ਬੈਂਗਲੁਰੂ, 16 ਅਕਤੂਬਰ 2024 – ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਅੱਜ ਤੋਂ ਬੈਂਗਲੁਰੂ ‘ਚ ਖੇਡਿਆ ਜਾਵੇਗਾ। ਇਹ ਮੈਚ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਸਵੇਰੇ 9:30 ਵਜੇ ਸ਼ੁਰੂ ਹੋਵੇਗਾ ਅਤੇ ਟਾਸ 9:00 ਵਜੇ ਹੋਵੇਗਾ। ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਕੇਨ ਵਿਲੀਅਮਸਨ ਸੱਟ ਕਾਰਨ ਪਹਿਲਾ ਟੈਸਟ ਨਹੀਂ ਖੇਡ ਸਕਣਗੇ।
ਨਿਊਜ਼ੀਲੈਂਡ ਦੀ ਟੀਮ 12 ਸਾਲ ਬਾਅਦ ਬੈਂਗਲੁਰੂ ‘ਚ ਟੈਸਟ ਖੇਡਣ ਆ ਰਹੀ ਹੈ। ਦੋਵਾਂ ਦੀ ਆਖਰੀ ਵਾਰ ਮੁਲਾਕਾਤ 2012 ‘ਚ ਹੋਈ ਸੀ, ਜਦੋਂ ਭਾਰਤ ਨੇ ਇਹ ਮੈਚ 5 ਵਿਕਟਾਂ ਨਾਲ ਜਿੱਤਿਆ ਸੀ। ਦੋਵਾਂ ਵਿਚਾਲੇ ਆਖਰੀ ਮੁਕਾਬਲਾ 2021 ‘ਚ ਹੋਇਆ ਸੀ, ਜਦੋਂ ਭਾਰਤ ਨੇ 2 ਟੈਸਟ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤੀ ਸੀ। ਸੀਰੀਜ਼ ਦਾ ਦੂਜਾ ਟੈਸਟ 24 ਅਕਤੂਬਰ ਤੋਂ ਪੁਣੇ ‘ਚ ਅਤੇ ਤੀਜਾ 1 ਨਵੰਬਰ ਤੋਂ ਮੁੰਬਈ ‘ਚ ਖੇਡਿਆ ਜਾਵੇਗਾ।
ਭਾਰਤ ਦਾ ਟੈਸਟ ਕ੍ਰਿਕਟ ਵਿੱਚ ਨਿਊਜ਼ੀਲੈਂਡ ‘ਤੇ ਦਬਦਬਾ ਹੈ। ਦੋਵਾਂ ਵਿਚਾਲੇ ਹੁਣ ਤੱਕ 62 ਟੈਸਟ ਖੇਡੇ ਜਾ ਚੁੱਕੇ ਹਨ। ਭਾਰਤ ਨੇ 22 ਮੈਚ ਜਿੱਤੇ ਅਤੇ ਕੀਵੀ ਟੀਮ ਨੇ 13 ਮੈਚ ਜਿੱਤੇ। ਜਦਕਿ 27 ਮੈਚ ਡਰਾਅ ਰਹੇ। ਇਸ ਦੇ ਨਾਲ ਹੀ ਦੋਵਾਂ ਵਿਚਾਲੇ 22 ਸੀਰੀਜ਼ ਖੇਡੀਆਂ ਗਈਆਂ ਹਨ। ਟੀਮ ਇੰਡੀਆ ਨੇ 12 ਸੀਰੀਜ਼ ਅਤੇ ਨਿਊਜ਼ੀਲੈਂਡ ਨੇ 6 ਸੀਰੀਜ਼ ਜਿੱਤੀਆਂ ਹਨ। 4 ਸੀਰੀਜ਼ ਵੀ ਡਰਾਅ ਹੋ ਗਈਆਂ ਸਨ।