- ਲੋਕਾਂ ਨੇ ਸੇਬ ਚੁੱਕ ਕੇ ਘਰ ਜਾਣ ਦੀ ਬਜਾਏ ਕੀਤੀ ਡਰਾਈਵਰ ਦੀ ਮਦਦ
ਗੁਰਦਾਸਪੁਰ, 18 ਸਤੰਬਰ 2024 – ਗੁਰਦਾਸਪੁਰ ਦੇ ਬੱਬਰੀ ਬਾਈਪਾਸ ਤੇ ਸੰਤੁਲਨ ਵਿਗੜਨ ਕਾਰਨ ਸੇਬਾਂ ਦੀ ਭਰੀ ਗੱਡੀ ਨੈਸ਼ਨਲ ਹਾਈਵੇ ਤੇ ਹੀ ਪਲਟ ਗਈ। ਪਰ ਗੁਰਦਾਸਪੁਰ ਦੇ ਲੋਕਾਂ ਨੇ ਸੜਕ ਤੇ ਖਿਲਰੇ ਸੇਬ ਚੁੱਕਣ ਦੀ ਬਜਾਏ ਡਰਾਈਵਰ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਡਰਾਈਵਰ ਗੁਰਦਾਸਪੁਰ ਦੇ ਲੋਕਾਂ ਦਾ ਕਾਇਲ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਗਾਂ ਨੂੰ ਬਚਾਉਂਦੇ ਬਚਾਉਂਦੇ ਇਹ ਹਾਦਸਾ ਵਾਪਰਿਆ ਹੈ। ਗੱਡੀ ਪਲਟਣ ਕਾਰਨ ਉਸ ਵਿੱਚ ਲੱਦੇ ਸਾਰੇ ਸੇਬ ਨੈਸ਼ਨਲ ਹਾਈਵੇਅ ‘ਤੇ ਹੀ ਖਿਲਰ ਗਏ।ਡਰਾਈਵਰ ਦਾ ਕਹਿਣਾ ਹੈ ਕਿ ਡਿਵਾਈਡਰ ਦੇ ਵਿੱਚੋਂ ਇਕਦਮ ਗਾਂ ਬਾਹਰ ਨਿਕਲਣ ਕਰਕੇ ਉਹ ਗਾਂ ਨੂੰ ਬਚਾਉਂਦੇ ਬਚਾਉਂਦੇ ਡਿਵਾਈਡਰ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਇਹ ਸਾਰੀ ਦੁਰਘਟਨਾ ਵਾਪਰੀ ਹੈ।
ਸਵੇਰ ਦੀ ਸੈਰ ਕਰਨ ਲਈ ਨੈਸ਼ਨਲ ਹਾਈਵੇ ਦੇ ਜਾ ਰਹੇ ਲੋਕਾਂ ਨੇ ਡਰਾਈਵਰ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਦਾ ਕਹਿਣਾ ਸੀ ਕਿ ਜ਼ਿਆਦਾਤਰ ਲੋਕ ਸੜਕ ਤੇ ਡਰਾਈਵਰ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸਦਾ ਸਮਾਨ ਚੋਰੀ ਕਰ ਲੈਂਦੇ ਹਨ ਜਦਕਿ ਲੋਕਾਂ ਨੂੰ ਇਸ ਮੌਕੇ ਤੇ ਅਜਿਹੇ ਲੋਕਾਂ ਦੀ ਮਦਦ ਕਰਨ ਦੀ ਜਰੂਰਤ ਹੁੰਦੀ ਹੈ, ਜਿਸ ਕਰਕੇ ਲੋਕਾਂ ਵੱਲੋਂ ਡਰਾਈਵਰ ਦੀ ਮਦਦ ਕੀਤੀ ਗਈ। ਹਾਲਾਂਕਿ ਇਸ ਦੇ ਕੁਝ ਘੰਟੇ ਬਾਅਦ ਸਬਜ਼ੀ ਮੰਡੀ ਦੇ ਵਪਾਰੀ ਵੱਲੋਂ ਇੱਕ ਆਪਣੀ ਗੱਡੀ ਭੇਜ ਕੇ ਮਾਲ ਨੂੰ ਦੁਬਾਰਾ ਤੋਂ ਰੀਲੋਡ ਕਰਕੇ ਵਾਪਸ ਭੇਜ ਦਿੱਤਾ ਗਿਆ।