ਨਵੀਂ ਦਿੱਲੀ, 6 ਅਕਤੂਬਰ 2024 – ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਬੈਠਕ ਲਈ ਪਾਕਿਸਤਾਨ ਜਾ ਰਹੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਗੁਆਂਢੀ ਦੇਸ਼ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਕਰਨ ਲਈ ਉੱਥੇ ਨਹੀਂ ਜਾ ਰਹੇ ਹਨ।
ਦਿੱਲੀ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਦੇ ਪਾਕਿਸਤਾਨ ਜਾਣ ਦਾ ਇੱਕੋ ਇੱਕ ਕਾਰਨ ਐਸਸੀਓ ਮੀਟਿੰਗ ਸੀ। ਇਹ ਇੱਕ ਬਹੁਪੱਖੀ ਈਵੈਂਟ ਹੈ। ਉਹ ਉੱਥੇ ਭਾਰਤ-ਪਾਕਿਸਤਾਨ ਸਬੰਧਾਂ ‘ਤੇ ਚਰਚਾ ਨਹੀਂ ਕਰਨਗੇ।
ਵਿਦੇਸ਼ ਮੰਤਰੀ ਨੇ ਕਿਹਾ, “ਐਸਸੀਓ ਦਾ ਚੰਗਾ ਮੈਂਬਰ ਹੋਣ ਦੇ ਨਾਤੇ, ਮੈਂ ਪਾਕਿਸਤਾਨ ਵਿੱਚ ਮੀਟਿੰਗ ਵਿੱਚ ਸ਼ਾਮਲ ਹੋਣ ਜਾ ਰਿਹਾ ਹਾਂ। ਮੈਂ ਇੱਕ ਚੰਗਾ ਆਦਮੀ ਹਾਂ, ਇਸ ਲਈ ਜਦੋਂ ਮੈਂ ਉੱਥੇ ਜਾਵਾਂਗਾ ਤਾਂ ਮੈਂ ਚੰਗਾ ਵਿਵਹਾਰ ਕਰਾਂਗਾ।” ਇਸ ਤੋਂ ਇਲਾਵਾ ਜੈਸ਼ੰਕਰ ਨੇ ਸਾਰਕ ਦੇ ਸਰਗਰਮ ਨਾ ਹੋਣ ਲਈ ਪਾਕਿਸਤਾਨ ਨੂੰ ਵੀ ਜ਼ਿੰਮੇਵਾਰ ਠਹਿਰਾਇਆ।
ਉਨ੍ਹਾਂ ਕਿਹਾ, “ਸਾਰਕ ਫਿਲਹਾਲ ਅੱਗੇ ਨਹੀਂ ਵਧ ਰਿਹਾ ਹੈ। ਅਸੀਂ ਸਾਲਾਂ ਤੋਂ ਇਸ ਦੀ ਕੋਈ ਮੀਟਿੰਗ ਨਹੀਂ ਕੀਤੀ ਹੈ। ਇਸ ਦਾ ਸਿਰਫ਼ ਇੱਕ ਹੀ ਕਾਰਨ ਹੈ ਅਤੇ ਉਹ ਇਹ ਹੈ ਕਿ ਸੰਗਠਨ ਦਾ ਇੱਕ ਮੈਂਬਰ ਦੂਜੇ ‘ਤੇ ਅੱਤਵਾਦੀ ਹਮਲੇ ਕਰ ਰਿਹਾ ਹੈ। ਅੱਤਵਾਦ ਅਜਿਹਾ ਮੁੱਦਾ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ, ਜੇਕਰ ਇਹ ਜਾਰੀ ਰਿਹਾ ਤਾਂ ਅਸੀਂ ਸਾਰਕ ਨੂੰ ਅੱਗੇ ਨਹੀਂ ਵਧਾ ਸਕਦੇ।
ਸਾਰਕ ਸੰਗਠਨ ਦੀ ਸਥਾਪਨਾ ਦੱਖਣੀ ਏਸ਼ੀਆਈ ਦੇਸ਼ਾਂ ਵਿਚ ਤਾਲਮੇਲ ਕਰਨ ਲਈ ਕੀਤੀ ਗਈ ਸੀ। ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਭੂਟਾਨ, ਮਾਲਦੀਵ, ਨੇਪਾਲ ਅਤੇ ਸ਼੍ਰੀਲੰਕਾ ਇਸ ਦੇ ਮੈਂਬਰ ਦੇਸ਼ ਹਨ। ਹਾਲਾਂਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਤਭੇਦਾਂ ਕਾਰਨ ਇਹ ਸੰਗਠਨ ਸਹੀ ਢੰਗ ਨਾਲ ਕੰਮ ਨਹੀਂ ਕਰ ਪਾ ਰਿਹਾ ਹੈ। ਇਸ ਨਾਲ ਇਸ ਦੀ ਮਹੱਤਤਾ ‘ਤੇ ਸਵਾਲ ਖੜ੍ਹੇ ਹੁੰਦੇ ਹਨ।
ਵਿਦੇਸ਼ ਮੰਤਰੀ ਜੈਸ਼ੰਕਰ 15-16 ਅਕਤੂਬਰ ਨੂੰ ਪਾਕਿਸਤਾਨ ਦਾ ਦੌਰਾ ਕਰਨਗੇ। ਉਹ ਇਸਲਾਮਾਬਾਦ ਵਿੱਚ SCO ਹੈੱਡ ਆਫ਼ ਗਵਰਨਮੈਂਟ (CHG) ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸ਼ੁੱਕਰਵਾਰ (4 ਅਕਤੂਬਰ) ਨੂੰ ਇਹ ਜਾਣਕਾਰੀ ਦਿੱਤੀ। 2015 ‘ਚ ਸੁਸ਼ਮਾ ਸਵਰਾਜ ਦੇ ਦੌਰੇ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਭਾਰਤੀ ਮੰਤਰੀ ਪਾਕਿਸਤਾਨ ਦਾ ਦੌਰਾ ਕਰੇਗਾ।
ਦਰਅਸਲ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 29 ਅਗਸਤ ਨੂੰ ਐਸਸੀਓ ਮੀਟਿੰਗ ਲਈ ਸੱਦਾ ਦਿੱਤਾ ਸੀ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੀ ਬੁਲਾਰਾ ਮੁਮਤਾਜ਼ ਜ਼ਾਹਰਾ ਬਲੋਚ ਨੇ ਕਿਹਾ ਸੀ ਕਿ ਬੈਠਕ ‘ਚ ਹਿੱਸਾ ਲੈਣ ਲਈ ਸਾਰੇ ਮੈਂਬਰ ਦੇਸ਼ਾਂ ਦੇ ਮੁਖੀਆਂ ਨੂੰ ਸੱਦਾ ਭੇਜਿਆ ਗਿਆ ਹੈ।