- ਅਕਤੂਬਰ ਦੇ ਅੰਤ ਤੱਕ ਪੰਜਾਬ ਤੋਂ 15 ਲੱਖ ਮੀਟਰਕ ਟਨ ਚੌਲਾਂ ਦੀ ਚੁਕਾਈ ਕੀਤੀ ਜਾਵੇਗੀ
- ਭੰਡਾਰਨ ਲਈ ਲੋੜੀਂਦੀ ਥਾਂ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਕਰ ਰਹੀ ਹੈ ਹਰ ਸੰਭਵ ਯਤਨ
ਚੰਡੀਗੜ੍ਹ, 4 ਅਕਤੂਬਰ 2024 – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਝੋਨੇ ਦੀ ਖਰੀਦ ਦੇ ਚੱਲ ਰਹੇ ਸੀਜ਼ਨ ਦੇ ਮੱਦੇਨਜ਼ਰ ਭੰਡਾਰਨ ਲਈ ਲੋੜੀਂਦੀ ਥਾਂ ਬਣਾਉਣ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਸੂਬਾ ਸਰਕਾਰ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਸਦਕਾ ਭਾਰਤੀ ਖੁਰਾਕ ਨਿਗਮ (ਐਫਸੀਆਈ) ਵੱਲੋਂ ਅਕਤੂਬਰ ਦੇ ਅੰਤ ਤੱਕ ਪੰਜਾਬ ਤੋਂ 15 ਲੱਖ ਮੀਟ੍ਰਿਕ ਟਨ ਚੌਲ ਦੀ ਚੁਕਾਈ ਕੀਤੀ ਜਾਵੇਗੀ ਅਤੇ ਇਹ ਕੰਮ 20 ਰੇਲ ਗੱਡੀਆਂ, 3 ਕੰਟੇਨਰਾਂ ਅਤੇ ਕੁਝ ਛੋਟੇ ਟਰੱਕਾਂ ਨੂੰ ਇਸਤੇਮਾਲ ਕਰਦਿਆਂ ਪੂਰਾ ਕੀਤਾ ਜਾਵੇਗਾ। ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ 31 ਦਸੰਬਰ, 2024 ਤੱਕ ਸੂਬੇ ਦੇ ਗੋਦਾਮਾਂ ਤੋਂ ਲਗਭਗ 40 ਲੱਖ ਮੀਟਰਕ ਟਨ ਚੌਲਾਂ ਦੀ ਚੁਕਾਈ ਕੀਤੀ ਜਾਵੇਗੀ ਤਾਂ ਜੋ ਨਵੀਂ ਫਸਲ ਦੇ ਭੰਡਾਰਨ ਲਈ ਲੋੜੀਂਦੀ ਥਾਂ ਮੁਹੱਈਆ ਕਰਵਾਈ ਜਾ ਸਕੇ।
ਮੰਤਰੀ ਨੇ ਦੱਸਿਆ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮੋਡ ਰਾਹੀਂ ਹੋਰ ਗੋਦਾਮਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਗਲੇ ਸਾਲ ਮਾਰਚ ਤੱਕ 90 ਲੱਖ ਮੀਟਰਕ ਟਨ ਭੰਡਾਰਨ ਦੀ ਥਾਂ (ਸਟੋਰੇਜ ਸਪੇਸ) ਪੈਦਾ ਹੋਣ ਦੀ ਸੰਭਾਵਨਾ ਹੈ। ਇਸ ਲਈ ਅਨਾਜ ਨੂੰ ਸਟੋਰ ਕਰਨ ਲਈ ਥਾਂ ਦੀ ਕਿੱਲਤ ਨਹੀਂ ਹੋਵੇਗੀ।
 
			
			ਉਨ੍ਹਾਂ ਅੱਗੇ ਦੱਸਿਆ ਕਿ ਆੜ੍ਹਤੀਆਂ ਨੇ ਅੱਜ ਤੋਂ ਹੀ ਬਾਸਮਤੀ ਚੌਲਾਂ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ ਅਤੇ ਸੂਬਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਅਤੇ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਹੈ।
ਧਰਨੇ ਵਜੋਂ ਰੇਲ ਪਟੜੀਆਂ ਰੋਕੀ ਬੈਠੇ ਕਿਸਾਨਾਂ ਨੂੰ ਅਜਿਹਾ ਕਰਨ ਤੋਂ ਗੁਰੇਜ਼ ਕਰਨ ਦਾ ਸੱਦਾ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਸ ਨਾਲ ਗੁਦਾਮਾਂ ਵਿੱਚ ਨਵੀਂ ਫਸਲ ਲਈ ਖਾਲੀ ਥਾਵਾਂ ਯਕੀਨੀ ਬਣਾਉਣ ਵਿੱਚ ਮੁਸ਼ਕਿਲ ਪੇਸ਼ ਆਵੇਗੀ।
 
			
			 
					 
						
 
			
			

