- ਏਕੇ 47 ਦੇ 100 ਕਾਰਤੂਸ, 20 ਹੈਂਡ ਗ੍ਰਨੇਡ, 10 ਛੋਟੇ ਰਾਕੇਟ ਮਿਲੇ
ਜੰਮੂ-ਕਸ਼ਮੀਰ, 12 ਸਤੰਬਰ 2024 – ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਫੌਜ ਨੇ ਭਾਰੀ ਮਾਤਰਾ ‘ਚ ਗੋਲਾ ਬਾਰੂਦ ਅਤੇ ਵਿਸਫੋਟਕ ਬਰਾਮਦ ਕੀਤੇ ਹਨ। ਇਸ ਵਿੱਚ ਏਕੇ 47 ਦੇ 100 ਤੋਂ ਵੱਧ ਕਾਰਤੂਸ, 20 ਹੈਂਡ ਗ੍ਰਨੇਡ ਅਤੇ 10 ਛੋਟੇ ਰਾਕੇਟ ਮਿਲੇ ਹਨ। ਆਈਈਡੀ ਵਿਸਫੋਟਕਾਂ ਨਾਲ ਸਬੰਧਤ ਸਮੱਗਰੀ ਵੀ ਜ਼ਬਤ ਕੀਤੀ ਗਈ ਹੈ।
ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਫੌਜ ਅਤੇ ਜੰਮੂ-ਕਸ਼ਮੀਰ ਪੁਲਸ ਨੇ ਕੁਪਵਾੜਾ ਦੇ ਕੇਰਨ ਸੈਕਟਰ ‘ਚ ਸੰਯੁਕਤ ਆਪਰੇਸ਼ਨ ਚਲਾਇਆ। ਫੌਜ ਨੂੰ ਇਹ ਖ਼ੁਫ਼ੀਆ ਜਾਣਕਾਰੀ ਜੰਮੂ-ਕਸ਼ਮੀਰ ਵਿੱਚ ਤਾਇਨਾਤ ਇੱਕ ਵਿਸ਼ੇਸ਼ ਚੋਣ ਨਿਗਰਾਨ ਤੋਂ ਮਿਲੀ ਸੀ।
ਫੌਜ ਨੇ ਕੁਲਗਾਮ ਨੇੜੇ ਅੱਤਵਾਦੀਆਂ ਦੇ ਛੁਪਣਗਾਹ ਦਾ ਪਤਾ ਲਗਾਇਆ ਹੈ। ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਤਿੰਨ ਪੜਾਵਾਂ ‘ਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ।
ਚੋਣਾਂ ਨੇੜੇ ਆਉਂਦੇ ਹੀ ਅੱਤਵਾਦੀ ਗਤੀਵਿਧੀਆਂ ਵਧੀਆਂ, 4 ਦਿਨਾਂ ‘ਚ 4 ਅੱਤਵਾਦੀ ਹਲਾਕ, ਜੰਮੂ-ਕਸ਼ਮੀਰ ‘ਚ ਪਹਿਲੇ ਪੜਾਅ ਦੀ ਵੋਟਿੰਗ ‘ਚ ਸਿਰਫ 6 ਦਿਨ ਬਾਕੀ ਹਨ। ਅਜਿਹੇ ‘ਚ ਅੱਤਵਾਦੀ ਗਤੀਵਿਧੀਆਂ ‘ਚ ਵੀ ਵਾਧਾ ਹੋਇਆ ਹੈ। ਫੌਜ ਨੇ ਪਿਛਲੇ ਚਾਰ ਦਿਨਾਂ ‘ਚ 4 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਸ ਦੌਰਾਨ ਪਾਕਿ ਰੇਂਜਰਾਂ ਵੱਲੋਂ ਵੀ ਗੋਲੀਬਾਰੀ ਦੀ ਘਟਨਾ ਵਾਪਰੀ। ਫੌਜ ਮੁਤਾਬਕ ਇਹ ਘਟਨਾਵਾਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀਆਂ ਜਾ ਰਹੀਆਂ ਹਨ।