- ਕਾਬੂ ਕੀਤੇ ਆਰੋਪੀਆਂ ਦੇ ਵਿੱਚੋਂ ਆਰੋਪੀ ਪਹਿਲਾਂ ਹੀ ਸੁਨਿਆਰੇ ਦਾ ਕਰਦੇ ਸੀ ਕੰਮ
- ਪੁਲਿਸ ਨੇ ਆਰੋਪੀਆਂ ਤੋਂ 01 ਕਿਲੋ 710 ਗ੍ਰਾਮ ਸੋਨੇ ਦੇ ਗਹਿਣੇ ਤੇ ਇੱਕ ਪਿਸਤੋਲ ਕੀਤਾ ਬਰਾਮਦ
ਅੰਮ੍ਰਿਤਸਰ, 15 ਸਤੰਬਰ 2024 – ਪਿਛਲੇ ਦੋ ਦਿਨ ਪਹਿਲਾਂ ਅੰਮ੍ਰਿਤਸਰ ਦਰਬਾਰ ਸਾਹਿਬ ਨਜ਼ਦੀਕ ਇੱਕ ਨੌਜਵਾਨ ਤੋਂ ਸੋਨੇ ਦੇ ਪਾਰਸਲ ਲੁੱਟਣ ਦੀ ਖਬਰ ਸਾਹਮਣੇ ਆਈ ਸੀ, ਜਿਸ ਵਿੱਚ ਕਿ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਗੋਲਡ ਪਾਰਸਲ ਕਰਨ ਵਾਲੇ ਵਿਅਕਤੀ ਦੇ ਕੋਲੋਂ ਸੋਨੇ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਹੀ ਇਸ ਮਾਮਲੇ ਚ ਜਾਂਚ ਕੀਤੀ ਜਾ ਰਹੀ ਸੀ ਅਤੇ ਹੁਣ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ 13 ਸਤੰਬਰ ਦੀ ਸ਼ਾਮ ਨੂੰ ਮੁਕੇਸ਼ ਸੈਨੀ ਨਾਮਕ ਵਿਅਕਤੀ ਦੇ ਕੋਲੋਂ ਸੋਨੇ ਦੀ ਲੁੱਟ ਹੋਣ ਦੀ ਜਾਣਕਾਰੀ ਮਿਲੀ ਸੀ। ਜਿਸ ਤੇ ਪੁਲਿਸ ਟੀਮਾਂ ਨੇ ਕਾਰਵਾਈ ਕਰਦੇ ਹੋਏ ਚਾਰ ਆਰੋਪੀ ਕਾਬੂ ਕੀਤੇ ਹਨ ਜਿਨਾਂ ਦੀ ਪਹਿਚਾਣ ਕਰਨਜੀਤ ਸਿੰਘ, ਜਸਕਰਨ ਸਿੰਘ, ਸ਼ਿਵਮਦੀਪ ਸਿੰਘ ਅਤੇ ਬਿਕਰਮਜੀਤ ਸਿੰਘ ਉਰਫ ਵਿੱਕੀ ਦੇ ਰੂਪ ਵਿੱਚ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਜਸਕਰਨ ਸਿੰਘ ਅਤੇ ਕਰਨਜੀਤ ਸਿੰਘ ਪਹਿਲਾਂ ਤੋਂ ਹੀ ਸੁਨਿਆਰੇ ਦਾ ਕੰਮ ਕਰਦੇ ਸਨ ਅਤੇ ਇਹਨਾਂ ਦੋਨਾਂ ਨੌਜਵਾਨਾਂ ਵੱਲੋਂ ਹੀ ਮੁਕੇਸ਼ ਸੈਨੀ ਦੀ ਰੇਕੀ ਕੀਤੀ ਗਈ ਸੀ। ਉਹਨਾਂ ਕਿਹਾ ਕਿ ਦੋਵਾਂ ਨੌਜਵਾਨਾਂ ਨੂੰ ਪਤਾ ਸੀ ਕਿ ਮੁਕੇਸ਼ ਸੈਨੀ ਵੱਖ ਵੱਖ ਦੁਕਾਨਾਂ ਤੋਂ ਸੋਨੇ ਦੇ ਪਾਰਸਲ ਲੈ ਕੇ ਵੱਖ-ਵੱਖ ਸ਼ਹਿਰਾਂ ਵਿੱਚ ਪਾਰਸਲ ਕਰਦਾ ਹੈ ਜਿਸ ਤੇ ਚਲਦੇ ਉਹਨਾਂ ਨੇ ਪੂਰੀ ਰੇਕੀ ਕਰਕੇ ਇਸ ਕੋਲੋਂ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਕਿਹਾ ਕਿ ਇਹਨਾਂ ਨੂੰ ਬੜੀ ਹੀ ਮੁਸਤੈਦੀ ਦੇ ਨਾਲ ਕਾਬੂ ਕੀਤਾ ਹੈ ਅਤੇ ਇਹਨਾਂ ਚਾਰਾਂ ਵਿਅਕਤੀਆਂ ਦੇ ਕੋਲੋਂ ਇਕ ਕਿਲੋ 710 ਗ੍ਰਾਮ ਸੋਨੇ ਦੇ ਗਹਿਣੇ ਅਤੇ ਇੱਕ ਪਿਸਤੌਲ ਅਤੇ ਇੱਕ ਪਾਰਸਲ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕਰ ਲਿੱਤਾ ਹੈ। ਪੁਲਿਸ ਨੇ ਦੱਸਿਆ ਕਿ ਫਿਲਹਾਲ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਤੇ ਆਰੋਪੀਆਂ ਤੋਂ ਹੋਰ ਵੀ ਬਰੀਕੀ ਨਾਲ ਪੁੱਛ ਗਿੱਛ ਜਾਰੀ ਹੈ।