- 2 ਸਾਲ ਬਾਅਦ ਇੱਥੇ ਚੀਨੀ ਰਾਸ਼ਟਰਪਤੀ ਨਾਲ ਮੁਲਾਕਾਤ ਸੰਭਵ
ਨਵੀਂ ਦਿੱਲੀ, 19 ਅਕਤੂਬਰ 2024 – ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਅਤੇ 23 ਅਕਤੂਬਰ ਨੂੰ ਹੋਣ ਵਾਲੇ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਰੂਸ ਜਾਣਗੇ। ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੂਸ ਇਸ ਸਾਲ 16ਵੇਂ ਬ੍ਰਿਕਸ ਸੰਮੇਲਨ ਦੀ ਪ੍ਰਧਾਨਗੀ ਕਰ ਰਿਹਾ ਹੈ।
ਰੂਸ ਦੇ ਕਜ਼ਾਨ ‘ਚ ਹੋਣ ਵਾਲੇ ਇਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਮੈਂਬਰ ਦੇਸ਼ਾਂ ਦੇ ਨੇਤਾਵਾਂ ਨਾਲ ਦੋ-ਪੱਖੀ ਗੱਲਬਾਤ ਵੀ ਕਰਨਗੇ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਇਸ ਸੰਮੇਲਨ ‘ਚ ਸ਼ਿਰਕਤ ਕਰਨਗੇ। ਇਸ ਦੌਰਾਨ ਪੀਐਮ ਮੋਦੀ ਅਤੇ ਜਿਨਪਿੰਗ ਵਿਚਾਲੇ ਮੁਲਾਕਾਤ ਹੋ ਸਕਦੀ ਹੈ। ਦੋਵਾਂ ਦੀ ਆਖਰੀ ਮੁਲਾਕਾਤ 2022 ਵਿੱਚ ਇੰਡੋਨੇਸ਼ੀਆ ਦੇ ਬਾਲੀ ਵਿੱਚ ਹੋਏ ਜੀ-20 ਸੰਮੇਲਨ ਦੌਰਾਨ ਹੋਈ ਸੀ।
ਇਸ ਤੋਂ ਪਹਿਲਾਂ ਜੁਲਾਈ ‘ਚ ਮੋਦੀ 22ਵੇਂ ਭਾਰਤ-ਰੂਸ ਸੰਮੇਲਨ ‘ਚ ਹਿੱਸਾ ਲੈਣ ਲਈ ਰੂਸ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਦੁਵੱਲੀ ਬੈਠਕ ਵੀ ਕੀਤੀ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉਨ੍ਹਾਂ ਨੂੰ ਬ੍ਰਿਕਸ ਸੰਮੇਲਨ ਲਈ ਸੱਦਾ ਦਿੱਤਾ ਸੀ।
ਮੋਦੀ ਨੂੰ ਰੂਸ ਦੇ ਸਰਵਉੱਚ ਨਾਗਰਿਕ ਸਨਮਾਨ ‘ਆਰਡਰ ਆਫ਼ ਸੇਂਟ ਐਂਡਰਿਊ ਦ ਅਪੋਸਲ’ ਨਾਲ ਵੀ ਸਨਮਾਨਿਤ ਕੀਤਾ ਗਿਆ। ਦੋਵਾਂ ਨੇਤਾਵਾਂ ਨੇ ਮਾਸਕੋ ਵਿੱਚ ਰੋਸੈਟਮ ਪੈਵੇਲੀਅਨ ਦਾ ਵੀ ਦੌਰਾ ਕੀਤਾ।