- ਜਸਦੀਪ ਗਿੱਲ ਨਾਲ ਇਟਲੀ ਪਹੁੰਚੇ ਡੇਰਾ ਮੁਖੀ
- ਤਿੰਨਾਂ ਅਧਿਆਤਮਕ ਗੁਰੂਆਂ ਵਿਚਕਾਰ 2 ਘੰਟੇ ਚੱਲੀ ਚਰਚਾ
ਚੰਡੀਗੜ੍ਹ, 6 ਅਕਤੂਬਰ 2024 – ਪੰਜਾਬ ਦੇ ਪ੍ਰਮੁੱਖ ਡੇਰਿਆਂ ਵਿੱਚੋਂ ਇੱਕ ਅੰਮ੍ਰਿਤਸਰ ਦੇ ਰਾਧਾ ਸੁਆਮੀ ਬਿਆਸ ਡੇਰੇ ਦੇ ਨਵੇਂ ਮੁਖੀ ਅਤੇ ਸਾਬਕਾ ਮੁਖੀ ਨੇ ਇਟਲੀ ਵਿੱਚ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ। ਡੇਰਾ ਬਿਆਸ ਦੇ ਸਾਬਕਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਨਵ-ਨਿਯੁਕਤ ਡੇਰਾ ਮੁਖੀ ਜਸਦੀਪ ਸਿੰਘ ਗਿੱਲ ਦੀ ਇਹ ਮੁਲਾਕਾਤ ਇਟਲੀ ਦੇ ਵੈਟੀਕਨ ਸਿਟੀ ਵਿਖੇ ਹੋਈ।
ਜਿੱਥੇ ਪੋਪ ਫਰਾਂਸਿਸ ਨਾਲ ਦੋ ਘੰਟੇ ਤੋਂ ਵੱਧ ਸਮੇਂ ਤੱਕ ਗੱਲਬਾਤ ਚੱਲੀ। ਇਸ ਚਰਚਾ ਵਿੱਚ ਸਭ ਤੋਂ ਵੱਡਾ ਮੁੱਦਾ ਸੰਸਾਰ ਵਿੱਚ ਧਰਮ ਦੇ ਪ੍ਰਚਾਰ ਦਾ ਸੀ। ਤਿੰਨਾਂ ਅਧਿਆਤਮਕ ਆਗੂਆਂ ਨੇ ਵਿਸ਼ਵ ਸ਼ਾਂਤੀ ਬਾਰੇ ਵੀ ਖੁੱਲ੍ਹ ਕੇ ਚਰਚਾ ਕੀਤੀ। ਤਿੰਨਾਂ ਦੀ ਮੁਲਾਕਾਤ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ‘ਚ ਉਹ ਪੋਪ ਫਰਾਂਸਿਸ ਨਾਲ ਬੈਠੇ ਨਜ਼ਰ ਆ ਰਹੇ ਹਨ।
2 ਸਤੰਬਰ 2024 ਨੂੰ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕਰਕੇ ਡੇਰੇ ਨਾਲ ਸਬੰਧਤ ਕਾਰਜਾਂ ਦੀ ਜ਼ਿੰਮੇਵਾਰੀ ਸੌਂਪੀ ਸੀ। ਕੇਂਦਰ ਸਰਕਾਰ ਨੇ ਕੁਝ ਦਿਨ ਪਹਿਲਾਂ ਰਾਧਾ ਸੁਆਮੀ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਹੈ। ਸੀਆਰਪੀਐਫ ਕਮਾਂਡੋ ਜਸਦੀਪ ਸਿੰਘ ਗਿੱਲ ਨੂੰ ਸੁਰੱਖਿਆ ਪ੍ਰਦਾਨ ਕਰਨਗੇ।
ਬਾਬਾ ਗੁਰਿੰਦਰ ਸਿੰਘ ਢਿੱਲੋਂ ਜੋ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਅਤੇ ਦਿਲ ਦੀ ਬੀਮਾਰੀ ਵਰਗੀਆਂ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ, ਨੇ ਫੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਹੁਣ ਤੋਂ ਬਿਆਸ ਡੇਰੇ ਦੇ ਮੁਖੀ ਜਸਦੀਪ ਸਿੰਘ ਗਿੱਲ ਹੋਣਗੇ। ਇਸ ਅਹਿਮ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਸਾਰੇ ਸੇਵਾਦਾਰ ਇੰਚਾਰਜਾਂ ਨੂੰ ਅਧਿਕਾਰਤ ਪੱਤਰ ਵੀ ਭੇਜਿਆ ਗਿਆ।
ਡੇਰਾ ਬਿਆਸ ਨਾ ਸਿਰਫ਼ ਆਮ ਲੋਕਾਂ ਵਿੱਚ ਹਰਮਨ ਪਿਆਰਾ ਹੈ ਸਗੋਂ ਸਿਆਸਤਦਾਨਾਂ ਵਿੱਚ ਵੀ ਇਸ ਦੀ ਵਿਸ਼ੇਸ਼ ਖਿੱਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਹੁਲ ਗਾਂਧੀ ਸਮੇਤ ਕਈ ਵੱਡੇ ਆਗੂ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲਣ ਲਈ ਆਉਂਦੇ ਰਹਿੰਦੇ ਹਨ। ਭਾਵੇਂ ਸਿਆਸੀ ਹਲਕਿਆਂ ਵਿੱਚ ਇਨ੍ਹਾਂ ਮੀਟਿੰਗਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ ਪਰ ਫਿਰ ਵੀ ਡੇਰਾ ਬਿਆਸ ਦੀ ਲੋਕਪ੍ਰਿਅਤਾ ਅਤੇ ਸਤਿਕਾਰ ਵੀ ਇਸ ਦਾ ਇੱਕ ਕਾਰਨ ਹੈ।