… ਭਾਜਪਾ ਲਗਾਤਾਰ ਕਿਸਾਨ ਅੰਦੋਲਨ ਨੂੰ ਬਦਨਾਮ ਅਤੇ ਬਰਬਾਦ ਕਰਨ ਦੀ ਸਾਜ਼ਿਸ਼ ਰਚ ਰਹੀ ਹੈ
… ਭਾਜਪਾ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ, ਉਨ੍ਹਾਂ ਨੂੰ ਗਾਲ੍ਹਾਂ ਦੇ ਰਹੀ ਹੈ, ਪ੍ਰੰਤੂ ‘ਆਪ’ ਪੂਰੇ ਤਨ-ਮਨ ਨਾਲ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਅੱਗੇ ਵੀ ਖੜ੍ਹੀ ਰਹੇਗੀ
… ਕਿਸਾਨਾਂ ਨੇ ਬਾਲੀਵੁੱਡ ਅਦਾਕਾਰਾ ਅਤੇ ਕਈ ਭਾਜਪਾ ਦੇ ਸੰਸਦ ਮੈਂਬਰ ਤੇ ਮੰਤਰੀਆਂ ਨੂੰ ਭੇਜਿਆ ਨੋਟਿਸ
ਚੰਡੀਗੜ੍ਹ, 10 ਜਨਵਰੀ 2021 – ਆਮ ਆਦਮੀ ਪਾਰਟੀ ਉਨ੍ਹਾਂ ਸਾਰੇ ਕਿਸਾਨਾਂ ਨੂੰ ਕਾਨੂੰਨੀ ਮਦਦ ਦੇ ਰਹੀ ਹੈ, ਜੋ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਖ਼ਿਲਾਫ਼ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਨੂੰ ਲੈ ਕੇ ਅਦਾਲਤ ਦਾ ਰੁਖ਼ ਕਰ ਰਹੇ ਹਨ।
‘ਆਪ’ ਪੰਜਾਬ ਦੇ ਸਹਿ-ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਪਾਰਟੀ ਹੈੱਡਕੁਆਟਰ ਵਿਖੇ ਪ੍ਰੈਸ ਕਾਨਫ਼ਰੰਸ ‘ਚ ਕਿਹਾ ਕਿ ਕੁੱਝ ਕਿਸਾਨਾਂ ਨੇ ਨਿਆਂ ਲੈਣ ਲਈ ਫ਼ੈਸਲਾ ਕੀਤਾ ਹੈ ਕਿ ਭਾਜਪਾ ਆਗੂਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਰਾਵ ਸਾਹਿਬ ਦਾਨਵੇ, ਸੰਸਦ ਮੈਂਬਰ ਰਵੀ ਕਿਸ਼ਨ, ਮਨੋਜ ਤਿਵਾੜੀ, ਰਮੇਸ਼ ਬਿਧੂੜੀ ਅਤੇ ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਬਾਰਡਰ ਉੱਤੇ ਬੈਠੇ ਅੰਨਦਾਤਾ ਦੀ ਸੱਚੇ ਸੇਵਾਦਾਰ ਵਜੋਂ ਸੇਵਾ ਕਰ ਰਹੀ ਹੈ। ਅੰਦੋਲਨ ਕਰ ਰਹੇ ਕਿਸਾਨ ਮਹੀਨਿਆਂ ਤੋਂ ਮੋਦੀ ਸਰਕਾਰ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਦੀ ਅਪੀਲ ਕਰ ਰਹੇ ਹਨ, ਪ੍ਰੰਤੂ ਸਰਕਾਰ ਉਨ੍ਹਾਂ ਦੀਆਂ ਗੱਲਾਂ ਸੁਣਨ ਦੀ ਬਜਾਏ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ ਅਤੇ ਭਾਜਪਾ ਆਗੂ ਕਿਸਾਨਾਂ ਖ਼ਿਲਾਫ਼ ਭੱਦੀਆਂ ਟਿੱਪਣੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਜੇਕਰ ਸਾਡੇ ਸਭ ਦੇ ਘਰ ਅੰਨ੍ਹ ਪਹੁੰਚ ਰਿਹਾ ਹੈ, ਸਾਡੀ ਥਾਲ਼ੀ ਵਿੱਚ ਰੋਟੀ ਹੈ ਅਤੇ ਸਾਡੇ ਪੇਟ ਭਰ ਰਹੇ ਹਨ, ਤਾਂ ਇਹ ਉਨ੍ਹਾਂ ਕਿਸਾਨਾਂ ਦੇ ਹੀ ਸੰਘਰਸ਼ ਅਤੇ ਤਪੱਸਿਆ ਦਾ ਨਤੀਜਾ ਹੈ। ਜੇਕਰ ਕੋਈ ਕਿਸਾਨਾਂ ਨੂੰ ਗਾਲ੍ਹਾਂ ਦਿੰਦਾ ਹੈ, ਤਾਂ ਉਹ ਕਿਸਾਨਾਂ ਨੂੰ ਨਹੀਂ ਭਾਰਤ ਮਾਤਾ ਨੂੰ ਗਾਲ੍ਹਾਂ ਦੇ ਰਹੇ ਹਨ।
