- ਵਿਭਾਗ ਦੀ ਉਚ ਪੱਧਰੀ ਟੀਮ ਨੇ ਗੁਰਦਾਸਪੁਰ ਪਹੁੰਚ ਕੇ ਕਲਮਬੱਧ ਕੀਤੇ ਦਫਤਰ ਦੇ ਕਰਮਚਾਰੀਆਂ ਦੇ ਬਿਆਨ
ਗੁਰਦਾਸਪੁਰ, 21 ਸਤੰਬਰ 2024 – ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਮਾਰਕੀਟ ਕਮੇਟੀ ਸ਼੍ਰੀ ਹਰਗੋਬਿੰਦਪੁਰ ਦੇ ਸੈਕਟਰੀ ਦੇ ਦਫਤਰ ਵਿੱਚ ਸੈਕਟਰੀ ਦੀ ਕੁਰਸੀ ਤੇ ਬੈਠ ਕੇ ਸ਼ਰਾਬ ਅਤੇ ਕਬਾਬ ਦਾ ਮਜ਼ਾ ਲੁੱਟਦਾ ਦੇਖਿਆ ਜਾ ਰਿਹਾ ਹੈ। ਜਦੋਂ ਇਸਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਫੋਟੋ ਤਾਂ ਤਿੰਨ ਚਾਰ ਮਹੀਨੇ ਪੁਰਾਣੀ ਹੈ ਪਰ ਇਸ ਦੇ ਵਾਇਰਲ ਹੋਣ ਤੋਂ ਬਾਅਦ ਮੰਡੀ ਬੋਰਡ ਦੀ ਉੱਚ ਪੱਧਰੀ ਟੀਮ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਾਇਰਲ ਫੋਟੋ ਵਿੱਚ ਦੇਖਿਆ ਜਾ ਰਿਹਾ ਹੈ ਕਿ ਮੰਡੀ ਬੋਰਡ ਸ਼੍ਰੀ ਹਰਗੋਬਿੰਦਪੁਰ ਦਾ ਪਵਨ ਕੁਮਾਰ ਨਾਮ ਦਾ ਸੁਪਰਵਾਈਜ਼ਰ ਸੈਕਟਰੀ ਦੇ ਕਮਰੇ ਵਿੱਚ ਸੈਕਟਰੀ ਦੀ ਕੁਰਸੀ ਤੇ ਬੈਠਾ ਹੈ। ਜਾਹਰ ਤੌਰ ਤੇ ਉਸ ਦੇ ਸਾਹਮਣੇ ਵੀ ਕੋਈ ਹੈ ਜਿਸ ਨੇ ਇਹ ਫੋਟੋ ਖਿੱਚੀ ਹੈ । ਨਾਲ ਹੀ ਕੋਨੇ ਵਿੱਚ ਇੱਕ ਵੋਦਕਾ (ਸਫੇਦ ਰੰਗ ਦੀ ਸ਼ਰਾਬ) ਅਤੇ ਇੱਕ ਹੋਰ ਸ਼ਰਾਬ ਦੀ ਖਾਲੀ ਬੋਤਲ ਪਈ ਹੈ।
ਪਵਨ ਕੁਮਾਰ ਦੇ ਅੱਗੇ ਰੱਖਿਆ ਅੱਧਾ ਗਿਲਾਸ ਸ਼ਾਇਦ ਵੋਦਕਾ ਨਾਲ ਹੀ ਭਰਿਆ ਹੈ। ਪਵਨ ਕੁਮਾਰ ਦੇ ਹੱਥ ਵਿੱਚ ਮਾਸ ਦਾ ਇੱਕ ਟੁਕੜਾ ਹੈ ਅਤੇ ਉਸ ਦੇ ਅੱਗੇ ਰੱਖੀ ਪਲੇਟ ਵਿੱਚ ਵੀ ਕੁਝ ਹੋਰ ਮਾਸ ਦੇ ਟੁਕੜੇ ਪਏ ਹਨ। ਉਸ ਦੀ ਪਿੱਠ ਪਿੱਛੇ ਦੀਵਾਰ ਤੇ ਮੰਡੀ ਬੋਰਡ ਦੇ ਸਾਰੇ ਸੈਕਟਰੀਆਂ ਵਾਲਾ ਬੋਰਡ ਲੱਗਾ ਹੈ ਜਿਸ ਤੋਂ ਸਾਫ ਜਾਹਰ ਰਹਿੰਦਾ ਹੈ ਕਿ ਉਹ ਸੈਕਟਰੀ ਦੇ ਰੂਮ ਵਿੱਚ ਉਸ ਦੀ ਕੁਰਸੀ ਤੇ ਹੀ ਬੈਠਾ ਹੈ। ਪਵਨ ਕੁਮਾਰ ਦੀ ਪਿੱਠ ਪਿੱਛੇ ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਵੀ ਲੱਗੀ ਹੋਈ ਨਜ਼ਰ ਆ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਤਿੰਨ ਚਾਰ ਮਹੀਨੇ ਪੁਰਾਣੀ ਕਣਕ ਦੇ ਸੀਜ਼ਨ ਦੇ ਸਮੇਂ ਦੀ ਦੱਸੀ ਜਾ ਰਹੀ ਹੈ। ਮੰਡੀ ਬੋਰਡ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਕੀਤੀ ਗਈ ਇੱਕ ਗੁਮਨਾਮ ਸ਼ਿਕਾਇਤ ਤੇ ਇਸ ਦੀ ਜਾਂਚ ਸ਼ੁਰੂ ਕੀਤੀ ਗਈ ਅਤੇ 18 ਸਤੰਬਰ ਨੂੰ ਇੱਕ ਟੀਮ ਜਦੋਂ ਗੁਰਦਾਸਪੁਰ ਪਹੁੰਚੀ ਤਾਂ ਮੰਡੀ ਬੋਰਡ ਦੇ ਜ਼ਿਲ੍ਾ ਅਧਿਕਾਰੀ ਕੁਲਜੀਤ ਸਿੰਘ ਸੈਣੀ ਚੰਡੀਗੜ੍ਹ ਵਿਭਾਗ ਦੀ ਹੀ ਇੱਕ ਮੀਟਿੰਗ ਵਿੱਚ ਗਏ ਸਨ। ਉਹਨਾਂ ਨੂੰ ਜਾਂਚ ਕਰਨ ਆਈ ਟੀਮ ਬਾਰੇ ਬਾਅਦ ਵਿੱਚ ਪਤਾ ਲੱਗਿਆ ਤੇ ਟੀਮ ਨੇ ਕੀ ਸਿੱਟਾ ਕੱਢਿਆ ਹੈ ਇਸ ਬਾਰੇ ਵੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਜਦੋਂ ਇਸ ਬਾਰੇ ਜਿਲਾ ਮੰਡੀ ਅਧਿਕਾਰੀ ਕੁਲਜੀਤ ਸਿੰਘ ਸੈਨੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ18 ਸਤੰਬਰ ਨੂੰ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਇੱਕ ਟੀਮ ਸ਼੍ਰੀ ਹਰਗੋਬਿੰਦਪੁਰ ਪਹੁੰਚੀ ਅਤੇ ਦਫਤਰ ਦੇ ਕਰਮਚਾਰੀਆਂ ਦੇ ਬਿਆਨ ਕਲਮਬੱਧ ਕਰ ਲਏ ਹਨ। ਫਿਲਹਾਲ ਇਹ ਖੁਲਾਸਾ ਨਹੀਂ ਹੋਇਆ ਕਿ ਪਵਨ ਕੁਮਾਰ ਦਫ਼ਤਰ ਵਿੱਚ ਆਫਿਸ ਟਾਈਮ ਸ਼ਰਾਬ ਪੀ ਰਿਹਾ ਹੈ ਜਾਂ ਆਫਿਸ ਟਾਈਮ ਤੋਂ ਬਾਅਦ ਪਰ ਮੰਡੀ ਅਧਿਕਾਰੀ ਕੁਲਜੀਤ ਸਿੰਘ ਸੈਨੀ ਨੇ ਵੀ ਮੰਨਿਆ ਹੈ ਕਿ ਟਾਈਮ ਬੇਸ਼ੱਕ ਕੋਈ ਵੀ ਹੋਵੇ ਦਫਤਰ ਵਿੱਚ ਬੈਠ ਕੇ ਉਹ ਵੀ ਸੈਕਟਰੀ ਦੀ ਕੁਰਸੀ ਤੇ ਬੈਠ ਕੇ ਉਸਦਾ ਸ਼ਰਾਬ ਪੀਨਾ ਕਿਸੇ ਵੀ ਹਾਲ ਚ ਸਹੀ ਨਹੀਂ ਕਿਹਾ ਜਾ ਸਕਦਾ ਅਤੇ ਇਸ ਦੇ ਲਈ ਉਸ ਦੇ ਖਿਲਾਫ ਵਿਭਾਗੀ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ।
ਹਾਲਾਂਕਿ ਇਸ ਬਾਰੇ ਕਈ ਵਾਰ ਪਵਨ ਕੁਮਾਰ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਕੀਤੀ ਗਈ ਅਤੇ ਉਸ ਨੂੰ ਸੰਦੇਸ਼ ਵੀ ਪਹੁੰਚਾਏ ਗਏ ਪਰ ਉਸਨੇ ਮੀਡੀਆ ਸਾਹਮਣੇ ਬੋਲਣਾ ਜਰੂਰੀ ਨਹੀਂ ਸਮਝਿਆ।
ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਵਿਬਾਗੀ ਜਾਂਚ ਦੀ ਰਿਪੋਰਟ ਕੀ ਆਉਂਦੀ ਹੈ ਇਹ ਤਾਂ ਕੁਝ ਦਿਨਾਂ ਬਾਅਦ ਹੀ ਪਤਾ ਲੱਗੇਗਾ ।