ਚੰਡੀਗੜ੍ਹ, 5 ਅਕਤੂਬਰ 2024 – ਹਰਿਆਣਾ ਦੇ 22 ਜ਼ਿਲ੍ਹਿਆਂ ਦੀਆਂ 90 ਵਿਧਾਨ ਸਭਾ ਸੀਟਾਂ ਲਈ ਸ਼ਨੀਵਾਰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ। ਇਹ ਸ਼ਾਮ 6 ਵਜੇ ਤੱਕ ਜਾਰੀ ਰਹੇਗਾ। ਨਤੀਜਾ 8 ਅਕਤੂਬਰ ਨੂੰ ਆਵੇਗਾ। ਸੂਬੇ ਵਿੱਚ ਕੁੱਲ ਵੋਟਰ 2.03 ਕਰੋੜ ਹਨ। ਇਨ੍ਹਾਂ ਵਿੱਚੋਂ 1.07 ਕਰੋੜ ਪੁਰਸ਼ ਅਤੇ 95 ਲੱਖ ਮਹਿਲਾ ਵੋਟਰ ਹਨ।
ਸਵੇਰੇ ਜਿਵੇਂ ਹੀ ਵੋਟਿੰਗ ਸ਼ੁਰੂ ਹੋਈ, ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਸਭ ਤੋਂ ਪਹਿਲਾਂ ਕਰਨਾਲ ਦੇ ਆਪਣੇ ਬੂਥ ‘ਤੇ ਆਪਣੀ ਵੋਟ ਪਾਈ। ਦੂਜੇ ਪਾਸੇ ਨਿਸ਼ਾਨੇਬਾਜ਼ੀ ਖਿਡਾਰੀ ਅਤੇ ਓਲੰਪਿਕ ਤਮਗਾ ਜੇਤੂ ਮਨੂ ਭਾਸਕਰ ਨੇ ਝੱਜਰ ‘ਚ ਵੋਟ ਪਾਈ। ਮਨੂ ਨੇ ਕਿਹਾ, ਮੈਂ ਪਹਿਲੀ ਵਾਰ ਵੋਟ ਪਾਈ ਹੈ।
ਇਸ ਚੋਣ ਵਿੱਚ 1031 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 930 ਪੁਰਸ਼ ਅਤੇ 101 ਔਰਤਾਂ ਹਨ। ਇਨ੍ਹਾਂ ਵਿੱਚ 462 ਆਜ਼ਾਦ ਵੀ ਹਨ। ਆਜ਼ਾਦ ਉਮੀਦਵਾਰਾਂ ਵਿੱਚ 421 ਪੁਰਸ਼ ਅਤੇ 41 ਮਹਿਲਾ ਉਮੀਦਵਾਰ ਹਨ। ਸੂਬੇ ਵਿੱਚ ਪਹਿਲੀ ਵਾਰ 5 ਵੱਡੀਆਂ ਸਿਆਸੀ ਪਾਰਟੀਆਂ ਕਾਂਗਰਸ, ਭਾਜਪਾ, ਜਨਨਾਇਕ ਜਨਤਾ ਪਾਰਟੀ (ਜੇਜੇਪੀ), ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਆਮ ਆਦਮੀ ਪਾਰਟੀ (ਆਪ) ਚੋਣ ਮੈਦਾਨ ਵਿੱਚ ਹਨ।
ਭਾਜਪਾ ਅਤੇ ‘ਆਪ’ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਹੋਰਨਾਂ ਪਾਰਟੀਆਂ ਨਾਲ ਗਠਜੋੜ ਕਰਕੇ ਚੋਣਾਂ ਲੜ ਰਹੀਆਂ ਹਨ। ਕਾਂਗਰਸ ਨੇ ਇੱਕ ਸੀਟ ‘ਤੇ ਸੀਪੀਆਈ-ਐਮ ਨਾਲ ਗਠਜੋੜ ਕੀਤਾ ਹੈ। ਜੇਜੇਪੀ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਦੀ ਆਜ਼ਾਦ ਸਮਾਜ ਪਾਰਟੀ (ਏਐਸਪੀ) ਨਾਲ ਚੋਣ ਲੜ ਰਹੀ ਹੈ, ਜਦਕਿ ਇਨੈਲੋ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਚੋਣ ਲੜ ਰਹੀ ਹੈ।