- ਹਿਜ਼ਬੁੱਲਾ ਨੇ ਇਜ਼ਰਾਈਲ ‘ਤੇ 120 ਰਾਕੇਟ ਦਾਗੇ
ਨਵੀਂ ਦਿੱਲੀ, 7 ਅਕਤੂਬਰ 2024 – ਇਜ਼ਰਾਈਲ ਨੇ ਐਤਵਾਰ ਨੂੰ ਉੱਤਰੀ ਗਾਜ਼ਾ ਅਤੇ ਦੱਖਣੀ ਲੇਬਨਾਨ ਵਿੱਚ ਹਮਲੇ ਤੇਜ਼ ਕਰ ਦਿੱਤੇ ਹਨ। ਫਲਸਤੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ ਮਸਜਿਦ ‘ਤੇ ਹੋਏ ਹਮਲੇ ‘ਚ ਘੱਟੋ-ਘੱਟ 19 ਲੋਕ ਮਾਰੇ ਗਏ ਹਨ। 50 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਇਸ ਦੇ ਨਾਲ ਹੀ ਇਜ਼ਰਾਈਲ ਨੇ ਦੱਖਣੀ ਲੇਬਨਾਨ ਅਤੇ ਬੇਰੂਤ ਵਿੱਚ ਵੀ ਹਮਲੇ ਕੀਤੇ। ਇਜ਼ਰਾਈਲੀ ਬਲਾਂ ਨੇ ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ‘ਤੇ 150 ਤੋਂ ਵੱਧ ਮਿਜ਼ਾਈਲਾਂ ਦਾਗੀਆਂ। ਹਮਲੇ ‘ਚ ਹਿਜ਼ਬੁੱਲਾ ਦੇ ਇਕ ਕਮਾਂਡਰ ਦੇ ਮਾਰੇ ਜਾਣ ਦੀ ਸੂਚਨਾ ਹੈ।
ਜਵਾਬੀ ਕਾਰਵਾਈ ‘ਚ ਹਿਜ਼ਬੁੱਲਾ ਨੇ ਐਤਵਾਰ ਰਾਤ ਨੂੰ ਇਜ਼ਰਾਈਲ ਦੇ ਹਾਈਫਾ ਸ਼ਹਿਰ ‘ਤੇ ਹਮਲਾ ਕੀਤਾ। ਅਲਜਜ਼ੀਰਾ ਮੁਤਾਬਕ ਹਿਜ਼ਬੁੱਲਾ ਨੇ ਪਹਿਲੀ ਵਾਰ ਉੱਤਰੀ ਇਜ਼ਰਾਈਲ ਦੇ ਇਸ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਹੈ। ਇਸ ‘ਚ ਘੱਟੋ-ਘੱਟ 5 ਲੋਕ ਜ਼ਖਮੀ ਹੋਏ ਹਨ।
ਹਿਜ਼ਬੁੱਲਾ ਨੇ ਟਿਬੇਰੀਆਸ ਸ਼ਹਿਰ ‘ਤੇ ਵੀ ਹਮਲਾ ਕੀਤਾ ਹੈ। ਇਸ ‘ਚ ਇਕ ਵਿਅਕਤੀ ਜ਼ਖਮੀ ਹੋਇਆ ਹੈ। ਇਸ ਦੇ ਨਾਲ ਹੀ ਹਿਜ਼ਬੁੱਲਾ ਨੇ ਕਿਹਾ ਕਿ ਉਸ ਨੇ ਇਜ਼ਰਾਈਲ ਦੇ ਕਾਰਮਲ ਮਿਲਟਰੀ ਬੇਸ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਜ਼ਰਾਇਲੀ ਅਧਿਕਾਰੀਆਂ ਨੇ ਦੱਸਿਆ ਕਿ ਹਿਜ਼ਬੁੱਲਾ ਨੇ ਐਤਵਾਰ ਨੂੰ ਲੇਬਨਾਨ ਤੋਂ 120 ਤੋਂ ਵੱਧ ਰਾਕੇਟ ਦਾਗੇ।