ਕਸ਼ਮੀਰ, 28 ਸਤੰਬਰ 2024 – ਕਸ਼ਮੀਰ ਦੇ ਕੁਲਗਾਮ ਦੇ ਆਦਿਗਾਮ ਦੇਵਸਰ ਇਲਾਕੇ ‘ਚ ਸ਼ਨੀਵਾਰ ਸਵੇਰ ਤੋਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਫੌਜ ਦੇ 4 ਜਵਾਨ ਅਤੇ ਕੁਲਗਾਮ ਦੇ ਏਐਸਪੀ ਜ਼ਖਮੀ ਹੋਏ ਹਨ। ਪੰਜਾਂ ਨੂੰ ਇਲਾਜ ਲਈ ਸ੍ਰੀਨਗਰ ਭੇਜ ਦਿੱਤਾ ਗਿਆ ਹੈ। ਇੱਥੇ ਦੋ-ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਹੈ।
ਕਸ਼ਮੀਰ ਜ਼ੋਨ ਪੁਲਿਸ ਨੇ ਸ਼ਨੀਵਾਰ ਸਵੇਰੇ 7:05 ਵਜੇ ਐਕਸ ‘ਤੇ ਇਕ ਪੋਸਟ ਰਾਹੀਂ ਮੁਕਾਬਲੇ ਦੀ ਜਾਣਕਾਰੀ ਦਿੱਤੀ ਸੀ। ਦੱਸਿਆ ਗਿਆ ਕਿ ਪੁਲਸ ਅਤੇ ਫੌਜ ਨੇ ਸਾਂਝੇ ਅਭਿਆਨ ਦੇ ਤਹਿਤ ਅਡੀਗਾਮ ‘ਚ ਤਲਾਸ਼ੀ ਮੁਹਿੰਮ ਚਲਾਈ ਸੀ। ਇਸ ਦੌਰਾਨ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ।
ਕੁਲਗਾਮ ਮੁਕਾਬਲੇ ‘ਚ ਜ਼ਖਮੀ ਹੋਏ ਸੁਰੱਖਿਆ ਕਰਮੀਆਂ ਨੂੰ ਇਲਾਜ ਲਈ ਸ਼੍ਰੀਨਗਰ ਦੇ 92 ਬੇਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੀ ਪਛਾਣ ਏਐਸਪੀ ਮੁਮਤਾਜ਼ ਅਲੀ ਭੱਟੀ, ਕਾਂਸਟੇਬਲ ਮੋਹਨ ਸ਼ਰਮਾ, ਕਾਂਸਟੇਬਲ ਸੋਹਣ ਕੁਮਾਰ, ਕਾਂਸਟੇਬਲ ਯੋਗਿੰਦਰ ਅਤੇ ਮੁਹੰਮਦ ਇਸਰਾਨ ਵਜੋਂ ਹੋਈ ਹੈ।