ਚੰਡੀਗੜ੍ਹ, 11 ਸਤੰਬਰ 2024 – ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਦੇਰ ਰਾਤ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ‘ਆਪ’ ਨੇ ਤੀਜੀ ਸੂਚੀ ‘ਚ 11 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਸੋਮਵਾਰ ਨੂੰ ਆਮ ਆਦਮੀ ਪਾਰਟੀ ਨੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਮੰਗਲਵਾਰ ਸਵੇਰੇ 9 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ। ਤੀਜੀ ਸੂਚੀ ਤੋਂ ਬਾਅਦ ਹੁਣ ਤੱਕ ‘ਆਪ’ ਨੇ ਕੁੱਲ 40 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।
ਅੱਜ ਭਾਜਪਾ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਤੀਸ਼ ਯਾਦਵ ਨੂੰ ਰੇਵਾੜੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਭਾਜਪਾ ਤੋਂ ਆਏ ਸੁਨੀਲ ਰਾਓ ਨੂੰ ਅਟੇਲੀ ਤੋਂ ਟਿਕਟ ਦਿੱਤੀ ਗਈ ਹੈ। ਕਾਂਗਰਸ ਤੋਂ ‘ਆਪ’ ਵਿੱਚ ਸ਼ਾਮਲ ਹੋਏ ਭੀਮ ਸਿੰਘ ਰਾਠੀ ਨੂੰ ਰਾਦੌਰ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਆਮ ਆਦਮੀ ਪਾਰਟੀ ਹਰਿਆਣਾ ਵਿੱਚ ਇਕੱਲਿਆਂ ਹੀ ਚੋਣ ਲੜਨ ਜਾ ਰਹੀ ਹੈ। ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਇਹ ਕਾਂਗਰਸ ਨਾਲ ਗਠਜੋੜ ਕਰਕੇ ਚੋਣ ਲੜੇਗੀ, ਪਰ ਦੋਵੇਂ ਪਾਰਟੀਆਂ ਸੀਟਾਂ ‘ਤੇ ਸਹਿਮਤ ਨਹੀਂ ਹੋ ਸਕੀਆਂ, ਜਿਸ ਤੋਂ ਬਾਅਦ ਪਾਰਟੀ ਨੇ ਇਕੱਲੇ ਚੋਣ ਲੜਨ ਦਾ ਫੈਸਲਾ ਕੀਤਾ। ਹਰਿਆਣਾ ਵਿੱਚ ਚੋਣ ਨਾਮਜ਼ਦਗੀ ਦੀ ਆਖਰੀ ਮਿਤੀ 12 ਸਤੰਬਰ ਹੈ।