ਅਦਾਕਾਰ ਨਾਗਾਰਜੁਨ ਨੇ ਮੰਤਰੀ ਖਿਲਾਫ਼ ਕਰਵਾਇਆ ਮਾਣਹਾਨੀ ਦਾ ਕੇਸ, ਪੜ੍ਹੋ ਕੀ ਹੈ ਮਾਮਲਾ ਮਾਮਲਾ

ਨਵੀਂ ਦਿੱਲੀ, 4 ਅਕਤੂਬਰ 2024 – ਸਾਊਥ ਦੇ ਸੁਪਰਸਟਾਰ ਨਾਗਾਰਜੁਨ ਨੇ ਤੇਲੰਗਾਨਾ ਸਰਕਾਰ ਦੀ ਮੰਤਰੀ ਕੋਂਡਾ ਸੁਰੇਖਾ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਬੁੱਧਵਾਰ ਨੂੰ ਸੁਰੇਖਾ ਨੇ ਤੇਲਗੂ ਸਿਨੇਮਾ ਦੀ ਅਦਾਕਾਰਾ ਸਾਮੰਥਾ ਰੂਥ ਪ੍ਰਭੂ ਅਤੇ ਅਦਾਕਾਰ ਨਾਗਾ ਚੈਤੰਨਿਆ ਦੇ ਤਲਾਕ ‘ਤੇ ਬਿਆਨ ਦਿੱਤਾ ਸੀ। ਇਸ ਬਿਆਨ ਤੋਂ ਬਾਅਦ ਵੱਡਾ ਵਿਵਾਦ ਸ਼ੁਰੂ ਹੋ ਗਿਆ ਹੈ। ਸੀਨੀਅਰ ਤੇਲਗੂ ਅਦਾਕਾਰ ਨਾਗਾਰਜੁਨ ਆਪਣੇ ਪੁੱਤਰ ਦੇ ਪਹਿਲੇ ਵਿਆਹ ‘ਤੇ ਟਿੱਪਣੀ ਸੁਣ ਕੇ ਬਹੁਤ ਨਾਰਾਜ਼ ਹੋ ਗਏ।ਚੈਤੰਨਿਆ ਅਤੇ ਸਾਮੰਥਾ ਨੇ ਅਕਤੂਬਰ 2021 ‘ਚ ਆਪਣੇ ਤਲਾਕ ਦਾ ਐਲਾਨ ਕਰਦੇ ਹੋਏ Instagram ‘ਤੇ ਇੱਕ ਪੋਸਟ ਸ਼ੇਅਰ ਕੀਤੀ ਸੀ।

ਦੋਵਾਂ ਅਦਾਕਾਰਾਂ ਨੇ ਇਸ ਮੁਸ਼ਕਲ ਸਮੇਂ ਦੌਰਾਨ ਪ੍ਰਸ਼ੰਸਕਾਂ ਅਤੇ ਮੀਡੀਆ ਤੋਂ ਗੋਪਨੀਯਤਾ ਅਤੇ ਸਮਰਥਨ ਦੀ ਬੇਨਤੀ ਵੀ ਕੀਤੀ ਸੀ। ਇਸ ਐਲਾਨ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਦੋਂ ਤੋਂ ਇਸ ਦੀਆਂ ਚਰਚਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ।ਤੇਲੰਗਾਨਾ ਦੀ ਕੈਬਨਿਟ ਮੰਤਰੀ ਕੋਂਡਾ ਸੁਰੇਖਾ ਨੇ ਬੁੱਧਵਾਰ ਨੂੰ ਆਪਣੇ ਸਿਆਸੀ ਵਿਰੋਧੀ ਭਾਰਤ ਰਾਸ਼ਟਰ ਸਮਿਤੀ ਪਾਰਟੀ ਦੇ ਮੁਖੀ ਕੇ.ਟੀ. ਰਾਮਾ ਰਾਓ (ਕੇ. ਟੀ. ਆਰ.) ਬਾਰੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕੇਟੀਆਰ ‘ਤੇ ਕਈ ਦੋਸ਼ ਲਗਾਏ ਅਤੇ ਉਨ੍ਹਾਂ ਦੇ ਚਰਿੱਤਰ ਨੂੰ ਵੀ ਸਵਾਲਾਂ ਦੇ ਘੇਰੇ ‘ਚ ਰੱਖਿਆ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਸਾਮੰਥਾ -ਚੈਤੰਨਿਆ ਦਾ ਤਲਾਕ ਵੀ ਉਨ੍ਹਾਂ ਦੀ ਵਜ੍ਹਾ ਨਾਲ ਹੋਇਆ ਹੈ।

