ਅਮਰੀਕਾ ਤੋਂ ਇਜ਼ਰਾਈਲ ਦੀ ਖੁਫੀਆ ਜਾਣਕਾਰੀ ਲੀਕ: ਇਰਾਨ ‘ਤੇ ਇਜ਼ਰਾਈਲੀ ਜਵਾਬੀ ਹਮਲੇ ਨਾਲ ਸਬੰਧਤ ਗੁਪਤ ਦਸਤਾਵੇਜ਼ ਵੀ ਸ਼ਾਮਲ

ਨਵੀਂ ਦਿੱਲੀ, 21 ਅਕਤੂਬਰ 2024 – ਅਮਰੀਕਾ ਤੋਂ ਇਜ਼ਰਾਈਲ ਦੇ ਗੁਪਤ ਦਸਤਾਵੇਜ਼ ਲੀਕ ਹੋ ਗਏ ਹਨ। ਇਨ੍ਹਾਂ ਦਸਤਾਵੇਜ਼ਾਂ ‘ਚ ਈਰਾਨ ‘ਤੇ ਹਮਲਾ ਕਰਨ ਦੀ ਵੀ ਯੋਜਨਾ ਸੀ। ਸੀਐਨਐਨ ਦੀ ਰਿਪੋਰਟ ਮੁਤਾਬਕ ਅਮਰੀਕਾ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੀਐਨਐਨ ਨੇ ਇੱਕ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਇਹ ਸ਼ੁੱਕਰਵਾਰ, 18 ਅਕਤੂਬਰ ਨੂੰ ‘ਮਿਡਲ ਈਸਟ ਸਪੈਕਟੇਟਰ’ ਨਾਮ ਦੇ ਇੱਕ ਚੈਨਲ ਦੁਆਰਾ ਟੈਲੀਗ੍ਰਾਮ ‘ਤੇ ਪੋਸਟ ਕੀਤੇ ਗਏ ਸਨ। ਇਨ੍ਹਾਂ ਦਸਤਾਵੇਜ਼ਾਂ ‘ਤੇ ਟੌਪ ਸੀਕ੍ਰੇਟ ਅਤੇ 15 ਅਤੇ 16 ਅਕਤੂਬਰ ਦੀ ਤਰੀਕ ਲਿਖੀ ਗਈ ਹੈ। ਇਸ ਤਰ੍ਹਾਂ ਦੇ ਦਸਤਾਵੇਜ਼ਾਂ ਦਾ ਲੀਕ ਹੋਣਾ ਅਮਰੀਕਾ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ।

ਇਹ ਦਸਤਾਵੇਜ਼ ਸਿਰਫ਼ ਅਮਰੀਕਾ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਅਤੇ ਬ੍ਰਿਟੇਨ ਲਈ ਹਨ। ਇਹ ਸਾਰੇ ਦੇਸ਼ ਖੁਫੀਆ ਨੈੱਟਵਰਕ ਫਾਈਵ ਆਈਜ਼ ਦਾ ਹਿੱਸਾ ਹਨ।

ਈਰਾਨ ਨੇ 1 ਅਕਤੂਬਰ ਨੂੰ ਇਜ਼ਰਾਈਲ ‘ਤੇ 180 ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ। ਇਸ ਤੋਂ ਬਾਅਦ ਇਜ਼ਰਾਈਲ ਨੇ ਜਵਾਬੀ ਕਾਰਵਾਈ ਦੀ ਗੱਲ ਕਹੀ ਸੀ। ਗੁਪਤ ਦਸਤਾਵੇਜ਼ਾਂ ਮੁਤਾਬਕ ਇਜ਼ਰਾਈਲ ਈਰਾਨ ‘ਤੇ ਵੱਡੇ ਹਮਲੇ ਦੀ ਤਿਆਰੀ ਕਰ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਦਸਤਾਵੇਜ਼ ਮੁਤਾਬਕ ਇਜ਼ਰਾਈਲ ਨੇ ਹਮਲੇ ਲਈ ਹਥਿਆਰਾਂ ਦੀ ਢੋਆ-ਢੁਆਈ ਸ਼ੁਰੂ ਕਰ ਦਿੱਤੀ ਹੈ। ਇਹ ਦਸਤਾਵੇਜ਼ ਨੈਸ਼ਨਲ ਜੀਓਸਪੇਸ਼ੀਅਲ ਇੰਟੈਲੀਜੈਂਸ ਏਜੰਸੀ ਨੇ ਤਿਆਰ ਕੀਤਾ ਹੈ।

ਇੱਕ ਹੋਰ ਦਸਤਾਵੇਜ਼ ਵਿੱਚ ਇਜ਼ਰਾਈਲੀ ਹਵਾਈ ਸੈਨਾ ਦੇ ਅਭਿਆਸਾਂ ਨਾਲ ਸਬੰਧਤ ਜਾਣਕਾਰੀ ਸ਼ਾਮਲ ਹੈ। ਇਸ ‘ਚ ਹਵਾ ਤੋਂ ਜ਼ਮੀਨ ‘ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੇ ਪ੍ਰੀਖਣਾਂ ਨਾਲ ਜੁੜੀ ਜਾਣਕਾਰੀ ਹੈ। ਸੀਐਨਐਨ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਇਹ ਅਭਿਆਸ ਈਰਾਨ ‘ਤੇ ਹਮਲੇ ਦੀ ਤਿਆਰੀ ਦਾ ਹਿੱਸਾ ਹਨ। ਸੀਐਨਐਨ ਨੇ ਇੱਕ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਪੈਂਟਾਗਨ ਦੇ ਗੁਪਤ ਦਸਤਾਵੇਜ਼ਾਂ ਤੱਕ ਲੋਕਾਂ ਦੀ ਪਹੁੰਚ ਕਿਸ ਤਰ੍ਹਾਂ ਸੀ।

