ਗੁਰਦਾਸਪੁਰ, 6 ਅਕਤੂਬਰ 2024 – ਸ਼ਹਿਰ ਦੇ ਵਾਰਡ ਨੰਬਰ 26 ਦੀ ਕੌਂਸਲਰ ਅਨੀਤਾ ਮਹਾਜਨ ਅਤੇ ਉਹਨਾਂ ਦੇ ਪੁੱਤਰ ਬਲਾਕ ਯੂਥ ਕਾਂਗਰਸ ਦੇ ਪ੍ਰਧਾਨ ਨਕੁਲ ਮਹਾਜਨ ਦੇ ਘਰ ਦੇ ਬਾਹਰ 28 ਅਗਸਤ ਦੀ ਰਾਤ ਨੂੰ ਗੋਲੀ ਚਲਾ ਕੇ ਦਹਿਸ਼ਤ ਫੈਲਾਉਣ ਵਾਲੇ ਮੁੱਖ ਦੋਸ਼ੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ।

ਦੱਸ ਦਈਏ ਕਿ 28 ਅਗਸਤ ਦੀ ਰਾਤ ਨੂੰ ਪੌਣੇ 11 ਵਜੇ ਦੇ ਕਰੀਬ ਮੁਹੱਲਾ ਗੋਪਾਲ ਨਗਰ ਵਿਖੇ ਸਥਿਤ ਨਕੁਲ ਮਹਾਜਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ। ਉਸ ਵੇਲੇ ਸਾਹਮਣੇ ਆਈ ਸੀਸੀਟੀਵੀ ਫੁਟੇਜ ਵਿੱਚ ਸਕੂਟਰੀ ’ਤੇ ਸਵਾਰ ਦੋ ਨਕਾਬਪੋਸ਼ ਨੌਜਵਾਨ ਉਜਾਗਰ ਹੋਏ ਸਨ, ਜਿਹਨਾਂ ਵਿੱਚੋਂ ਪਿੱਛੇ ਬੈਠੇ ਨੌਜਵਾਨ ਨੇ ਉਤਰ ਕੇ ਨਕੁਲ ਮਹਾਜਨ ਦੇ ਗੇਟ ’ਤੇ ਖਲੋ ਕੇ ਲਗਾਤਾਰ ਚਾਰ ਫਾਇਰ ਕੀਤੇ ਸਨ।
ਥਾਣਾ ਸਿਟੀ ਗੁਰਦਾਸਪੁਰ ਪੁਲਿਸ ਵੱਲੋਂ ਮਾਮਲੇ ਵਿੱਚ ਅਗਲੇ ਦਿਨ 29 ਅਗਸਤ ਨੂੰ ਐਫ ਆਈ ਆਰ ਦਰਜ ਕੀਤੀ ਗਈ ਸੀ। ਭਰੋਸੇਯੋਗ ਪੁਲਿਸ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਮਾਮਲੇ ਦੇ ਮੁੱਖ ਦੋਸ਼ੀ ਜਿਸ ਨੇ ਸਕੂਟਰੀ ਤੋਂ ਉਤਰ ਕੇ ਨਕੁਲ ਮਹਾਜਨ ਦੇ ਘਰ ਦੇ ਬਾਹਰ ਲਗਾਤਾਰ ਫਾਇਰਿੰਗ ਕੀਤੀ ਸੀ, ਨੂੰ ਗੁਰਦਾਸਪੁਰ ਪੁਲਿਸ ਵੱਲੋਂ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ।ਥਾਣਾ ਦੋਰਾਗਲਾ ਦੇ ਤਹਿਤ ਆਉਂਦੇ ਪਿੰਡ ਗਾਹਲੜੀ ਦਾ ਰਹਿਣ ਵਾਲਾ ਆਕਾਸ਼ ਨਾਮਕ ਇਹ ਨੌਜਵਾਨ ਕੁਝ ਦਿਨ ਪਹਿਲਾਂ ਨੇਪਾਲ ਤੋਂ ਦਿੱਲੀ ਆਇਆ ਸੀ। ਜਿਸ ਨੂੰ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਜਿਲਾ ਗੁਰਦਾਸਪੁਰ ਪੁਲਿਸ ਵੱਲੋਂ ਫੜ ਲਿਆ ਗਿਆ ਹੈ।

ਦੱਸ ਦਈਏ ਕਿ ਮਾਮਲੇ ਵਿੱਚ ਸਕੂਟਰੀ ਚਲਾਉਣ ਵਾਲੇ ਨੌਜਵਾਨ ਸਾਹਿਲ ਅਤੇ ਇਹਨਾਂ ਨੂੰ ਹਥਿਆਰ ਮੁਹਈਆ ਕਰਵਾਉਣ ਵਾਲੇ ਲਵ ਨਾਮਕ ਨੌਜਵਾਨ ਜੋ ਦੋਨੋਂ ਸਥਾਨਕ ਸੰਤ ਨਗਰ ਮੁਹੱਲੇ ਦੇ ਰਹਿਣ ਵਾਲੇ ਹਨ ਪੁਲਿਸ ਵੱਲੋਂ ਪਹਿਲਾਂ ਹੀ ਗਿਰਫਤਾਰ ਕੀਤੇ ਜਾ ਚੁੱਕੇ ਹਨ। ਇਨਾ ਦੋ ਇਲਾਵਾ ਨਕੁਲ ਦੇ ਘਰ ਦੀ ਰੇਕੀ ਕਰਨ ਵਾਲਾ ਅਤੇ ਇੱਕ ਹੋਰ ਨੌਜਵਾਨ ਵੀਰ ਮਾਮਲੇ ਵਿੱਚ ਪੁਲਿਸ ਵੱਲੋਂ ਪਹਿਲਾਂ ਗਿਰਫਤਾਰ ਕੀਤਾ ਜਾ ਚੁੱਕੇ ਹਨ।