ਕੋਂਡਾ ਸੁਰੇਖਾ ਦੇ ਇਸ ਬਿਆਨ ਤੋਂ ਨਾਗਾ ਚੈਤੰਨਿਆ ਦੇ ਪਿਤਾ ਅਤੇ ਸੁਪਰਸਟਾਰ ਨਾਗਾਰਜੁਨ ਕਾਫੀ ਨਾਰਾਜ਼ ਸਨ। ਸੁਰੇਖਾ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਨਾਗਾਰਜੁਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਕ ਪੋਸਟ ਲਿਖਿਆ ਸੀ। ਹਾਲਾਂਕਿ ਹੁਣ ਉਨ੍ਹਾਂ ਨੇ ਇਸ ਤੋਂ ਵੀ ਇੱਕ ਕਦਮ ਅੱਗੇ ਜਾ ਕੇ ਸੁਰੇਖਾ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ ਹੈ। ਨਾਗਾਰਜੁਨ ਨੇ ਹੈਦਰਾਬਾਦ ਦੀ ਨਾਮਪੱਲੀ ਅਦਾਲਤ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 356 ਤਹਿਤ ਸੁਰੇਖਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਅਦਾਕਾਰ ਦਾ ਕਹਿਣਾ ਹੈ ਕਿ ਕੋਂਡਾ ਸੁਰੇਖਾ ਦੇ ਬਿਆਨ ਨਾਲ ਅਕੀਨੇਨੀ ਪਰਿਵਾਰ ਦੇ ਸਨਮਾਨ ਨੂੰ ਠੇਸ ਪਹੁੰਚੀ ਹੈ। ਨਾਗਾ ਚੈਤੰਨਿਆ ਨੇ ਵੀ ਇਸ ਮਾਮਲੇ ਦੀ ਕਾਪੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ।ਬੁੱਧਵਾਰ ਨੂੰ ਹੀ ਨਾਗਾਰਜੁਨ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕੋਂਡਾ ਸੁਰੇਖ ਦੇ ਸ਼ਬਦਾਂ ਦੀ ਸਖ਼ਤ ਨਿੰਦਾ ਕੀਤੀ ਸੀ। ਉਨ੍ਹਾਂ ਨੇ ਲਿਖਿਆ ਸੀ, ‘ਆਪਣੇ ਵਿਰੋਧੀਆਂ ਦੀ ਆਲੋਚਨਾ ਕਰਨ ਲਈ ਰਾਜਨੀਤੀ ਤੋਂ ਦੂਰ ਰਹਿਣ ਵਾਲੇ ਫਿਲਮੀ ਸਿਤਾਰਿਆਂ ਦੀ ਜ਼ਿੰਦਗੀ ਦੀ ਵਰਤੋਂ ਨਾ ਕਰੋ। ਕਿਰਪਾ ਕਰਕੇ ਦੂਜਿਆਂ ਦੀ ਨਿੱਜਤਾ ਦਾ ਆਦਰ ਕਰੋ। ਇੱਕ ਜ਼ਿੰਮੇਵਾਰ ਅਹੁਦਾ ਸੰਭਾਲਣ ਵਾਲੀ ਔਰਤ ਹੋਣ ਦੇ ਨਾਤੇ, ਸਾਡੇ ਪਰਿਵਾਰ ਬਾਰੇ ਤੁਹਾਡੀਆਂ ਟਿੱਪਣੀਆਂ ਪੂਰੀ ਤਰ੍ਹਾਂ ਬੇਲੋੜੀਆਂ ਅਤੇ ਗਲਤ ਹਨ। ਮੈਂ ਤੁਹਾਨੂੰ ਤੁਰੰਤ ਆਪਣਾ ਬਿਆਨ ਵਾਪਸ ਲੈਣ ਦੀ ਬੇਨਤੀ ਕਰਦਾ ਹਾਂ।

