- ਵਿਦਿਆਰਥੀਆਂ ਨੂੰ ਡੇਂਗੂ ਵਿਰੁੱਧ ਲੜਾਈ ਵਿੱਚ ਯੋਗਦਾਨ ਪਾਉਣ ਲਈ ਮਾਪਿਆਂ ਦੀ ਮਦਦ ਨਾਲ ਹਰ ਸ਼ੁੱਕਰਵਾਰ ਨੂੰ ਆਪਣੇ ਘਰਾਂ ਵਿੱਚ ਡਰਾਈ ਡੇ ਦੀ ਮੁਹਿੰਮ ਚਲਾਉਣ ਲਈ ਪ੍ਰੇਰਿਤ ਕੀਤਾ
- ਅੱਠਵੀਂ ਜਮਾਤ ਤੋਂ ਬਾਅਦ ਤੱਕ ਦੇ ਵਿਦਿਆਰਥੀਆਂ ਨੂੰ ਸਿਹਤ ਸਿੱਖਿਆ, ਫਸਟ ਏਡ ਅਤੇ ਲਾਇਫ਼ ਸਕਿੱਲਜ਼ ਨਾਲ ਕੀਤਾ ਜਾਵੇਗਾ ਸਿੱਖਿਅਤ
- ਸਿਹਤ ਮੰਤਰੀ ਨੇ ਡੇਂਗੂ ਦੇ ਲਾਰਵੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੋਹਾਣਾ ਖੇਤਰ ਦੇ ਸਲੱਮ ਏਰੀਏ ਦਾ ਵੀ ਦੌਰਾ ਕੀਤਾ
- ਕਿਹਾ, ਭਗਵੰਤ ਮਾਨ ਸਰਕਾਰ ਨੇ ਡੇਂਗੂ ਅਤੇ ਹੋਰ ਬਿਮਾਰੀਆਂ ਦੇ ਮਰੀਜ਼ਾਂ ਦੇ ਇਲਾਜ ਲਈ ਪੁਖਤਾ ਪ੍ਰਬੰਧ ਕੀਤੇ
ਐਸ.ਏ.ਐਸ.ਨਗਰ, 27 ਸਤੰਬਰ 2024 – ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਵਿਖੇ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਦੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਗਰੂਕ ਕਰਨ ਲਈ ਸ਼ਿਰਕਤ ਕੀਤੀ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਡੇਂਗੂ ਅਤੇ ਚਿਕਨਗੁਨੀਆ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਨੂੰ ਰੋਕਣ ਲਈ “ਸ਼ੁੱਕਰਵਾਰ ਡਰਾਈ ਡੇ” ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ।
‘ਹਰ ਸ਼ੁਕਰਵਾਰ, ਡੇਂਗੂ ਤੇ ਵਾਰ’ ਤਹਿਤ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਵਿਦਿਆਰਥੀ ਆਪਣੇ ਮਾਪਿਆਂ ਨੂੰ ਡਰਾਈ ਡੇ ਦੀਆਂ ਗਤੀਵਿਧੀਆਂ ਬਾਰੇ ਜਾਗਰੂਕ ਕਰਕੇ ਇਸ ਮਾਰੂ ਬਿਮਾਰੀ ਦੀ ਰੋਕਥਾਮ ਹੋਰਾਂ ਨਾਲੋਂ ਬਿਹਤਰ ਕਰ ਸਕਦੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਵਿੱਚ ਡੇਂਗੂ ਦੇ ਲਾਰਵੇ ਨੂੰ ਨਸ਼ਟ ਕਰਨ ਵਿੱਚ ਆਪਣੇ ਮਾਪਿਆਂ ਦੀ ਮਦਦ ਕਰਨ ਜਿਸ ਵਿੱਚ ਕੂਲਰਾਂ, ਫਰਿੱਜਾਂ ਦੀਆਂ ਟਰੇਆਂ, ਫੁੱਲਾਂ ਦੇ ਗਮਲਿਆਂ ਅਤੇ ਹੋਰ ਬਰਤਨਾਂ ਆਦਿ ਨੂੰ ਹਫਤੇ ਵਿੱਚ ਇੱਕ ਵਾਰ ਸ਼ੁੱਕਰਵਾਰ ਨੂੰ ਖੜ੍ਹੇ ਪਾਣੀ ਨੂੰ ਸਾਫ਼ ਕਰਕੇ ਡੇਂਗੂ ਦੇ ਲਾਰਵੇ ਨੂੰ ਨਸ਼ਟ ਕੀਤਾ ਜਾਵੇ। ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਡੇਂਗੂ ਦੇ ਲਾਰਵੇ ਬਾਰੇ ਵੀ ਜਾਣੂ ਕਰਵਾਇਆ ਗਿਆ।
ਉਨ੍ਹਾਂ ਵਿਦਿਆਰਥੀਆਂ ਨੂੰ ਮੈਡੀਟੇਸ਼ਨ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਆਪਣੇ ਦਿਮਾਗ਼ ਨੂੰ ਤਰੋ-ਤਾਜ਼ਾ ਕਰਨ ਅਤੇ ਵਿੱਦਿਅਕ ਗਤੀਵਿਧੀਆਂ ਤੋਂ ਇਲਾਵਾ ਮੋਬਾਈਲਾਂ ਦੀ ਜ਼ਿਆਦਾ ਵਰਤੋਂ ਤੋਂ ਬਚਣ ਦਾ ਸੱਦਾ ਦਿੰਦਿਆਂ ਘਰ ਅਤੇ ਸਵੇਰ ਦੀ ਸਭਾ ਵਿੱਚ ਮੈਡੀਟੇਸ਼ਨ ਅਭਿਆਸ ਕਰਨ ਦੀ ਅਪੀਲ ਕੀਤੀ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸਕੂਲਾਂ ਵਿੱਚ 8ਵੀਂ ਜਮਾਤ ਤੋਂ ਬਾਅਦ ਦੇ ਵਿਦਿਆਰਥੀਆਂ ਨੂੰ ਸਿਹਤ ਸਿੱਖਿਆ, ਫਸਟ ਏਡ, ਲਾਈਫ ਸਕਿੱਲਜ਼, ਨਿੱਜੀ ਸਫਾਈ ਅਤੇ ਨੱਕ ਤੋਂ ਖੂਨ ਵਗਣ ਸਬੰਧੀ ਸਮੱਸਿਆਵਾਂ ਬਾਰੇ ਜਾਗਰੂਕ ਕਰਨਾ ਸ਼ੁਰੂ ਕਰੇਗਾ ਤਾਂ ਜੋ ਉਹ ਦੂਜਿਆਂ ਦੀ ਸਹਾਇਤਾ ਕਰਨ ਦੇ ਨਾਲ-ਨਾਲ ਸਿਹਤ ਸਬੰਧੀ ਇਨ੍ਹਾਂ ਮੁਸ਼ਕਿਲਾਂ ਨੂੰ ਆਪਣੇ ਤੌਰ ‘ਤੇ ਹੱਲ ਕਰ ਸਕਣ।
ਸਿਹਤ ਮੰਤਰੀ ਨੇ ਕਿਹਾ ਕਿ ਭਾਵੇਂ ਸੂਬਾ ਸਰਕਾਰ ਵੱਲੋਂ ਡੇਂਗੂ ਦੇ ਮਰੀਜ਼ਾਂ ਦੀ ਦੇਖਭਾਲ ਲਈ ਬਲੱਡ ਬੈਂਕ, ਬਲੱਡ ਕੰਪੋਨੈਂਟ ਅਤੇ ਬੈੱਡਾਂ ਦੇ ਸਾਰੇ ਪ੍ਰਬੰਧ ਹਨ ਪਰ ਇਸ ਤੋਂ ਬਚਾਅ ਹੀ ਸਭ ਤੋਂ ਵਧੀਆ ਇਲਾਜ ਹੈ। ਉਨ੍ਹਾਂ ਡੇਂਗੂ ਦੇ ਲਾਰਵੇ ਦੇ ਖਤਰਿਆਂ ਬਾਰੇ ਜਾਗਰੂਕਤਾ ਦੀ ਲੋੜ ‘ਤੇ ਜ਼ੋਰ ਦਿੰਦਿਆਂ ਚੇਤਾਵਨੀ ਦਿੱਤੀ ਕਿ ਗੰਭੀਰ ਡੇਂਗੂ ਬੁਖਾਰ ਘਾਤਕ ਬਣ ਸਕਦਾ ਹੈ।
