ਸਿਰਸਾ, 27 ਸਤੰਬਰ 2024 – ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੇ ਉਮੀਦਵਾਰਾਂ ਨੇ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਸਿਰਸਾ ਜ਼ਿਲ੍ਹੇ ਦੇ ਏਲਨਾਬਾਦ ਵਿਧਾਨ ਸਭਾ ਤੋਂ ਕਾਂਗਰਸੀ ਉਮੀਦਵਾਰ ਭਰਤ ਸਿੰਘ ਬੈਣੀਵਾਲ ਦੀ ਹਮਾਇਤ ਵਿੱਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਪਹੁੰਚੇ। ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਏਲਨਾਬਾਦ ਇਲਾਕੇ ਦੇ ਪਿੰਡ ਸ਼ੱਕਰ ਮੰਡੋਰੀ ਵਿੱਚ ਭਰਤ ਸਿੰਘ ਬੈਣੀਵਾਲ ਲਈ ਚੋਣ ਪ੍ਰਚਾਰ ਕੀਤਾ। ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਬਲਕੌਰ ਸਿੰਘ ਨੇ ਵੀ ਸਟੇਜ ਤੋਂ ਇਕੱਠ ਨੂੰ ਸੰਬੋਧਨ ਕੀਤਾ ਅਤੇ ਕਾਂਗਰਸੀ ਉਮੀਦਵਾਰ ਭਰਤ ਸਿੰਘ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।
ਚੋਣ ਰੈਲੀ ਵਿੱਚ ਸ਼ੱਕਰ ਮੰਡੋਰੀ ਪੁੱਜਣ ’ਤੇ ਕਾਂਗਰਸੀ ਉਮੀਦਵਾਰ ਭਰਤ ਸਿੰਘ ਬੈਣੀਵਾਲ, ਸਰਪੰਚ ਸੰਤੋਸ਼ ਬੈਣੀਵਾਲ, ਸੁਮਿਤ ਬੈਣੀਵਾਲ ਸਮੇਤ ਪਿੰਡ ਵਾਸੀਆਂ ਨੇ ਫੁੱਲਾਂ ਅਤੇ ਢੋਲਾਂ ਨਾਲ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਉਨ੍ਹਾਂ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਬੁੱਤ ਅੱਗੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਸਨ। ਇਹ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਨ ਦਾ ਸਮਾਂ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਮੈਂ ਕੋਈ ਵੱਡਾ ਨੇਤਾ ਜਾਂ ਬੁਲਾਰਾ ਨਹੀਂ ਹਾਂ, ਤੁਹਾਡੇ ਭਰਾ ਦਾ ਸ਼ੌਕ ਪੂਰਾ ਕਰਨ ਲਈ ਰਾਜਨੀਤੀ ਵਿੱਚ ਆਇਆ ਹਾਂ। ਉਨ੍ਹਾਂ ਕਿਹਾ ਕਿ ਮੇਰੀ ਤਾਕਤ ਮੇਰਾ ਪੁੱਤਰ ਅਤੇ ਮੇਰੇ ਪੁੱਤਰ ਦੀ ਤਾਕਤ ਤੁਹਾਡਾ ਪਿਆਰ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਮੈਂ ਇੱਕ ਛੋਟਾ ਕਿਸਾਨ ਹਾਂ ਤੇ ਤੁਹਾਡੇ ਭਰਾ ਸਿੱਧੂ ਨੇ ਮੈਨੂੰ ਵੱਡਾ ਬਣਾਇਆ ਅਤੇ ਨੌਜਵਾਨਾਂ ਦੇ ਪਿਆਰ ਨੇ ਹੀ ਵੱਡਾ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਿੱਲੀ ਬਾਰਡਰ ‘ਤੇ ਬੈਠੇ ਕਿਸਾਨਾਂ ਨੂੰ ਖਾਲਿਸਤਾਨੀ ਕਹਿੰਦੀ ਹੈ। ਜਦਕਿ ਹਰਿਆਣਾ ਪੰਜਾਬ ਦਾ ਛੋਟਾ ਭਰਾ ਹੈ ਅਤੇ ਸਾਡੀਆਂ ਸਾਂਝੀਆਂ ਸਮੱਸਿਆਵਾਂ ਹਨ, ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਮੇਰੇ ਬੇਟੇ ਦਾ ਕਤਲ ਕਰਨ ਵਾਲਿਆਂ ਦੀ ਜੇਲ੍ਹ ਵਿੱਚ ਇੰਟਰਵਿਊ ਕੀਤੀ ਜਾ ਰਹੀ ਹੈ। ਹਾਈ ਕੋਰਟ ਨੇ ਪੰਜ ਅਧਿਕਾਰੀਆਂ ਦੇ ਨਾਂ ਸਰਕਾਰ ਨੂੰ ਭੇਜੇ ਸਨ ਪਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵਿੱਚ ਬੇਰੁਜ਼ਗਾਰੀ ਵਧੀ ਹੈ। ਉਨ੍ਹਾਂ ਕਾਂਗਰਸੀ ਉਮੀਦਵਾਰ ਭਰਤ ਸਿੰਘ ਬੈਨੀਵਾਲ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸਮਾਂ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਨ ਦਾ ਹੈ ਅਤੇ ਇਸ ਦੇ ਮੱਦੇਨਜ਼ਰ ਭਰਤ ਸਿੰਘ ਬੈਨੀਵਾਲ ਦਾ ਏਲਨਾਬਾਦ ਤੋਂ ਜਿੱਤਣਾ ਜ਼ਰੂਰੀ ਹੈ। ਸ਼ੱਕਰ ਮੰਡੋਰੀ ਪੁੱਜਣ ’ਤੇ ਪਿੰਡ ਵਾਸੀਆਂ ਨੇ ਬਲਕੌਰ ਸਿੰਘ ਦਾ ਜ਼ੋਰਦਾਰ ਸਵਾਗਤ ਕੀਤਾ।

