ਨਵੀਂ ਦਿੱਲੀ, 22 ਸਤੰਬਰ 2024 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 10 ਸਾਲਾਂ ਦੇ ਕਾਰਜਕਾਲ ਵਿੱਚ 9ਵੀਂ ਵਾਰ ਅਮਰੀਕਾ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ, ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਜਾਪਾਨੀ ਪ੍ਰਧਾਨ ਮੰਤਰੀ ਫੋਮਿਓ ਕਿਸ਼ਿਦਾ ਨਾਲ ਵਿਲਮਿੰਗਟਨ ਵਿੱਚ ਕਵਾਡ (Quadrilateral Security Dialogue) ਸੰਮੇਲਨ ਵਿੱਚ ਸ਼ਿਰਕਤ ਕੀਤੀ।
ਮੋਦੀ ਨੇ ਸੰਮੇਲਨ ‘ਚ ਕਿਹਾ ਕਿ, “ਕਵਾਡ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੁਨੀਆ ਤਣਾਅ ਅਤੇ ਟਕਰਾਅ ਨਾਲ ਘਿਰੀ ਹੋਈ ਹੈ। ਅਜਿਹੀ ਸਥਿਤੀ ਵਿੱਚ ਸਮੁੱਚੀ ਮਨੁੱਖਤਾ ਲਈ ਕੁਆਡ ਦੇ ਨਾਲ ਮਿਲ ਕੇ ਅੱਗੇ ਵਧਣਾ ਬਹੁਤ ਜ਼ਰੂਰੀ ਹੈ। ਅਸੀਂ ਕਿਸੇ ਦੇ ਖਿਲਾਫ ਨਹੀਂ ਹਾਂ। ਅਸੀਂ ਸਾਰੇ (ਕਵਾਡ ਮੈਂਬਰ ਦੇਸ਼) ਨਿਯਮਾਂ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਸਨਮਾਨ ਅਤੇ ਸਾਰੇ ਮੁੱਦਿਆਂ ਦੇ ਸ਼ਾਂਤੀਪੂਰਨ ਹੱਲ ਦਾ ਸਮਰਥਨ ਕਰਦੇ ਹਾਂ।”
ਕਵਾਡ ਸਮਿਟ ਤੋਂ ਪਹਿਲਾਂ, ਪੀਐਮ ਮੋਦੀ ਨੇ ਰਾਸ਼ਟਰਪਤੀ ਬਿਡੇਨ ਨਾਲ ਉਨ੍ਹਾਂ ਦੇ ਗ੍ਰਹਿ ਰਾਜ ਡੇਲਾਵੇਅਰ ਵਿੱਚ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਇਸ ਦੌਰਾਨ ਬਿਡੇਨ ਨੇ ਗਲੇ ਮਿਲ ਕੇ ਮੋਦੀ ਦਾ ਸਵਾਗਤ ਕੀਤਾ। ਬਿਡੇਨ ਦੀ ਰਿਹਾਇਸ਼ ‘ਤੇ ਦੋਵਾਂ ਨੇਤਾਵਾਂ ਵਿਚਾਲੇ ਨਿੱਜੀ ਗੱਲਬਾਤ ਹੋਈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੀ ਗੱਲਬਾਤ ਹੋਈ, ਜੋ ਇਕ ਘੰਟੇ ਤੋਂ ਵੱਧ ਸਮਾਂ ਚੱਲੀ।
ਮੀਡੀਆ ਰਿਪੋਰਟਾਂ ਮੁਤਾਬਕ ਮੋਦੀ ਦੇ ਅਮਰੀਕਾ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਹੀ ਵ੍ਹਾਈਟ ਹਾਊਸ ਨੇ ਖਾਲਿਸਤਾਨ ਸਮਰਥਕਾਂ ਦੀ ਮੇਜ਼ਬਾਨੀ ਕੀਤੀ ਸੀ। ਅਮਰੀਕੀ ਸਰਕਾਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਸਿੱਖ ਕਾਰਕੁਨਾਂ ਨੂੰ ਦੂਜੇ ਦੇਸ਼ਾਂ ਵਿੱਚ ਜਬਰ ਤੋਂ ਬਚਾਏਗੀ।
ਕਵਾਡ ਕੀ ਹੈ —— 2007 ਵਿੱਚ ਬਣਾਈ ਗਈ ਇੱਕ ਸੁਰੱਖਿਆ ਸਹਿਯੋਗ ਸੰਸਥਾ ਹੈ, ਜਿਸਦਾ ਉਦੇਸ਼ ਹਿੰਦ ਅਤੇ ਪ੍ਰਸ਼ਾਂਤ ਮਹਾਸਾਗਰ ਵਿੱਚ ਸ਼ਾਂਤੀ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਅਤੇ ਚੀਨ ਦੀਆਂ ਵਿਸਤਾਰਵਾਦੀ ਨੀਤੀਆਂ ਦਾ ਮੁਕਾਬਲਾ ਕਰਨਾ ਹੈ। ਇਸ ਸੰਗਠਨ ਵਿੱਚ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਸ਼ਾਮਲ ਹਨ। ਕਵਾਡ ਸਮਿਟ ਇਸ ਸਾਲ ਭਾਰਤ ‘ਚ ਹੋਣੀ ਸੀ ਪਰ ਅਮਰੀਕਾ ਦੇ ਕਹਿਣ ‘ਤੇ ਬਿਡੇਨ ਨੂੰ ਇਸ ਦੀ ਮੇਜ਼ਬਾਨੀ ਕਰਨ ਦਾ ਮੌਕਾ ਦਿੱਤਾ ਗਿਆ।
ਮੋਦੀ ਦੇ ਅਮਰੀਕਾ ‘ਚ ਪਹਿਲੇ ਦਿਨ ਦਾ ਪ੍ਰੋਗਰਾਮ…
ਮੋਦੀ ਨੇ ਡੇਲਾਵੇਅਰ ‘ਚ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਕਵਾਡ ਵਿੱਚ ਸ਼ਾਮਲ ਜਾਪਾਨ ਅਤੇ ਆਸਟਰੇਲੀਆ ਦੇ ਨੇਤਾਵਾਂ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਰਾਤ ਕਰੀਬ ਡੇਢ ਵਜੇ ਬਿਡੇਨ ਦੇ ਸਕੂਲ ਵਿੱਚ ਹੋਈ।
ਸਵੇਰੇ ਚਾਰ ਵਜੇ ਉਹ ਸਰਵਾਈਕਲ ਕੈਂਸਰ ਨਾਲ ਸਬੰਧਤ ਇਕ ਸਮਾਗਮ ਵਿਚ ਸ਼ਿਰਕਤ ਕਰਨਗੇ।
ਬਿਡੇਨ ਡੇਲਾਵੇਅਰ ਵਿੱਚ ਆਪਣੇ ਨਿੱਜੀ ਘਰ ਵਿੱਚ ਕਵਾਡ ਨੇਤਾਵਾਂ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ।