- ਅੰਧੇਰੀ ਦੇ ਹਸਪਤਾਲ ‘ਚ ਦਾਖਲ
ਮੁੰਬਈ, 1 ਅਕਤੂਬਰ 2024 – ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਲੱਤ ‘ਚ ਗੋਲੀ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਗੋਲੀ ਲੱਗਣ ਕਾਰਨ ਨਾਲ ਗੋਵਿੰਦਾ ਜ਼ਖਮੀ ਹੋ ਗਿਆ ਹੈ। ਉਸ ਦੇ ਆਪਣੀ ਹੀ ਪਿਸਤੌਲ ਤੋਂ ਗੋਲੀ ਲੱਗ ਗਈ ਸੀ। ਘਟਨਾ ਮੰਗਲਵਾਰ ਸਵੇਰੇ 4.45 ਵਜੇ ਦੇ ਕਰੀਬ ਵਾਪਰੀ।
ਸੂਤਰਾਂ ਮੁਤਾਬਕ 60 ਸਾਲਾ ਅਭਿਨੇਤਾ ਗੋਵਿੰਦਾ ਨੂੰ ਰਿਵਾਲਵਰ ਸਾਫ਼ ਕਰਦੇ ਸਮੇਂ ਮਿਸ ਫਾਇਰਿੰਗ ਕਾਰਨ ਗੋਲੀ ਲੱਗ ਗਈ। ਮੁੰਬਈ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਗੋਵਿੰਦਾ ਦਾ ਰਿਵਾਲਵਰ ਜ਼ਬਤ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਨੀਅਰ ਪੁਲੀਸ ਅਧਿਕਾਰੀ ਪਰਮਜੀਤ ਸਿੰਘ ਦਹੀਆ ਨੇ ਕਿਹਾ ਹੈ ਕਿ ਜਿਸ ਬੰਦੂਕ ਤੋਂ ਗੋਲੀ ਚੱਲੀ ਉਹ ਲਾਇਸੈਂਸੀ ਹੈ। ਡੀਸੀਪੀ ਜਲਦੀ ਹੀ ਇਸ ਮਾਮਲੇ ਵਿੱਚ ਅਧਿਕਾਰਤ ਬਿਆਨ ਦੇਣਗੇ।
ਗੋਲੀ ਲੱਗਣ ਕਾਰਨ ਗੋਵਿੰਦਾ ਦੀ ਲੱਤ ‘ਚੋਂ ਕਾਫੀ ਖੂਨ ਵਹਿ ਗਿਆ, ਜਿਸ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਉਨ੍ਹਾਂ ਨੂੰ ਇਲਾਜ ਲਈ ਅੰਧੇਰੀ ਦੇ ਕ੍ਰਿਤੀ ਕੇਅਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਨਾਲ ਜੁੜੇ ਸੂਤਰਾਂ ਮੁਤਾਬਕ ਸ਼ੁਰੂਆਤੀ ਇਲਾਜ ਤੋਂ ਬਾਅਦ ਗੋਵਿੰਦਾ ਹੁਣ ਖਤਰੇ ਤੋਂ ਬਾਹਰ ਹੈ। ਉਨ੍ਹਾਂ ਦੀ ਪਤਨੀ ਸੁਨੀਤਾ ਫਿਲਹਾਲ ਉਨ੍ਹਾਂ ਦੇ ਨਾਲ ਹਸਪਤਾਲ ‘ਚ ਮੌਜੂਦ ਹੈ।
ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਦੱਸਿਆ ਹੈ ਕਿ ਉਹ ਇੱਕ ਪ੍ਰੋਗਰਾਮ ਲਈ ਕੋਲਕਾਤਾ ਜਾ ਰਹੇ ਸਨ। ਫਲਾਈਟ 6 ਵਜੇ ਦੀ ਸੀ। ਪਿਸਤੌਲ ਨੂੰ ਅਲਮਾਰੀ ‘ਚ ਰੱਖਣ ਦੌਰਾਨ ਗੋਲੀ ਚੱਲ ਗਈ ਅਤੇ ਉਸ ਦੇ ਗੋਡੇ ਹੇਠਾਂ ਗੋਲੀ ਲੱਗੀ। ਉਸ ਨੂੰ ਤੁਰੰਤ ਅੰਧੇਰੀ ਦੇ ਹਸਪਤਾਲ ਲਿਜਾਇਆ ਗਿਆ। ਗੋਲੀ ਕੱਢ ਲਈ ਗਈ ਹੈ। ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਘਬਰਾਉਣ ਦੀ ਲੋੜ ਨਹੀਂ ਹੈ।
ਕੁਲੀ ਨੰਬਰ 1, ਹੀਰੋ ਨੰਬਰ 1, ਰਾਜਾ ਬਾਬੂ, ਛੋਟੀ ਸਰਕਾਰ, ਹਦ ਕਰਨ ਦੀ ਆਪਨੇ ਵਰਗੀਆਂ ਫਿਲਮਾਂ ਦਾ ਹਿੱਸਾ ਰਹੇ ਗੋਵਿੰਦਾ ਪਿਛਲੇ 5 ਸਾਲਾਂ ਤੋਂ ਫਿਲਮਾਂ ਤੋਂ ਦੂਰ ਹਨ। ਉਸਦੀ ਆਖਰੀ ਰਿਲੀਜ਼ ਫਿਲਮ 2019 ਦੀ ਰੰਗੀਲਾ ਰਾਜਾ ਹੈ।
ਗੋਵਿੰਦਾ 28 ਮਾਰਚ ਨੂੰ ਸ਼ਿਵ ਸੈਨਾ (ਸ਼ਿੰਦੇ ਧੜੇ) ਵਿੱਚ ਸ਼ਾਮਲ ਹੋਏ ਸਨ। ਇਸ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਵੀ ਮੌਜੂਦ ਸਨ। ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਗੋਵਿੰਦਾ ਨੇ ਕਿਹਾ ਸੀ- ਮੈਂ 2004 ਤੋਂ 2009 ਤੱਕ ਰਾਜਨੀਤੀ ‘ਚ ਸੀ। ਇਹ ਇਤਫ਼ਾਕ ਹੈ ਕਿ 14 ਸਾਲਾਂ ਬਾਅਦ ਮੈਂ ਮੁੜ ਸਿਆਸਤ ਵਿੱਚ ਆਇਆ ਹਾਂ। ਮੇਰੇ ‘ਤੇ ਜੋ ਭਰੋਸਾ ਰੱਖਿਆ ਗਿਆ ਹੈ, ਉਸ ‘ਤੇ ਪੂਰਾ ਉਤਰਾਂਗਾ।
ਗੋਵਿੰਦਾ ਨੇ 2004 ‘ਚ ਮੁੰਬਈ ਉੱਤਰੀ ਤੋਂ ਕਾਂਗਰਸ ਦੀ ਟਿਕਟ ‘ਤੇ ਲੋਕ ਸਭਾ ਚੋਣ ਲੜੀ ਸੀ। ਉਨ੍ਹਾਂ ਨੇ ਭਾਜਪਾ ਦੇ ਰਾਮ ਨਾਇਕ ਨੂੰ 48,271 ਵੋਟਾਂ ਨਾਲ ਹਰਾਇਆ। ਅਭਿਨੇਤਾ 2004 ਤੋਂ 2009 ਤੱਕ ਸੰਸਦ ਮੈਂਬਰ ਰਹੇ ਹਨ।