ਸਕੂਲ ਦੇ ਆਲੇ-ਦੁਆਲੇ ਦੇ ਵਸਨੀਕਾਂ ਨੂੰ ਡੇਂਗੂ ਦੇ ਲਾਰਵੇ ਪ੍ਰਤੀ ਜਾਗਰੂਕ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਆਈ.ਈ.ਸੀ. ਗਤੀਵਿਧੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨਾ ਇਲਾਜ ਨਾਲੋਂ ਬਿਹਤਰ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਨਾਜ਼ੁਕ ਥਾਵਾਂ ਦੀ ਹਫ਼ਤੇ ਵਿੱਚ ਇੱਕ ਵਾਰ ਇਸ ਨੂੰ ਸਾਫ਼ ਕਰਨ ਲਈ ਸ਼ਨਾਖਤ ਕਰਨੀ ਚਾਹੀਦੀ ਹੈ ਜਿੱਥੇ ਪਾਣੀ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਸਕੂਲ ਦੇ ਆਲੇ-ਦੁਆਲੇ ਸਲੱਮ ਏਰੀਏ ਦੇ ਕਈ ਘਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ।
ਉਨ੍ਹਾਂ ਏ.ਡੀ.ਸੀ (ਯੂ.ਡੀ.) ਦਮਨਜੀਤ ਸਿੰਘ ਮਾਨ ਨੂੰ ਕਿਹਾ ਕਿ ਪਿੰਡ ਦੇ ਛੱਪੜ ਦਾ ਨਵੀਨੀਕਰਣ ਕਰਕੇ ਇਸ ਨੂੰ ਫਿਟਨੈਸ ਸੈਂਟਰ ਵਜੋਂ ਵਿਕਸਤ ਕੀਤਾ ਜਾਵੇ ਅਤੇ ਇਸ ਦੇ ਆਲੇ-ਦੁਆਲੇ ਵਾਕਿੰਗ ਟਰੈਕ ਬਣਾਇਆ ਜਾਵੇ।
ਬਲਬੀਰ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ ਇਸ ਵਾਰ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 264 ਹੈ ਜੋ ਕਿ ਡੇਂਗੂ ਦੀ ਰੋਕਥਾਮ ਲਈ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਕੀਤੇ ਗਏ ਵੱਖ-ਵੱਖ ਉਪਰਾਲਿਆਂ ਅਤੇ ਸਾਵਧਾਨੀਆਂ ਕਾਰਨ ਪਿਛਲੇ ਸਾਲ ਨਾਲੋਂ ਬਹੁਤ ਘੱਟ ਹੈ। ਉਨ੍ਹਾਂ ਡੇਂਗੂ ਦੇ ਲਾਰਵੇ ਦੀ ਰੋਕਥਾਮ ਲਈ ਪਾਣੀ ਖੜ੍ਹਾ ਨਾ ਹੋਣ ਦੇਣ ਤੇ ਧਿਆਨ ਰੱਖਣ ‘ਤੇ ਜ਼ੋਰ ਦਿੱਤਾ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਦੇ ਦੌਰੇ ਦੌਰਾਨ ਹਾਜ਼ਰ ਅਧਿਕਾਰੀਆਂ ਵਿੱਚ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਜਸਮਿੰਦਰ, ਏ.ਡੀ.ਸੀ.(ਯੂ.ਡੀ.) ਦਮਨਜੀਤ ਸਿੰਘ ਮਾਨ, ਐਸ.ਡੀ.ਐਮ ਮੋਹਾਲੀ ਦਮਨਜੀਤ ਕੌਰ, ਜੁਆਇੰਟ ਕਮਿਸ਼ਨਰ ਮੁਹਾਲੀ ਦੀਪਾਂਕਰ ਗਰਗ, ਸਟੇਟ ਪ੍ਰੋਗਰਾਮ ਅਫ਼ਸਰ (ਐਨ.ਵੀ.ਬੀ.ਡੀ.ਸੀ.ਪੀ.) ਡਾ. ਅਰਸ਼ਦੀਪ ਕੌਰ, ਡੀ ਆਈ ਓ ਮੁਹਾਲੀ ਡਾ: ਗਿਰੀਸ਼ ਡੋਗਰਾ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ।