ਮੁੱਖ ਮੰਤਰੀ ਨੇ ਦਿੱਲੀ ਤੋਂ ਚੰਡੀਗੜ੍ਹ ਆਉਣ ਵੇਲੇ ਚਾਰਟਡ ਫਲਾਈਟ ਵਿਚ ਗੈਰ ਕਾਨੂੰਨੀ ਤੌਰ ’ਤੇ ਸ਼ਰਾਬ ਪੀਤੀ: ਬਿਕਰਮ ਮਜੀਠੀਆ

  • ਕਿਹਾ ਕਿ ਨਵੀਂ ਖੇਤੀਬਾੜੀ ਨੀਤੀ ਪੁਰਾਣੀ ਬੋਤਲ ਵਿਚ ਨਵੀਂ ਸ਼ਰਾਬ, ਇਸ ਨਾਲ ਪੰਜਾਬ ਦਾ ਖੇਤੀ ਸੰਕਟ ਹੱਲ ਹੋਣ ਵਾਲਾ ਨਹੀਂ
  • ਰਾਕੇਸ਼ ਪ੍ਰਾਸ਼ਰ ਨੂੰ ਮੁੜ ਅਕਾਲੀ ਦਲ ਵਿਚ ਕੀਤਾ ਸ਼ਾਮਲ

ਪਟਿਆਲਾ, 18 ਸਤੰਬਰ 2024 : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਤੋਂ ਚੰਡੀਗੜ੍ਹ ਚਾਰਟਡ ਫਲਾਈਟ ਵਿਚ ਆਉਣ ਵੇਲੇ ਗੈਰ ਕਾਨੂੰਨੀ ਤੌਰ ’ਤੇ ਸ਼ਰਾਬ ਕੀਤੀ ਸੀ ਜਿਸ ਕਾਰਣ ਉਹ ਜਹਾਜ਼ ਵਿਚੋਂ ਉਤਰਣ ਵੇਲੇ ਥੱਲੇ ਡਿੱਗ ਪਏ ਸਨ। ਉਹਨਾਂ ਮੰਗ ਕੀਤੀ ਕਿ ਮਾਮਲੇ ਦੀ ਢੁਕਵੀ. ਜਾਂਚ ਕਰਵਾਈ ਜਾਵੇ।

ਅਕਾਲੀ ਆਗੂ ਆਪਣੇ ਸਾਬਕਾ ਓ ਐਸ ਡੀ ਰਾਕੇਸ਼ ਪ੍ਰਾਸ਼ਰ ਜਿਹਨਾਂ ਨੂੰ ਉਹਨਾਂ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰਵਾਇਆ, ਦੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪ੍ਰਾਸ਼ਰ ਦਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸ੍ਰੀ ਪ੍ਰਾਸ਼ਰ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੇਗੀ।

ਕੱਲ੍ਹ ਚੰਡੀਗੜ੍ਹ ਹਵਾਈ ਅੱਡੇ ’ਤੇ ਵਾਪਰੀ ਘਟਨਾ ਦੀ ਗੱਲ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਦਿੱਲੀ ਤੋਂ ਚੰਡੀਗੜ੍ਹ ਫਲਾਈਟ ਵੇਲੇ ਆਪਣੇ ਓ ਐਸ ਡੀ ਨਾਲ ਰਲ ਕੇ ਸ਼ਰਾਬ ਪੀਤੀ। ਉਹਨਾਂ ਕਿਹਾ ਕਿ ਇਹੀ ਕਾਰਣ ਸੀ ਕਿ ਸ੍ਰੀ ਭਗਵੰਤ ਮਾਨ ਦੇ ਪੈਰ ਥਿੜਕ ਗਏ ਤੇ ਉਹ ਜਹਾਜ਼ ਵਿਚੋਂ ਉਤਰਣ ਲੱਗਿਆਂ ਹੇਠਾਂ ਡਿੱਗ ਪਏ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਸ੍ਰੀ ਅਰਵਿੰਦ ਕੇਜਰੀਵਾਲ ਨੇ ਇਹ ਕਹਿ ਦਿੱਤਾ ਕਿ ਉਹਨਾਂ ਉਹਨਾਂ ਨੂੰ ਵੀ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਵੇਗਾ ਤਾਂ ਉਸ ਵੇਲੇ ਤੋਂ ਪਿਛਲੇ ਦੋ ਦਿਨਾਂ ਤੋਂ ਉਹ ਪ੍ਰੇਸ਼ਾਨ ਸਨ। ਉਹਨਾਂ ਕਿਹਾ ਕਿ ਇਸੇ ਕਾਰਣ ਉਹਨਾਂ ਸ਼ਰਾਬ ਪੀਤੀ। ਉਹਨਾਂ ਕਿਹਾ ਕਿ ਪੰਜਾਬੀ ਵੇਖ ਰਹੇ ਹਨ ਕਿ ਕਿਵੇਂ ਇਕ ਦਿਨ ਪਹਿਲਾਂ ਹੀ ਇਕ ਇਲੈਕਟ੍ਰਾਨਿਕ ਚੈਨਲ ਨਾਲ ਇੰਟਰਵਿਊ ਵੇਲੇ ਮੁੱਖ ਮੰਤਰੀ ਸ਼ਰਾਬ ਨਾਲ ਧੁੱਤ ਸਨ।

ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਦੁਬਾਰਾ ਚਾਰਟਡ ਫਲਾਈਟ ਵਿਚ ਵਾਪਸ ਦਿੱਲੀ ਲਿਜਾਇਆ ਗਿਆ ਤੇ ਇਹ ਸੂਬੇ ਦੇ ਸਰੋਤਾਂ ਦੀ ਸਿੱਧੀ ਬਰਬਾਦੀ ਹੈ ਤੇ ਘਿਨੌਣਾ ਅਪਰਾਧ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਦੱਸੇ ਕਿ ਉਹਨਾਂ ਨੂੰ ਚੰਡੀਗੜ੍ਹ ਜਾਂ ਪੰਜਾਬ ਦੇ ਕਿਸੇ ਹਸਪਤਾਲ ਵਿਚ ਦਾਖਲ ਕਿਉਂ ਨਹੀਂ ਕਰਵਾਇਆ ਗਿਆ ? ਉਹਨਾਂ ਕਿਹਾ ਕਿ ਕਾਰਣ ਸਪਸ਼ਟ ਹੈ। ਜੇਕਰ ਮੁੱਖ ਮੰਤਰੀ ਨੂੰ ਕਿਸੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਹੁੰਦਾ ਤਾਂ ਸੱਚ ਸਾਹਮਣੇ ਆ ਜਾਣਾ ਸੀ ਕਿ ਉਹ ਸ਼ਰਾਬ ਵਿਚ ਧੁੱਤ ਹੋਣ ਕਾਰਣ ਡਿੱਗੇ ਹਨ।

ਅਕਾਲੀ ਆਗੂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੁੱਖ ਮੰਤਰੀ ਸ਼ਰਾਬ ਵਿਚ ਧੁੱਤ ਹੋਣ ਕਾਰਣ ਇਸ ਤਰੀਕੇ ਲੋਕਾਂ ਸਾਹਮਣੇ ਆਏ ਹਨ। ਉਹਨਾਂ ਕਿਹਾ ਕਿ ਪਹਿਲਾਂ ਵੀ ਸ੍ਰੀ ਭਗਵੰਤ ਮਾਨ ਨੂੰ ਸ਼ਰਾਬ ਵਿਚ ਰੱਜੇ ਹੋਣ ਦੇ ਬਾਵਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਣ ਅਤੇ ਸ਼ਰਾਬੀ ਹੋਣ ਕਾਰਣ ਜਰਮਨੀ ਵਿਚ ਲੁਫਥਾਨਸਾ ਫਲਾਈਟ ਵਿਚੋਂ ਲਾਹੇ ਜਾਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਆਪ ਸਰਕਾਰ ਦੀ ਨਵੀਂ ਖੇਤੀਬਾੜੀ ਨੀਤੀ ਪੁਰਾਣੀ ਬੋਤਲ ਵਿਚ ਨਵੀਂ ਸ਼ਰਾਬ ਹੈ। ਉਹਨਾਂ ਕਿਹਾ ਕਿ ਇਸ ਨੀਤੀ ਨਾਲ ਕਿਸਾਨ ਖੁਦਕੁਸ਼ੀਆਂ ਨਹੀਂ ਰੁਕਣਗੀਆਂ, ਨਾ ਹੀ ਫਸਲੀ ਵਿਭਿੰਨਤਾ ਆ ਸਕੇਗੀ ਤੇ ਨਾ ਹੀ ਜ਼ਮੀਨ ਹੇਠਲਾ ਪਾਣੀ ਹੋਰ ਹੇਠਾਂ ਜਾਣ ਤੋਂ ਬਚਾਇਆ ਜਾ ਸਕੇਗਾ। ਉਹਨਾਂ ਕਿਹਾ ਕਿ ਇਹ ਨੀਤੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਜਿਹਨਾਂ ਸਿਰ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ ਹੈ, ਦਾ ਕਰਜ਼ਾ ਘਟਾਉਣ ਵਿਚ ਸਹਾਈ ਨਹੀਂ ਹੋਵੇਗੀ ਤੇ ਨਾ ਹੀ ਇਸ ਵਿਚ ਮੱਕੀ ਤੇ ਦਾਲਾਂ ਲਈ ਐਮ ਐਸ ਪੀ ਦਾ ਵਾਅਦਾ ਕੀਤਾ ਗਿਆ ਹੈ ਤਾਂ ਜੋ ਝੋਨੇ ਦੀ ਥਾਂ ਫਸਲੀ ਵਿਭਿੰਨਤਾ ਲਿਆਂਦੀ ਜਾ ਸਕੇ।

ਅਕਾਲੀ ਆਗੂ ਨੇ ਸਮਾਜਿਕ ਕਾਰਕੁੰਨ ਮਾਲਵਿੰਦਰ ਸਿੰਘ ਮਾਲੀ ਨੂੰ ਝੂਠੇ ਦੋਸ਼ਾਂ ਤਹ਼ਿ ਗ੍ਰਿਫਤਾਰ ਕਰਨ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਕਾਰਵਾਈ ਨਾਲ ਲੋਕਾਂ ਨੂੰ ਐਮਰਜੰਸੀ ਦੇ ਦਿਨ ਚੇਤੇ ਆ ਗਏ ਹਨ।

ਉਹਨਾਂ ਨੇ ਆਪ ਸਰਕਾਰ ਵੱਲੋਂ ਗੈਂਗਸਟਰਾਂ ’ਤੇ ਨਕੇਲ ਕਸਣ ਵਿਚ ਅਸਫਲ ਰਹਿਣ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਲਾਰੰਸ ਬਿਸ਼ਨੋਈ ਦੀ ਪੰਜਾਬ ਪੁਲਿਸ ਵਿਚ ਹਿਰਾਸਤ ਦੌਰਾਨ ਇੰਟਰਵਿਊ ਕਾਰਣ ਸੂਬੇ ਵਿਚ ਫਿਰੌਤੀਆਂ ਤੇ ਕਤਲਾਂ ਦੀਆਂ ਘਟਨਾਵਾਂ ਵਧੀਆਂ ਹਨ ਤੇ ਇਹ ਗੱਲ ਖੁਦ ਰਾਜ ਸਰਕਾਰ ਨੇ ਹਾਈ ਕੋਰਟ ਵਿਚ ਕਬੂਲੀ ਹੈ।
ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਖੁਦ ਗ੍ਰਹਿ ਤੇ ਜੇਲ੍ਹ ਮੰਤਰੀ ਹਨ, ਇਸ ਲਈ ਉਹ ਇਹਨਾਂ ਹਾਲਾਤਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੋਹਾਲ਼ੀ ਪੁਲਿਸ ਵੱਲੋਂ ਫੈਕਟਰੀਆਂ ਨੂੰ ਪਾੜ ਲਗਾਕੇ ਚੋਰੀ ਕਰਨ ਵਾਲਾ 6 ਮੈਂਬਰੀ ਗਿਰੋਹ ਗ੍ਰਿਫ਼ਤਾਰ

ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਭਲਾਈ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰੀ ਕੈਂਪ ਲਗਾਏ ਜਾਣਗੇ: ਡਾ. ਬਲਜੀਤ ਕੌਰ