ਅਮਰੀਕਾ ਦੇ ਸਾਬਕਾ ਉਪ ਵਿਦੇਸ਼ ਮੰਤਰੀ ਮਿਕ ਮੁਲਰੋਏ ਨੇ ਇਸ ਮਾਮਲੇ ‘ਤੇ ਕਿਹਾ ਕਿ ਜੇਕਰ ਈਰਾਨ ‘ਤੇ ਇਜ਼ਰਾਈਲ ਦੇ ਜਵਾਬੀ ਹਮਲੇ ਨਾਲ ਜੁੜੀ ਜਾਣਕਾਰੀ ਸੱਚਮੁੱਚ ਲੀਕ ਹੋਈ ਹੈ ਤਾਂ ਇਹ ਨਿਯਮਾਂ ਦੀ ਘੋਰ ਉਲੰਘਣਾ ਹੈ। ਇਸ ਨਾਲ ਅਮਰੀਕਾ ਅਤੇ ਇਜ਼ਰਾਈਲ ਦੇ ਭਵਿੱਖ ਦੇ ਸਬੰਧਾਂ ‘ਤੇ ਮਾੜਾ ਅਸਰ ਪੈ ਸਕਦਾ ਹੈ। ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਭਰੋਸਾ ਇੱਕ ਵੱਡੀ ਨੀਂਹ ਹੈ ਅਤੇ ਇਹ ਜਾਣਕਾਰੀ ਲੀਕ ਦਾ ਮਾਮਲਾ ਇਸ ਭਰੋਸੇ ਨੂੰ ਕਮਜ਼ੋਰ ਕਰ ਸਕਦਾ ਹੈ।

ਪਿਛਲੇ ਸਾਲ ਵੀ ਅਮਰੀਕਾ ਤੋਂ ਕੁਝ ਖੁਫੀਆ ਜਾਣਕਾਰੀ ਲੀਕ ਹੋਈ ਸੀ। ਇਸ ਕਾਰਨ ਅਮਰੀਕਾ ਅਤੇ ਦੱਖਣੀ ਕੋਰੀਆ ਅਤੇ ਯੂਕਰੇਨ ਵਰਗੇ ਸਹਿਯੋਗੀ ਦੇਸ਼ਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਸੀ। ਇਨ੍ਹਾਂ ਦਸਤਾਵੇਜ਼ਾਂ ਨੂੰ 21 ਸਾਲਾ ਨੈਸ਼ਨਲ ਏਅਰ ਗਾਰਡਜ਼ਮੈਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਸੀ।

ਇਨ੍ਹਾਂ ਦਸਤਾਵੇਜ਼ਾਂ ਦੇ ਲੀਕ ਹੋਣ ਦੀ ਜਾਣਕਾਰੀ ਸ਼ਨੀਵਾਰ ਨੂੰ ਪਹਿਲੀ ਵਾਰ ਸਾਹਮਣੇ ਆਈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਦਸਤਾਵੇਜ਼ ਹੈਕ ਕੀਤੇ ਗਏ ਹਨ ਜਾਂ ਕਿਸੇ ਨੇ ਜਾਣਬੁੱਝ ਕੇ ਲੀਕ ਕੀਤੇ ਹਨ। ਈਰਾਨ ਵੱਲੋਂ ਕੀਤੀ ਜਾ ਰਹੀ ਹੈਕਿੰਗ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਅਮਰੀਕਾ ਪਹਿਲਾਂ ਹੀ ਚੌਕਸ ਹੈ।

ਇਸ ਤੋਂ ਪਹਿਲਾਂ ਅਮਰੀਕੀ ਖੁਫੀਆ ਏਜੰਸੀਆਂ ਨੇ ਅਗਸਤ ‘ਚ ਰਿਪੋਰਟ ਦਿੱਤੀ ਸੀ ਕਿ ਈਰਾਨ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਨਾਲ ਜੁੜੇ ਦਸਤਾਵੇਜ਼ਾਂ ਨੂੰ ਹੈਕ ਕਰ ਲਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਿਊਜ਼ੀਲੈਂਡ ਨੇ ਪਹਿਲੀ ਵਾਰ ਮਹਿਲਾ ਟੀ-20 ਵਿਸ਼ਵ ਕੱਪ ਜਿੱਤਿਆ: ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 32 ਦੌੜਾਂ ਨਾਲ ਹਰਾਇਆ

ਕੈਨੇਡਾ ਦੀ ਬਾਰਡਰ ਪੁਲਿਸ ‘ਚ ਖਾਲਿਸਤਾਨੀ ਸ਼ਾਮਿਲ: ISI ਨਾਲ ਵੀ ਨੇ ਸਬੰਧ – ਭਾਰਤ