ਹੈਦਰਾਬਾਦ, 13 ਅਕਤੂਬਰ 2024 – ਭਾਰਤ ਨੇ ਤੀਜੇ ਟੀ-20 ਵਿੱਚ ਬੰਗਲਾਦੇਸ਼ ਨੂੰ 133 ਦੌੜਾਂ ਨਾਲ ਹਰਾ ਦਿੱਤਾ ਹੈ। ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ‘ਚ ਸ਼ਨੀਵਾਰ ਨੂੰ ਪਹਿਲਾਂ ਖੇਡਦਿਆਂ ਭਾਰਤ ਨੇ 6 ਵਿਕਟਾਂ ਗੁਆ ਕੇ 297 ਦੌੜਾਂ ਬਣਾਈਆਂ ਸਨ। ਇਹ ਭਾਰਤ ਦਾ ਟੀ-20 ਦਾ ਸਭ ਤੋਂ ਵੱਡਾ ਸਕੋਰ ਸੀ। ਬੰਗਲਾਦੇਸ਼ ਦੀ ਟੀਮ 7 ਵਿਕਟਾਂ ਦੇ ਨੁਕਸਾਨ ‘ਤੇ 164 ਦੌੜਾਂ ਹੀ ਬਣਾ ਸਕੀ।
ਭਾਰਤ ਵੱਲੋਂ ਸੰਜੂ ਸੈਮਸਨ ਨੇ 40 ਗੇਂਦਾਂ ‘ਤੇ ਸੈਂਕੜਾ ਜੜਿਆ, ਉਹ 111 ਦੌੜਾਂ ਬਣਾ ਕੇ ਆਊਟ ਹੋ ਗਏ। ਸੂਰਿਆਕੁਮਾਰ ਯਾਦਵ ਨੇ 75, ਹਾਰਦਿਕ ਪੰਡਯਾ ਨੇ 47 ਅਤੇ ਰਿਆਨ ਪਰਾਗ ਨੇ 34 ਦੌੜਾਂ ਬਣਾਈਆਂ। ਰਵੀ ਬਿਸ਼ਨੋਈ ਨੇ 3 ਵਿਕਟਾਂ ਲਈਆਂ। ਬੰਗਲਾਦੇਸ਼ ਲਈ ਤੌਹੀਦ ਹਿਰਦੋਏ ਨੇ 63 ਅਤੇ ਲਿਟਨ ਦਾਸ ਨੇ 42 ਦੌੜਾਂ ਬਣਾਈਆਂ। ਜਦਕਿ ਤੇਜ਼ ਗੇਂਦਬਾਜ਼ ਤਨਜ਼ੀਮ ਹਸਨ ਸਾਕਿਬ ਨੇ 3 ਵਿਕਟਾਂ ਲਈਆਂ।
ਤੀਜਾ ਟੀ-20 ਜਿੱਤ ਕੇ ਭਾਰਤ ਨੇ 3 ਮੈਚਾਂ ਦੀ ਸੀਰੀਜ਼ 3-0 ਨਾਲ ਜਿੱਤ ਲਈ ਹੈ। ਟੀਮ ਇੰਡੀਆ ਨੇ ਪਹਿਲਾ ਮੈਚ 7 ਵਿਕਟਾਂ ਨਾਲ ਅਤੇ ਦੂਜਾ ਮੈਚ 86 ਦੌੜਾਂ ਨਾਲ ਜਿੱਤਿਆ ਸੀ। ਭਾਰਤ ਨੇ ਇਸ ਤੋਂ ਪਹਿਲਾਂ 2 ਟੈਸਟ ਮੈਚਾਂ ਦੀ ਸੀਰੀਜ਼ ‘ਚ ਬੰਗਲਾਦੇਸ਼ ਨੂੰ 2-0 ਨਾਲ ਹਰਾਇਆ ਸੀ। ਟੀਮ ਇੰਡੀਆ ਹੁਣ 16 ਅਕਤੂਬਰ ਤੋਂ ਨਿਊਜ਼ੀਲੈਂਡ ਖਿਲਾਫ 3 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ।