ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਨਿਰਪੱਖ ਅਤੇ ਪਾਰਦਰਸ਼ੀ ਪੰਚਾਇਤੀ ਚੋਣਾਂ ਕਰਵਾਉਣ ਦੀ ਕੀਤੀ ਮੰਗ

  • ਹਰਪਾਲ ਸਿੰਘ ਚੀਮਾ ਦੀ ਅਗਵਾਈ ‘ਚ ‘ਆਪ’ ਦੇ ਵਫ਼ਦ ਨੇ ਚੋਣ ਕਮਿਸ਼ਨ ਕੋਲ ਬੋਲੀ ਜਾਂ ਹੋਰ ਗਲਤ ਕੰਮਾਂ ‘ਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਦੀ ਕੀਤੀ ਮੰਗ
  • ‘ਆਪ’ ਨੇ ਚੋਣ ਕਮਿਸ਼ਨ ਨੂੰ ਪੰਚਾਇਤ ਚੋਣਾਂ ਤੋਂ ਪਹਿਲਾਂ ਸੁਰੱਖਿਆ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਦੀ ਕੀਤੀ ਅਪੀਲ
  • ਕੁਝ ਥਾਵਾਂ ‘ਤੇ ਦੁਰਵਿਵਹਾਰ ਦੀਆਂ ਰਿਪੋਰਟਾਂ ਤੋਂ ਬਾਅਦ ‘ਆਪ’ ਨੇ ਸਥਾਨਕ ਚੋਣਾਂ ਵਿੱਚ ਅਖੰਡਤਾ ਅਤੇ ਪਾਰਦਰਸ਼ਤਾ ਦੀ ਵਕਾਲਤ ਕੀਤੀ

ਚੰਡੀਗੜ੍ਹ, 1 ਅਕਤੂਬਰ 2024 – ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਇੱਕ ਵਫ਼ਦ 15 ਅਕਤੂਬਰ, 2024 ਤੋਂ ਹੋਣ ਵਾਲੀਆਂ ਪੰਚਾਇਤੀ ਚੋਣਾਂ ਸਬੰਧੀ ਗੰਭੀਰ ਚਿੰਤਾਵਾਂ/ਸਮਸਿਆਵਾਂ ਨੂੰ ਦੂਰ ਕਰਨ ਲਈ ਮੰਗਲਵਾਰ ਨੂੰ ਰਾਜ ਚੋਣ ਕਮਿਸ਼ਨ ਨੂੰ ਮਿਲਿਆ। ਇਸ ਮੀਟਿੰਗ ਦੌਰਾਨ, ਵਫ਼ਦ ਨੇ ਲੋਕਤੰਤਰ ਨੂੰ ਢਾਹ ਲਾਉਣ ਵਾਲੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦੀਆਂ ਚਿੰਤਾਜਨਕ ਰਿਪੋਰਟਾਂ ਨੂੰ ਲੈਕੇ ਕਮਿਸ਼ਨ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਮੰਗ ਪਤਰ ਵੀ ਸੌਂਪਿਆ।

ਇੱਕ ਬਿਆਨ ਵਿੱਚ, ਚੀਮਾ ਨੇ ਪੰਚਾਇਤੀ ਪ੍ਰਣਾਲੀ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਇਸ ਨੂੰ ਲੋਕਤੰਤਰ ਦੀ ਸਭ ਤੋਂ ਛੋਟੀ ਪਰ ਮਹੱਤਵਪੂਰਨ ਇਕਾਈ ਦੱਸਿਆ। ਉਨ੍ਹਾਂ ਕਿਹਾ ਕਿ ਹਰ ਪੰਜ ਸਾਲ ਬਾਅਦ ਸਰਪੰਚ ਅਤੇ ਪੰਚ ਦੀਆਂ ਚੋਣਾਂ ਸਥਾਨਕ ਪ੍ਰਸ਼ਾਸਨ ਨੂੰ ਸਸ਼ਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। “ਇਹ ਚੋਣ ਸਿਰਫ਼ ਅਹੁਦਿਆਂ ਦੀ ਨਹੀਂ ਹੈ, ਇਹ ਪੰਜਾਬ ਦੇ ਲੋਕਾਂ ਦੀ ਅਵਾਜ਼ ਅਤੇ ਅਧਿਕਾਰਾਂ ਦੀ ਹੈ”। ਪੰਜਾਬ ਦੇ ਚੋਣ ਕਮਿਸ਼ਨਰ ਨਾਲ ਮੁਲਾਕਾਤ ਲਈ ਉਨ੍ਹਾਂ ਦੇ ਨਾਲ ‘ਆਪ’ ਆਗੂ ਨੀਲ ਗਰਗ, ਡਾ. ਸੰਨੀ ਆਹਲੂਵਾਲੀਆ ਅਤੇ ਬੱਬੀ ਬਾਦਲ ਵੀ ਮੌਜੂਦ ਸਨ।

