ਨਵੀਂ ਦਿੱਲੀ, 2 ਅਕਤੂਬਰ 2024 – ਅਮਰੀਕੀ ਚਿਤਾਵਨੀਆਂ ਦੇ ਬਾਵਜੂਦ ਈਰਾਨ ਨੇ ਮੰਗਲਵਾਰ ਰਾਤ 10 ਵਜੇ ਇਜ਼ਰਾਈਲ ‘ਤੇ 180 ਤੋਂ ਜ਼ਿਆਦਾ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਹਾਲਾਂਕਿ ਅਜੇ ਤੱਕ ਕਿਸੇ ਵੱਡੇ ਨੁਕਸਾਨ ਦੀ ਖਬਰ ਨਹੀਂ ਹੈ। ਤੇਲ ਅਵੀਵ ਵਿੱਚ 2 ਨਾਗਰਿਕ ਜ਼ਖਮੀ ਹੋਏ ਹਨ। ਇਹ ਹਮਲੇ ਪੂਰੇ ਇਜ਼ਰਾਈਲ ‘ਤੇ 30 ਮਿੰਟ ਤੱਕ ਕੀਤੇ ਗਏ। ਇਸ ਦੌਰਾਨ ਨਾਗਰਿਕਾਂ ਨੂੰ ਬੰਬ ਸ਼ੈਲਟਰਾਂ ਵਿੱਚ ਜਾਣ ਲਈ ਕਿਹਾ ਗਿਆ।
ਹਮਲੇ ਤੋਂ ਬਾਅਦ ਈਰਾਨ ਨੇ ਕਿਹਾ ਕਿ ਇਹ ਨਸਰੁੱਲਾ ਦੀ ਸ਼ਹਾਦਤ ਦਾ ਪਹਿਲਾ ਬਦਲਾ ਹੈ। ਇਹ ਤਾਂ ਸ਼ੁਰੂਆਤ ਹੈ। ਦਰਅਸਲ 27 ਸਤੰਬਰ ਨੂੰ ਇਜ਼ਰਾਈਲ ਨੇ ਬੇਰੂਤ ‘ਚ ਹਿਜ਼ਬੁੱਲਾ ਦੇ ਹੈੱਡਕੁਆਰਟਰ ‘ਤੇ ਹਮਲਾ ਕੀਤਾ ਸੀ। ਇਸ ‘ਚ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਮਾਰਿਆ ਗਿਆ ਸੀ।
ਇਜ਼ਰਾਇਲੀ ਫੌਜ ਦੇ ਬੁਲਾਰੇ ਡੇਨੀਅਲ ਹਾਗਰੀ ਨੇ ਕਿਹਾ ਕਿ ਇਸ ਹਮਲੇ ਦੇ ਨਤੀਜੇ ਭੁਗਤਣੇ ਪੈਣਗੇ। ਸਾਡੇ ਕੋਲ ਇੱਕ ਯੋਜਨਾ ਹੈ ਅਤੇ ਅਸੀਂ ਆਪਣੀ ਇੱਛਾ ਅਨੁਸਾਰ ਸਮਾਂ ਅਤੇ ਸਥਾਨ ਨਿਰਧਾਰਤ ਕਰਕੇ ਕਾਰਵਾਈ ਕਰਾਂਗੇ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਅਮਰੀਕੀ ਫੌਜ ਨੂੰ ਇਜ਼ਰਾਈਲ ਦੀ ਮਦਦ ਕਰਨ ਲਈ ਕਿਹਾ ਹੈ।
ਅਮਰੀਕਾ ਨੇ ਸ਼ਾਮ 7 ਵਜੇ ਈਰਾਨ ਦੇ ਹਮਲੇ ਦਾ ਦਾਅਵਾ ਕੀਤਾ ਸੀ। ਅਮਰੀਕਾ ਨੇ ਈਰਾਨ ਨੂੰ ਕਿਹਾ ਸੀ ਕਿ ਜੇਕਰ ਉਸ ਨੇ ਹਮਲਾ ਕੀਤਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਦੂਜੇ ਪਾਸੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਸ਼ਲ ਮੀਡੀਆ ਐਕਸ ‘ਤੇ ਲਿਖਿਆ, ‘ਈਰਾਨ ਨੇ ਅੱਜ ਰਾਤ ਇੱਕ ਵੱਡੀ ਗਲਤੀ ਕੀਤੀ ਅਤੇ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।’