ਚੱਢਾ ਨੇ ਅੱਗੇ ਕਿਹਾ, ‘ਭਾਜਪਾ ਦੇ ਆਗੂ ਵਾਰ-ਵਾਰ ਕਿਸਾਨਾਂ ਨੂੰ ਦੇਸ਼ ਧ੍ਰੋਹੀ, ਖ਼ਾਲਿਸਤਾਨ, ਗੁੰਡੇ, ਪਾਕਿਸਤਾਨ ਅਤੇ ਚੀਨ ਸਮਰਥਕ ਦਸ ਰਹੇ ਹਨ। ਮੈਂ ਭਾਜਪਾ ਨੂੰ ਕਹਿਣਾ ਚਾਹੁੰਦਾ ਹਾਂ, ਸਾਡੇ ਕਿਸਾਨ ਅੱਤਵਾਦੀ ਨਹੀਂ, ਅੰਨਦਾਤਾ ਹਨ, ਸਹਿਣਸ਼ੀਲ ਅਤੇ ਸੰਘਰਸ਼ਸ਼ੀਲ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵਾਲਿਆਂ ਨੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਉਨ੍ਹਾਂ ਖ਼ਿਲਾਫ਼ ਭੱਦੀਆਂ ਟਿੱਪਣੀਆਂ ਕੀਤੀਆਂ ਅਤੇ ਗਾਲ੍ਹਾਂ ਦਿੱਤੀਆਂ ਹਨ। ਹੁਣ ਕਿਸਾਨ ਨਿਆਂ ਲੈਣ ਲਈ ਅਦਾਲਤ ‘ਚ ਜਾ ਰਹੇ ਹਨ। ਸਾਨੂੰ ਪੂਰਾ ਭਰੋਸਾ ਹੈ ਕਿ ਜਿੱਤ ਸਾਡੇ ਕਿਸਾਨ ਭਰਾਵਾਂ ਦੀ ਹੀ ਹੋਵੇਗੀ।
ਚੱਢਾ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਜੋ ਅੰਨਦਾਤਾ ਦਿਨ-ਰਾਤ ਮਿਹਨਤ ਕਰਕੇ ਪੂਰੇ ਦੇਸ਼ ਦਾ ਪੇਟ ਭਰਦੇ ਹਨ, ਪਿਛਲੇ ਡੇਢ ਮਹੀਨੇ ਤੋਂ ਕੜਾਕੇ ਦੀ ਠੰਢ ਵਿੱਚ ਦਿੱਲੀ ਬਾਰਡਰ ਉੱਤੇ ਮਹਿਲਾਵਾਂ ਅਤੇ ਬੱਚਿਆਂ ਨਾਲ ਆਪਣੀ ਹੋਂਦ ਬਚਾਉਣ ਦੀ ਲੜ ਰਹੇ ਹਨ, ਪ੍ਰੰਤੂ ਇਹ ਬੇਦਰਦ ਮੋਦੀ ਸਰਕਾਰ ਕਿਸਾਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੈ।
ਉਨ੍ਹਾਂ ਕਿਹਾ, ‘ਇਹ ਸਾਬਤ ਹੋ ਚੁੱਕਿਆ ਹੈ ਕਿ ਪੂਰੀ ਭਾਜਪਾ ਅਤੇ ਮੋਦੀ ਸਰਕਾਰ ਰਣਨੀਤੀ ਦੇ ਤਹਿਤ ਕਿਸਾਨ ਅੰਦੋਲਨ ਨੂੰ ਬਰਬਾਦ ਕਰਨ ਅਤੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ, ਪ੍ਰੰਤੂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਭਾਜਪਾ ਦੀ ਸਾਜ਼ਿਸ਼ ਕਦੇ ਕਾਮਯਾਬ ਨਹੀਂ ਹੋ ਸਕੇਗੀ। ਉਨ੍ਹਾਂ ਕਿਹਾ ਕਿ ‘ਆਪ’ ਹਰ ਮੋਰਚੇ ਉੱਤੇ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਖ਼ਿਲਾਫ਼ ਘਟੀਆ ਤੇ ਭੱਦੀ ਬਿਆਨਬਾਜ਼ੀ ਕਰਨ ਵਾਲੇ ਆਗੂਆਂ ਨੂੰ ਸਜ਼ਾਵਾਂ ਦਿਵਾਉਣ ਲਈ ਕਾਨੂੰਨੀ ਲੜਾਈ ਵਿੱਚ ਅਸੀਂ ਹਰ ਤਰੀਕੇ ਨਾਲ ਪੀੜਤ ਕਿਸਾਨਾਂ ਦੀ ਮਦਦ ਕਰਾਂਗੇ।