ਚੀਮਾ ਨੇ ਅਜਿਹੀਆਂ ਰਿਪੋਰਟਾਂ ‘ਤੇ ਚਿੰਤਾ ਜ਼ਾਹਰ ਕੀਤੀ ਕਿ ਕੁਝ ਵਿਅਕਤੀ ਸਰਪੰਚ ਅਤੇ ਪੰਚ ਦੇ ਅਹੁਦਿਆਂ ਦੀ ਨਿਲਾਮੀ/ਬੋਲੀ ਵਿਚ ਸ਼ਾਮਲ ਹੋ ਕੇ ਚੋਣ ਪ੍ਰਕਿਰਿਆ ਵਿਚ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ “ਇਹ ਅਨੈਤਿਕ ਅਭਿਆਸ ਨਾ ਸਿਰਫ਼ ਸਾਡੇ ਲੋਕਤੰਤਰੀ ਢਾਂਚੇ ਦੀ ਪਵਿੱਤਰਤਾ ਨੂੰ ਗੰਧਲਾ ਕਰਦਾ ਹੈ, ਸਗੋਂ ਜਨਤਕ ਪ੍ਰਤੀਨਿਧਤਾ ਦੇ ਤੱਤ ਨੂੰ ਵੀ ਖ਼ਤਰੇ ਵਿੱਚ ਪਾਉਂਦਾ ਹੈ। ਚੀਮਾ ਦੀ ਟਿੱਪਣੀ ਨੇ ਚੋਣ ਢਾਂਚੇ ਦੇ ਅੰਦਰ ਭ੍ਰਿਸ਼ਟਾਚਾਰ ਅਤੇ ਸੱਤਾ ਦੀ ਦੁਰਵਰਤੋਂ ਵਿਰੁੱਧ ਪਾਰਟੀ ਦੇ ਦ੍ਰਿੜ ਰੁਖ ਨੂੰ ਰੇਖਾਂਕਿਤ ਕੀਤਾ।

ਮੀਟਿੰਗ ਦੌਰਾਨ ‘ਆਪ’ ਦੇ ਨੁਮਾਇੰਦਿਆਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਅਜਿਹੀਆਂ ਕਿਸੇ ਵੀ ਬੇਨਿਯਮੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਜਾਂਚ ਨੂੰ ਤੁਰੰਤ ਯਕੀਨੀ ਬਣਾਇਆ ਜਾਵੇ। ਚੀਮਾ ਨੇ ਕਿਹਾ, “ਅਸੀਂ ਚੋਣ ਕਮਿਸ਼ਨ ਨੂੰ ਸੁਚੇਤ ਰਹਿਣ ਅਤੇ ਕਿਸੇ ਵੀ ਕਿਸਮ ਦੀ ਚੋਣ ਗੜਬੜੀ ਵਿਰੁੱਧ ਨਿਰਣਾਇਕ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ। ਲੋਕਤੰਤਰ ਵਿੱਚ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੈ, ਅਤੇ ਸਾਨੂੰ ਆਦਰਸ਼ ਚੋਣ ਜ਼ਾਬਤੇ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਣਾ ਚਾਹੀਦਾ ਹੈ।”

ਇਸ ਤੋਂ ਇਲਾਵਾ, ‘ਆਪ’ ਵਫ਼ਦ ਨੇ ਪੋਲਿੰਗ ਬੂਥਾਂ, ਖਾਸ ਤੌਰ ‘ਤੇ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਖੇਤਰਾਂ ‘ਤੇ ਸੁਰੱਖਿਆ ਉਪਾਵਾਂ ਦੀ ਲੋੜ ਨੂੰ ਉਜਾਗਰ ਕੀਤਾ। ਚੀਮਾ ਨੇ ਜ਼ੋਰ ਦੇ ਕੇ ਕਿਹਾ, “ਵੋਟਾਂ ਤੋਂ ਤੁਰੰਤ ਬਾਅਦ ਗਿਣਤੀ ਸ਼ੁਰੂ ਹੋ ਜਾਵੇਗੀ, ਇਸ ਲਈ ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਨਤੀਜਿਆਂ ਦੀ ਕਿਸੇ ਵੀ ਸੰਭਾਵੀ ਦੁਰਵਰਤੋਂ ਜਾਂ ਹੇਰਾਫੇਰੀ ਨੂੰ ਰੋਕਣ ਲਈ ਲੋੜੀਂਦੀ ਸੁਰੱਖਿਆ ਕੀਤੀ ਜਾਵੇ।” ਉਨ੍ਹਾਂ ਨੇ ਐਸਐਸਪੀ, ਡੀਸੀ, ਐਸਡੀਐਮ ਅਤੇ ਹੋਰ ਸਬੰਧਤ ਅਧਿਕਾਰੀਆਂ ਸਮੇਤ ਸਥਾਨਕ ਅਧਿਕਾਰੀਆਂ ਨੂੰ ਚੋਣ ਪ੍ਰਕਿਰਿਆ ਦੀ ਅਖੰਡਤਾ ਦੀ ਰੱਖਿਆ ਲਈ ਸੁਰੱਖਿਆ ਪ੍ਰੋਟੋਕੋਲ ਨੂੰ ਲਾਗੂ ਕਰਨ ਦਾ ਕੰਮ ਸੌਂਪਣ ਦੀ ਬੇਨਤੀ ਕੀਤੀ।

ਸੁਰੱਖਿਆ ਚਿੰਤਾਵਾਂ ਤੋਂ ਇਲਾਵਾ, ਚੀਮਾ ਨੇ ਵੋਟਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀਆਂ ਵੋਟਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਵੋਟਰ ਜਾਗਰੂਕਤਾ ਪਹਿਲਕਦਮੀਆਂ ਦਾ ਸੱਦਾ ਦਿੱਤਾ। “ਪੰਜਾਬ ਦੇ ਵੋਟਰ ਜਾਣੂ ਅਤੇ ਜਾਗਰੂਕ ਹਨ, ਪਰ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਬੇਈਮਾਨ ਤੱਤਾਂ ਦੁਆਰਾ ਭਰਮਾਉਣ ਜਾਂ ਗੁੰਮਰਾਹ ਨਾ ਹੋਣ। ਸਾਡੇ ਨਾਗਰਿਕਾਂ ਨੂੰ ਸਮਰੱਥ ਬਣਾਉਣ ਲਈ ਇੱਕ ਵਿਆਪਕ ਜਾਗਰੂਕਤਾ ਮੁਹਿੰਮ ਜ਼ਰੂਰੀ ਹੈ।

ਵਫ਼ਦ ਨੂੰ ਚੋਣ ਕਮਿਸ਼ਨ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਠਾਏ ਗਏ ਮੁੱਦਿਆਂ ਨੂੰ ਹੱਲ ਕਰਨ ਲਈ ਉਪਾਅ ਕੀਤੇ ਜਾਣਗੇ। ਚੀਮਾ ਨੇ ਕਿਹਾ “ਅਸੀਂ ਇੱਕ ਸਾਫ਼-ਸੁਥਰੀ ਚੋਣ ਪ੍ਰਕਿਰਿਆ ਲਈ ਵਚਨਬੱਧ ਹਾਂ ਅਤੇ ਅਸੀਂ ਸਾਡੀਆਂ ਲੋਕਤਾਂਤਰਿਕ ਕਦਰਾਂ-ਕੀਮਤਾਂ ਨੂੰ ਢਾਹ ਲਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰਾਂਗੇ। ਲੋਕਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ, ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰਾਂਗੇ ਕਿ ਹਰ ਵੋਟ ਦੀ ਗਿਣਤੀ ਹੋਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਦੀਆਂ ਘਟਨਾਵਾਂ ‘ਤੇ ਨਜ਼ਰ ਰੱਖਣ ਲਈ 8 ਹਜ਼ਾਰ ਤੋਂ ਵੱਧ ਨੋਡਲ ਅਫ਼ਸਰ ਤਾਇਨਾਤ

ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਵੱਡੀ ਰਾਹਤ, CM ਮਾਨ ਵੱਲੋਂ ਲੇਬਰ ਚਾਰਜ ਵਿੱਚ ਪ੍ਰਤੀ ਕੁਇੰਟਲ ਇਕ ਰੁਪਏ ਦਾ ਵਾਧਾ ਕਰਨ ਦਾ ਐਲਾਨ