂ ਪੂਰੇ ਭਾਰਤ ਨਾਲ ਜੋੜਨ ਦੀ ਮੰਗ ਨੂੰ ਵੀ ਸਿਧਾਂਤਕ ਪ੍ਰਵਾਨਗੀ ਦਿੰਦਿਆਂ ਕਿਹਾ ਕਿ ਇਸ ਮਾਮਲੇ ਨੂੰ ਛੇਤੀ ਹੀ ਵਿਚਾਰਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਵਰਕੌਮ ਦੀਆਂ ਜਥੇਬੰਦੀਆਂ ਸਮੂਹਿਕ ਛੁੱਟੀ ‘ਤੇ: ਵੱਡੀ ਪੱਧਰ ‘ਤੇ ਕੰਮ ਪ੍ਰਭਾਵਿਤ

ਸਰਕਾਰ ਨੇ ਝੋਨੇ ਦੀ ਵਢਾਈ ਤੋਂ ਪਹਿਲਾਂ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕੀਤੇ ਅਗੇਤੇ ਪ੍ਰਬੰਧ: ਗੁਰਮੀਤ ਖੁੱਡੀਆਂ