ਚੰਡੀਗੜ੍ਹ, 17 ਅਕਤੂਬਰ 2024 – ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਬੁੱਧਵਾਰ ਨੂੰ ਕੈਨੇਡੀਅਨ ਨਿਊਜ਼ ਚੈਨਲ ਸੀਬੀਸੀ ਨਿਊਜ਼ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਕਿ ਉਸ ਨੇ ਕੈਨੇਡਾ ਨੂੰ ਭਾਰਤ ਖਿਲਾਫ ਜਾਣਕਾਰੀ ਦਿੱਤੀ ਹੈ। ਉਸ ਦਾ ਸੰਗਠਨ ਸਿੱਖ ਫਾਰ ਜਸਟਿਸ ਪਿਛਲੇ 2-3 ਸਾਲਾਂ ਤੋਂ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਦੇ ਸੰਪਰਕ ਵਿੱਚ ਹੈ। ਉਨ੍ਹਾਂ ਨੇ ਟਰੂਡੋ ਨੂੰ ਭਾਰਤੀ ਹਾਈ ਕਮਿਸ਼ਨ ਦੇ ਖੁਫੀਆ ਨੈੱਟਵਰਕ ਬਾਰੇ ਜਾਣਕਾਰੀ ਦਿੱਤੀ ਹੈ। ਪੰਨੂ ਇਸ ਸਮੇਂ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਸਿੱਖ ਫਾਰ ਜਸਟਿਸ ਨਾਂ ਦੀ ਸੰਸਥਾ ਚਲਾਉਂਦਾ ਹੈ। ਉਸ ਕੋਲ ਅਮਰੀਕਾ ਅਤੇ ਕੈਨੇਡਾ ਦੋਵਾਂ ਦੀ ਨਾਗਰਿਕਤਾ ਹੈ।
ਭਾਰਤ ਨਾਲ ਵਿਵਾਦ ਦਰਮਿਆਨ ਕੈਨੇਡਾ ਦੀ ਐਨਡੀਪੀ ਪਾਰਟੀ ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਜਗਮੀਤ ਸਿੰਘ ਨੇ ਭਾਰਤੀ ਅਧਿਕਾਰੀਆਂ ਅਤੇ ਆਰਐਸਐਸ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਜਗਮੀਤ ਸਿੰਘ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਅਸੀਂ ਭਾਰਤੀ ਡਿਪਲੋਮੈਟਾਂ ਅਤੇ ਆਰਐੱਸਐੱਸ ‘ਤੇ ਪਾਬੰਦੀ ਦੀ ਮੰਗ ਕਰਦੇ ਹਾਂ। RSS ਇੱਕ ਅੱਤਵਾਦੀ ਸੰਗਠਨ ਹੈ, ਜੋ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਹਿੰਸਕ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਹੈ।
ਐਨਡੀਪੀ ਪਾਰਟੀ ਪਿਛਲੇ ਮਹੀਨੇ ਤੱਕ ਕੈਨੇਡਾ ਦੀ ਸਰਕਾਰ ਵਿੱਚ ਸ਼ਾਮਲ ਸੀ। ਜਗਮੀਤ ਸਿੰਘ ਨੇ ਸਤੰਬਰ ਵਿੱਚ ਟਰੂਡੋ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ।
ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ ਟਰੂਡੋ ਦੀ ਲਿਬਰਲ ਪਾਰਟੀ ਦੇ ਇੱਕ ਸੰਸਦ ਮੈਂਬਰ ਨੇ ਕੈਨੇਡਾ ਵਿੱਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਟਰੂਡੋ ਦੇ ਅਸਤੀਫੇ ਦੀ ਮੰਗ ਕੀਤੀ ਹੈ। ਸੀਬੀਸੀ ਨਿਊਜ਼ ਮੁਤਾਬਕ ਐਮਪੀ ਸੀਨ ਕੈਸੀ ਨੇ ਟਰੂਡੋ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਦੇਸ਼ ਦੇ ਲੋਕ ਹੁਣ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ।
ਉਨ੍ਹਾਂ ਕਿਹਾ ਕਿ ਹੁਣ ਟਰੂਡੋ ਦੇ ਜਾਣ ਦਾ ਸਮਾਂ ਆ ਗਿਆ ਹੈ, ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਰਿਹਾ ਹੈ। ਜੂਨ ‘ਚ ਹੋਈਆਂ ਜ਼ਿਮਨੀ ਚੋਣਾਂ ‘ਚ ਪਾਰਟੀ ਦੀ ਹਾਰ ਤੋਂ ਬਾਅਦ ਹਾਰ ਦੀ ਸਮੀਖਿਆ ਕਰਨ ਲਈ ਪਿਛਲੇ ਹਫਤੇ ਬੈਠਕ ਕੀਤੀ ਗਈ ਸੀ। ਇਸ ਤੋਂ ਪਹਿਲਾਂ ਜੂਨ ਵਿੱਚ ਇੱਕ ਹੋਰ ਐਮਪੀ ਵੇਨ ਲੌਂਗ ਨੇ ਟਰੂਡੋ ਦੇ ਅਸਤੀਫੇ ਦੀ ਮੰਗ ਕੀਤੀ ਸੀ।
ਭਾਰਤ-ਕੈਨੇਡਾ ਵਿਵਾਦ ਦੇ ਵਿਚਕਾਰ, ਕੈਨੇਡੀਅਨ ਪੁਲਿਸ ਵਿਭਾਗ ਆਰਸੀਐਮਪੀ ਕਮਿਸ਼ਨਰ ਮਾਈਕ ਡੂਹੇਮ ਨੇ ਦੇਸ਼ ਵਿੱਚ ਰਹਿੰਦੇ ਸਿੱਖ ਭਾਈਚਾਰੇ ਤੋਂ ਮਦਦ ਦੀ ਮੰਗ ਕੀਤੀ ਹੈ। ਪੀਟੀਆਈ ਦੇ ਅਨੁਸਾਰ, ਡੂਹੇਮ ਨੇ ਮੰਗਲਵਾਰ ਨੂੰ ਰੇਡੀਓ ਕੈਨੇਡਾ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ – ਅਸੀਂ ਕੈਨੇਡਾ ਵਿੱਚ ਹਿੰਸਾ ਵਿੱਚ ਭਾਰਤ ਦੀ ਭੂਮਿਕਾ ਦੀ ਜਾਂਚ ਕਰ ਰਹੇ ਹਾਂ। ਜੇਕਰ ਕਿਸੇ ਕੋਲ ਇਸ ਕੇਸ ਨਾਲ ਸਬੰਧਤ ਕੋਈ ਜਾਣਕਾਰੀ ਹੈ ਤਾਂ ਕਿਰਪਾ ਕਰਕੇ ਸਾਨੂੰ ਦਿਓ। ਇਸ ਦੇ ਲਈ ਉਨ੍ਹਾਂ ਕੈਨੇਡਾ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਵੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਡੂਹੇਮ ਨੇ ਕੈਨੇਡਾ ਵਿੱਚ ਹੋਈ ਹਿੰਸਾ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ (15 ਅਕਤੂਬਰ) ਨੂੰ ਵੀ ਭਾਰਤ ਸਰਕਾਰ ਦੇ ਏਜੰਟਾਂ ‘ਤੇ ਖੁਫੀਆ ਜਾਣਕਾਰੀ ਇਕੱਠੀ ਕਰਨ, ਟਾਰਗੇਟ ਕਿਲਿੰਗ, ਕੈਨੇਡੀਅਨ ਨਾਗਰਿਕਾਂ ਨੂੰ ਧਮਕੀਆਂ ਦੇਣ ਅਤੇ ਹਿੰਸਾ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ।