ਚੰਡੀਗੜ੍ਹ, 12 ਅਕਤੂਬਰ 2024 – ਹਰਿਆਣਾ ਦੇ ਅਗਲੇ ਮੁੱਖ ਮੰਤਰੀ ਵਜੋਂ ਨਾਇਬ ਸਿੰਘ ਸੈਣੀ 17 ਅਕਤੂਬਰ ਨੂੰ ਸਹੁੰ ਚੁੱਕਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਦੇ ਕਈ ਵੱਡੇ ਅਹੁਦਾ ਅਧਿਕਾਰੀ ਮੌਜੂਦ ਹੋਣਗੇ। ਭਾਜਪਾ ਸੂਬਿਆਂ ਦੇ ਮੁੱਖ ਮੰਤਰੀ ਵੀ ਸਹੁੰ ਚੁੱਕ ਸਮਾਰੋਹ ‘ਚ ਸ਼ਾਮਲ ਹੋਣਗੇ। ਸੈਣੀ ਦਾ ਸਹੁੰ ਚੁੱਕ ਸਮਾਰੋਹ ਪੰਚਕੂਲਾ ‘ਚ ਹੋਵੇਗਾ। ਇਸ ਲਈ 10 ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ। ਹਰਿਆਣਾ ਸਰਕਾਰ ਦੀ ਨਵੀਂ ਕੈਬਨਿਟ ‘ਚ ਅਨਿਲ ਵਿਜ, ਕ੍ਰਿਸ਼ਨ ਲਾਲ ਮਿੱਢਾ, ਸ਼ਰੂਤੀ ਚੌਧਰੀ, ਅਰਵਿੰਦ ਕੁਮਾਰ ਸ਼ਰਮਾ, ਵਿਪੁਲ ਗੋਇਲ, ਨਿਖਿਲ ਮਦਾਨ ਨੂੰ ਜਗ੍ਹਾ ਮਿਲ ਸਕਦੀ ਹੈ।
ਦੱਸਣਯੋਗ ਹੈ ਕਿ ਨਾਇਬ ਸੈਣੀ ਨੇ ਦਿੱਲੀ ‘ਚ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਸਮੇਤ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਨੇ ਰਾਜਧਾਨੀ ‘ਚ ਕੇਂਦਰੀ ਮੰਤਰੀ ਅਤੇ ਹਰਿਆਣਾ ਭਾਜਪਾ ਦੇ ਚੋਣ ਇੰਚਾਰਜ ਧਰਮੇਂਦਰ ਪ੍ਰਧਾਨ ਨਾਲ ਵੀ ਮੁਲਾਕਾਤ ਕੀਤੀ ਸੀ। ਦੱਸ ਦੇਈਏ ਕਿ ਹਰਿਆਣਾ ‘ਚ ਭਾਜਪਾ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੇ 48 ਸੀਟਾਂ ‘ਤੇ ਜਿੱਤ ਹਾਸਲ ਕੀਤੀ। ਉੱਥੇ ਹੀ ਕਾਂਗਰਸ 37 ਸੀਟਾਂ ‘ਤੇ ਸਿਮਟ ਕੇ ਰਹਿ ਈ। ਇਸ ਚੋਣਾਂ ‘ਚ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਅਤੇ ਆਮ ਆਦਮੀ ਪਾਰਟੀ ਦਾ ਸਫ਼ਾਇਆ ਹੋ ਗਿਆ ਅਤੇ ਇਨੈਲੋ ਸਿਰਫ਼ 2 ਸੀਟਾਂ ਜਿੱਤਣ ‘ਚ ਸਫ਼ਲ ਰਹੀ।