ਚੱਢਾ ਨੇ ਕਿਹਾ ਕਿ ਭਾਜਪਾ ਦੇ 20 ਤੋਂ ਜ਼ਿਆਦਾ ਆਗੂਆਂ, ਕੇਂਦਰੀ ਮੰਤਰੀ ਪੀਯੂਸ਼ ਗੋਇਲ, ਰਵੀ ਸ਼ੰਕਰ ਪ੍ਰਸਾਦ, ਗਿਰੀਰਾਜ ਸਿੰਘ, ਸੰਸਦ ਮੈਂਬਰ ਮਨੋਜ ਤਿਵਾੜੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਅਤੇ ਹੋਰ ਵੱਡੇ ਆਗੂਆਂ ਨੇ ਕਿਸਾਨਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਕੁੱਝ ਭਾਜਪਾ ਆਗੂਆਂ ਨੂੰ ਨੋਟਿਸ ਭੇਜਣ ਤੋਂ ਬਾਅਦ ਹੁਣ ਪੀੜਤ ਕਿਸਾਨਾਂ ਨੇ ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਅਤੇ ਭਾਜਪਾ ਸੰਸਦ ਮੈਂਬਰ ਅਤੇ ਮੰਤਰੀਆਂ ਨੂੰ ਕਾਨੂੰਨੀ ਨੋਟਿਸ ਭੇਜੇ ਗਏ ਹਨ।
ਬਾਲੀਵੁੱਡ ਅਭਿਨੇਤਾ ਕੰਗਣਾ ਨੂੰ ਜੀਵਨਜੋਤ ਕੌਰ ਨੇ ਕਿਸਾਨ ਬਜ਼ੁਰਗ ਮਹਿਲਾ ਖ਼ਿਲਾਫ਼ ਕੀਤੀ ਅਪਮਾਨਜਨਕ ਟਿੱਪਣੀ ਸਬੰਧੀ ਨੋਟਿਸ ਭੇਜਿਆ ਹੈ। ਕੰਗਣਾ ਨੇ ਬਜ਼ੁਰਗ ਕਿਸਾਨ ਮਹਿਲਾ ਦੀ ਫ਼ੋਟੋ ਸਾਂਝੇ ਕਰਦੇ ਹੋਏ ਲਿਖਿਆ ਸੀ ਕਿ ਅਜਿਹੀਆਂ ਔਰਤਾਂ 100-200 ਰੁਪਏ ਲੈ ਕੇ ਧਰਨਿਆਂ ਉੱਤੇ ਬੈਠ ਜਾਂਦੀਆਂ ਹਨ। ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਕਿਸਾਨਾਂ ਨੂੰ ਟੁਕੜੇ-ਟੁਕੜੇ ਗੈਂਗ ਦੇ ਮੈਂਬਰ ਕਹਿਣ ਉੱਤੇ ਮਾਨਸਾ ਜ਼ਿਲ੍ਹੇ ਦੇ ਕਿਸਾਨ ਸੁਖਵਿੰਦਰ ਪਾਲ ਸੁਖੀ ਨੇ ਨੋਟਿਸ ਭੇਜਿਆ ਹੈ। ਪਟਿਆਲਾ ਦੇ ਕਿਸਾਨ ਗੁਰਿੰਦਰ ਸਿੰਘ ਨੇ ਸੰਸਦ ਮੈਂਬਰ ਰਵੀ ਕਿਸ਼ਨ ਨੂੰ ਨੋਟਿਸ ਭੇਜਿਆ ਹੈ। ਰਵੀ ਕਿਸ਼ਨ ਨੇ 17 ਦਸੰਬਰ ਨੂੰ ਕਿਹਾ ਸੀ ਕਿ ਚੀਨ ਤੇ ਪਾਕਿਸਤਾਨ ਅੰਦੋਲਨ ਨੂੰ ਚਲਾ ਰਿਹਾ ਹੈ, ਅੰਦੋਲਨ ਲਈ ਪਾਕਿਸਤਾਨ, ਕੈਨੇਡਾ ਅਤੇ ਚੀਨ ਤੋਂ ਫੰਡਿੰਗ ਹੋ ਰਹੀ ਹੈ। ਸੰਸਦ ਮੈਂਬਰ ਰਮੇਸ਼ ਬਿਧੂੜੀ ਵੱਲੋਂ ਕਿਸਾਨਾਂ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਨਰਿੰਦਰ ਸਿੰਘ ਸ਼ੇਰਗਿੱਲ ਨੇ ਨੋਟਿਸ ਭੇਜਿਆ ਹੈ। ਪਟਿਆਲਾ ਦੇ ਕਿਸਾਨ ਚੇਤਨ ਸਿੰਘ ਨੇ ਕੇਂਦਰੀ ਮੰਤਰੀ ਰਾਵ ਸਾਹਿਬ ਦਾਨਵੇ ਵੱਲੋਂ ਕਿਸਾਨਾਂ ਖ਼ਿਲਾਫ਼ ਕੀਤੀਆਂ ਗਈਆਂ ਇਤਰਾਜ਼ ਯੋਗ ਟਿੱਪਣੀਆਂ ਖ਼ਿਲਾਫ਼ ਨੋਟਿਸ ਭੇਜਿਆ ਹੈ।