ਨਾਗਾਰਜੁਨ ਦੀ ਪਤਨੀ ਅਮਲਾ ਅਕੀਨੇਨੀ ਨੇ ਵੀ ਸੁਰੇਖਾ ਦੇ ਬਿਆਨ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਨੇ ਸੁਰੇਖਾ ਦੇ ਬਿਆਨ ਨੂੰ ‘ਸ਼ਰਮਨਾਕ’ ਦੱਸਿਆ ਸੀ। ਰਾਜਨੀਤਿਕ ਨੇਤਾਵਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਟੈਗ ਕਰਦੇ ਹੋਏ ਅਮਲਾ ਨੇ ਲਿਖਿਆ, ‘ਜੇਕਰ ਤੁਸੀਂ ਮਨੁੱਖੀ ਸਭਿਅਤਾ ‘ਚ ਵਿਸ਼ਵਾਸ ਰੱਖਦੇ ਹੋ, ਤਾਂ ਕਿਰਪਾ ਕਰਕੇ ਆਪਣੇ ਨੇਤਾਵਾਂ ‘ਤੇ ਲਗਾਮ ਲਗਾਓ ਅਤੇ ਆਪਣੇ ਮੰਤਰੀ ਨੂੰ ਕਹੋ ਕਿ ਉਹ ਮੇਰੇ ਪਰਿਵਾਰ ਤੋਂ ਮੁਆਫੀ ਮੰਗ ਕੇ ਆਪਣਾ ਜ਼ਹਿਰੀਲਾ ਬਿਆਨ ਵਾਪਸ ਲੈਣ। ਇਸ ਦੇਸ਼ ਦੇ ਨਾਗਰਿਕਾਂ ਦੀ ਰੱਖਿਆ ਕਰੋ।ਇਸ ਤੋਂ ਇਲਾਵਾ ਐਕਟਰ ਜੂਨੀਅਰ ਐਨਟੀਆਰ ਅਤੇ ਪ੍ਰਕਾਸ਼ ਰਾਜ ਵੀ ਅਕੀਨੇਨੀ ਪਰਿਵਾਰ ਦੇ ਸਮਰਥਨ ਵਿੱਚ ਸਾਹਮਣੇ ਆਏ ਅਤੇ ਮੰਤਰੀ ਦੇ ਸ਼ਬਦਾਂ ਦੀ ਨਿੰਦਾ ਕੀਤੀ। ਕੋਂਡਾ ਸੁਰੇਖਾ ਨੇ ਅਜੇ ਤੱਕ ਆਪਣੇ ਬਿਆਨ ‘ਤੇ ਕੋਈ ਪਛਤਾਵਾ ਨਹੀਂ ਪ੍ਰਗਟਾਇਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੱਪ ਦੇ ਡੰਗਣ ਨਾਲ ਨੌਜਵਾਨ ਦੀ ਮੌਤ, ਦੋ ਮਹੀਨੇ ਪਹਿਲਾਂ ਭਰਾ ਦੀ ਵੀ ਸੱਪ ਦੇ ਡੰਗਣ ਕਾਰਨ ਹੋਈ ਸੀ ਮੌਤ

ਬਲੈਰੋ ਗੱਡੀ ਅਤੇ ਮੋਟਰਸਾਈਕਲ ਦਰਮਿਆਨ ਹੋਈ ਭਿਆਨਕ ਟੱਕਰ: 2 ਦੀ ਮੌਤ