ਜਲੰਧਰ, 13 ਸਤੰਬਰ 2024 – ਪੰਜਾਬ ਦੀ ਜਲੰਧਰ ਜੀਆਰਪੀ (ਰੇਲਵੇ ਪੁਲਿਸ ਫੋਰਸ) ਨੇ ਸ਼ਤਾਬਦੀ ਐਕਸਪ੍ਰੈਸ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਲਿਆਂਦੇ ਜਾ ਰਹੇ ਇੱਕ ਵਿਅਕਤੀ ਕੋਲੋਂ ਕਰੀਬ 2 ਕਿਲੋ ਸੋਨਾ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸੂਚਨਾ ਮਿਲੀ ਸੀ ਕਿ ਇਹ ਸ਼ਕਸ ਸ਼ਤਾਬਦੀ ਐਕਸਪ੍ਰੈੱਸ ਰਾਹੀਂ ਭਾਰੀ ਮਾਤਰਾ ‘ਚ ਨਾਜਾਇਜ਼ ਸੋਨਾ ਲੈ ਕੇ ਜਾ ਰਿਹਾ ਹੈ, ਜਿਸ ਤੋਂ ਬਾਅਦ ਜਦੋਂ ਟਰੇਨ ਸਵੇਰੇ 6 ਵਜੇ ਜਲੰਧਰ ਰੇਲਵੇ ਸਟੇਸ਼ਨ ‘ਤੇ ਪਹੁੰਚੀ ਤਾਂ ਅੰਮ੍ਰਿਤਸਰ ਤੋਂ ਪਿੱਛਾ ਕਰ ਰਹੀ ਟੀਮ ਨੇ ਉਕਤ ਵਿਅਕਤੀ ਨੂੰ ਰੋਕ ਕੇ ਉਸ ਦੇ ਬੈਗ ਦੀ ਤਲਾਸ਼ੀ ਲਈ। ਜਿਸ ਵਿੱਚ ਭਾਰੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਮਿਲੇ ਹਨ। ਜਿਸ ਤੋਂ ਬਾਅਦ ਉਸ ਕੋਲ ਸੋਨੇ ਨਾਲ ਸਬੰਧਤ ਕੋਈ ਠੋਸ ਦਸਤਾਵੇਜ਼ ਨਹੀਂ ਸੀ। ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਉਸ ਦਾ ਸੋਨਾ ਜ਼ਬਤ ਕਰ ਲਿਆ ਅਤੇ ਤੁਰੰਤ ਆਮਦਨ ਕਰ ਵਿਭਾਗ ਨੂੰ ਮਾਮਲੇ ਦੀ ਸੂਚਨਾ ਦਿੱਤੀ।
ਜੀਆਰਪੀ ਜਲੰਧਰ ਦੇ ਇੰਸਪੈਕਟਰ ਰਾਜੇਸ਼ ਕੁਮਾਰ ਰੋਹਿਲਾ ਨੇ ਦੱਸਿਆ ਕਿ ਸੀਨੀਅਰ ਡਵੀਜ਼ਨਲ ਸੁਰੱਖਿਆ ਕਮਿਸ਼ਨਰ ਫ਼ਿਰੋਜ਼ਪੁਰ ਰਿਸ਼ੀ ਪਾਂਡੇ ਦੀਆਂ ਹਦਾਇਤਾਂ ਅਨੁਸਾਰ ਉਹ ਰੇਲਵੇ ਸਟੇਸ਼ਨ ‘ਤੇ ਹੋਣ ਵਾਲੀਆਂ ਸਮਾਜ ਵਿਰੋਧੀ ਗਤੀਵਿਧੀਆਂ ‘ਤੇ ਵਿਸ਼ੇਸ਼ ਨਜ਼ਰ ਰੱਖਦੇ ਹਨ ਅਤੇ ਰੇਲਵੇ ਯਾਤਰੀਆਂ ਦੀ ਸੁਰੱਖਿਆ ਦਾ ਵੀ ਵਿਸ਼ੇਸ਼ ਧਿਆਨ ਰੱਖਦੇ ਹਨ।
ਰੋਹੀਲਾ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਏ.ਐਸ.ਆਈ ਪ੍ਰਦੀਪ ਕੁਮਾਰ ਆਪਣੀ ਟੀਮ ਸਮੇਤ ਅੰਮ੍ਰਿਤਸਰ ਦੇ ਹੀ ਇੱਕ ਵਿਅਕਤੀ ‘ਤੇ ਨਜ਼ਰ ਰੱਖ ਰਹੇ ਸਨ। ਜਿਸ ‘ਤੇ ਕਾਰਵਾਈ ਕਰਦੇ ਹੋਏ ਟੀਮ ਨੇ ਸਫਲਤਾ ਹਾਸਲ ਕੀਤੀ ਹੈ।
ਇੰਸਪੈਕਟਰ ਜੀਆਰਪੀ ਜਲੰਧਰ ਨੇ ਦੱਸਿਆ ਕਿ ਜੀਐਸਟੀ ਵਿਭਾਗ ਦੇ ਈਟੀਓ ਡੀਐਸ ਚੀਮਾ ਅਤੇ ਇਨਕਮ ਟੈਕਸ ਵਿਭਾਗ ਦੇ ਇੰਸਪੈਕਟਰ ਸੰਦੀਪ ਸ਼ਰਮਾ ਅਤੇ ਇੰਸਪੈਕਟਰ ਸੰਨੀ ਮੋਤਸਰਾ ਨੇ ਬਰਾਮਦ ਸੋਨੇ ਦੇ ਗਹਿਣਿਆਂ ਦਾ ਮੁਲਾਂਕਣ ਕੀਤਾ। ਸੋਨੇ ਦੇ ਗਹਿਣਿਆਂ ਦਾ ਵਜ਼ਨ 2 ਕਿਲੋ ਦੱਸਿਆ ਜਾ ਰਿਹਾ ਹੈ ਅਤੇ ਇਸ ਦੀ ਕੀਮਤ ਕਰੀਬ 70 ਲੱਖ ਰੁਪਏ ਦੱਸੀ ਜਾ ਰਹੀ ਹੈ।