- ਪੱਛਮੀ ਦੇਸ਼ਾਂ ‘ਤੇ ਹਮਲੇ ਦੀ ਤਿਆਰੀ
ਨਵੀਂ ਦਿੱਲੀ, 14 ਸਤੰਬਰ 2024 – ਅੰਗਰੇਜ਼ੀ ਅਖਬਾਰ ਮਿਰਰ ਨੇ ਇਕ ਖੁਫੀਆ ਰਿਪੋਰਟ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਅੱਤਵਾਦੀ ਓਸਾਮਾ ਬਿਨ ਲਾਦੇਨ ਦਾ ਬੇਟਾ ਹਮਜ਼ਾ ਬਿਨ ਲਾਦੇਨ ਜ਼ਿੰਦਾ ਹੈ। ਹਮਜ਼ਾ ਅਫਗਾਨਿਸਤਾਨ ਵਿੱਚ ਅਲਕਾਇਦਾ ਦਾ ਨੈੱਟਵਰਕ ਸਥਾਪਤ ਕਰਨ ਵਿੱਚ ਲੱਗਾ ਹੋਇਆ ਹੈ।
ਇਸ ਤੋਂ ਪਹਿਲਾਂ 2019 ‘ਚ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਹਮਜ਼ਾ ਦੀ ਮੌਤ ਹਵਾਈ ਹਮਲੇ ‘ਚ ਹੋਈ ਸੀ। ਤਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ 14 ਸਤੰਬਰ 2019 ਨੂੰ ਇਸ ਦੀ ਪੁਸ਼ਟੀ ਕੀਤੀ ਸੀ। ਮਿਰਰ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਹਮਜ਼ਾ ਆਪਣੇ ਭਰਾ ਅਬਦੁੱਲਾ ਬਿਨ ਲਾਦੇਨ ਨਾਲ ਮਿਲ ਕੇ ਅਫਗਾਨਿਸਤਾਨ ‘ਚ ਅਲਕਾਇਦਾ ਨੈੱਟਵਰਕ ਨੂੰ ਗੁਪਤ ਰੂਪ ਨਾਲ ਚਲਾ ਰਿਹਾ ਹੈ।
ਮਿਰਰ ਨੇ ਤਾਲਿਬਾਨ ਵਿਰੋਧੀ ਫੌਜੀ ਸੰਗਠਨ ਨੈਸ਼ਨਲ ਮੋਬਿਲਾਈਜ਼ੇਸ਼ਨ ਫਰੰਟ (ਐੱਨ.ਐੱਮ.ਐੱਫ.) ਦੀ ਰਿਪੋਰਟ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ। NMF ਨੇ ਆਪਣੀ ਰਿਪੋਰਟ ‘ਚ ਹਮਜ਼ਾ ਅਤੇ ਉਸ ਦੇ ਸਾਥੀਆਂ ਬਾਰੇ ਜਾਣਕਾਰੀ ਦਿੱਤੀ ਹੈ।
ਮਿਰਰ ਮੁਤਾਬਕ NMF ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਹਮਜ਼ਾ ਉੱਤਰੀ ਅਫਗਾਨਿਸਤਾਨ ‘ਚ ਲੁਕਿਆ ਹੋਇਆ ਹੈ। ਉਸ ਦੀ ਸੁਰੱਖਿਆ ਲਈ 450 ਸਨਾਈਪਰ ਹਮੇਸ਼ਾ ਤਾਇਨਾਤ ਰਹਿੰਦੇ ਹਨ। ਹਮਜ਼ਾ ਨੂੰ ਦਹਿਸ਼ਤ ਦਾ ਸ਼ਹਿਜ਼ਾਦਾ ਕਿਹਾ ਜਾਂਦਾ ਹੈ। MNF ਨੇ ਕਿਹਾ ਹੈ ਕਿ 2021 ‘ਚ ਤਾਲਿਬਾਨ ਦੇ ਆਉਣ ਤੋਂ ਬਾਅਦ ਅਫਗਾਨਿਸਤਾਨ ਅੱਤਵਾਦੀ ਸਮੂਹਾਂ ਦਾ ਸਿਖਲਾਈ ਕੇਂਦਰ ਬਣ ਗਿਆ ਹੈ।
ਰਿਪੋਰਟ ਮੁਤਾਬਕ ਹਮਜ਼ਾ ਪੰਜਸ਼ੀਰ ਦੇ ਦਾਰਾ ਅਬਦੁੱਲਾ ਖੇਲ ਜ਼ਿਲ੍ਹੇ ਵਿੱਚ ਹੈ। ਜਿੱਥੇ ਇਸਦੀ ਸੁਰੱਖਿਆ ਲਈ ਅਰਬੀ ਅਤੇ ਪਾਕਿਸਤਾਨੀ ਤਾਇਨਾਤ ਹਨ। ਉਸ ਦੀ ਕਮਾਨ ਹੇਠ ਅਲਕਾਇਦਾ ਇਕ ਵਾਰ ਫਿਰ ਉਭਰ ਰਿਹਾ ਹੈ। ਇਹ ਪੱਛਮੀ ਦੇਸ਼ਾਂ ‘ਤੇ ਭਵਿੱਖ ਦੇ ਹਮਲਿਆਂ ਦੀ ਵੀ ਤਿਆਰੀ ਕਰ ਰਿਹਾ ਹੈ।
NMF ਨੇ ਦਾਅਵਾ ਕੀਤਾ ਹੈ ਕਿ ਅਫਗਾਨਿਸਤਾਨ ‘ਚ ਅਲਕਾਇਦਾ ਤੋਂ ਇਲਾਵਾ 21 ਹੋਰ ਅੱਤਵਾਦੀ ਸੰਗਠਨਾਂ ਦੇ ਸਿਖਲਾਈ ਕੇਂਦਰ ਵੀ ਚੱਲ ਰਹੇ ਹਨ।
11 ਸਤੰਬਰ 2001 ਨੂੰ ਅਲਕਾਇਦਾ ਦੇ ਅੱਤਵਾਦੀਆਂ ਨੇ ਅਮਰੀਕਾ ਦੇ ਵਰਲਡ ਟਰੇਡ ਸੈਂਟਰ ਵਿੱਚ ਜਹਾਜ਼ਾਂ ਨੂੰ ਕ੍ਰੈਸ਼ ਕਰ ਦਿੱਤਾ ਸੀ। ਅੱਤਵਾਦੀਆਂ ਨੇ 4 ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਸੀ। ਇਨ੍ਹਾਂ ‘ਚੋਂ 3 ਜਹਾਜ਼ ਇਕ-ਇਕ ਕਰਕੇ ਅਮਰੀਕਾ ਦੀਆਂ 3 ਅਹਿਮ ਇਮਾਰਤਾਂ ਨਾਲ ਟਕਰਾ ਗਏ। ਪਹਿਲਾ ਹਾਦਸਾ 8:45 ਵਜੇ ਹੋਇਆ। ਬੋਇੰਗ 767 ਤੇਜ਼ ਰਫਤਾਰ ਨਾਲ ਵਰਲਡ ਟਰੇਡ ਸੈਂਟਰ ਦੇ ਉੱਤਰੀ ਟਾਵਰ ਨਾਲ ਟਕਰਾ ਗਿਆ ਸੀ।
18 ਮਿੰਟ ਬਾਅਦ, ਇੱਕ ਦੂਜਾ ਬੋਇੰਗ 767 ਇਮਾਰਤ ਦੇ ਦੱਖਣੀ ਟਾਵਰ ਨਾਲ ਟਕਰਾ ਗਿਆ। ਜਦੋਂਕਿ ਇੱਕ ਜਹਾਜ਼ ਅਮਰੀਕੀ ਰੱਖਿਆ ਮੰਤਰਾਲੇ ਯਾਨੀ ਪੈਂਟਾਗਨ ਨਾਲ ਟਕਰਾ ਗਿਆ। ਚੌਥਾ ਜਹਾਜ਼ ਇੱਕ ਖੇਤ ਵਿੱਚ ਕਰੈਸ਼ ਹੋ ਗਿਆ। 9/11 ਦੇ ਹਮਲੇ ਵਿਚ 93 ਦੇਸ਼ਾਂ ਦੇ 3 ਹਜ਼ਾਰ ਲੋਕ ਮਾਰੇ ਗਏ ਸਨ।
ਇਸ ਹਮਲੇ ਦਾ ਮਾਸਟਰਮਾਈਂਡ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਸੀ। ਓਸਾਮਾ 2 ਮਈ 2011 ਨੂੰ ਪਾਕਿਸਤਾਨ ਦੇ ਐਬਟਾਬਾਦ ਵਿੱਚ ਯੂਐਸ ਨੇਵੀ ਸੀਲ ਕਮਾਂਡੋਜ਼ ਦੁਆਰਾ ਇੱਕ ਕਾਰਵਾਈ ਵਿੱਚ ਮਾਰਿਆ ਗਿਆ ਸੀ।
ਮਿਰਰ ਮੁਤਾਬਕ ਅਲਕਾਇਦਾ ਨੇ ਅਫਗਾਨਿਸਤਾਨ ਵਿੱਚ 10 ਸਿਖਲਾਈ ਕੇਂਦਰ ਬਣਾਏ ਹਨ। ਇੱਥੇ ਉਹ ਪੱਛਮੀ ਦੇਸ਼ਾਂ ਨੂੰ ਨਫ਼ਰਤ ਕਰਨ ਵਾਲੇ ਵੱਖ-ਵੱਖ ਅੱਤਵਾਦੀ ਸੰਗਠਨਾਂ ਨਾਲ ਵੀ ਗਠਜੋੜ ਕਰ ਰਿਹਾ ਹੈ। ਅਲਕਾਇਦਾ ਆਗੂ ਹਮਜ਼ਾ ਆਪਣਾ ਜ਼ਿਆਦਾਤਰ ਸਮਾਂ ਕਾਬੁਲ ਤੋਂ 100 ਕਿਲੋਮੀਟਰ ਦੂਰ ਜਲਾਲਾਬਾਦ ਵਿੱਚ ਬਿਤਾਉਂਦਾ ਹੈ।
ਰਿਪੋਰਟ ਮੁਤਾਬਕ 34 ਸਾਲਾ ਹਮਜ਼ਾ ਦੇ ਤਾਲਿਬਾਨ ਦੇ ਸੀਨੀਅਰ ਆਗੂਆਂ ਨਾਲ ਚੰਗੇ ਸਬੰਧ ਹਨ। ਤਾਲਿਬਾਨ ਨੇਤਾ ਸਮੇਂ-ਸਮੇਂ ‘ਤੇ ਉਸ ਨੂੰ ਮਿਲਦੇ ਰਹਿੰਦੇ ਹਨ। ਰਿਪੋਰਟ ਮੁਤਾਬਕ ਤਾਲਿਬਾਨ ਹਮਜ਼ਾ ਦੇ ਪਰਿਵਾਰ ਨੂੰ ਸੁਰੱਖਿਆ ਵੀ ਪ੍ਰਦਾਨ ਕਰ ਰਿਹਾ ਹੈ।