ਨਵੀਂ ਦਿੱਲੀ, 23 ਅਕਤੂਬਰ 2024 – ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਦੇ ਸਮੂਹ ਬ੍ਰਿਕਸ ਦਾ 16ਵਾਂ ਸਿਖਰ ਸੰਮੇਲਨ ਰੂਸ ਦੇ ਕਜ਼ਾਨ ਵਿੱਚ ਹੋ ਰਿਹਾ ਹੈ। ਇਸ ਵਿੱਚ ਰੂਸ, ਚੀਨ, ਬ੍ਰਾਜ਼ੀਲ, ਦੱਖਣੀ ਅਫਰੀਕਾ ਸਮੇਤ 28 ਦੇਸ਼ਾਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ ਹੈ। ਇਸ ਸਾਲ ਸੰਮੇਲਨ ਦੀ ਪ੍ਰਧਾਨਗੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਅੱਜ ਇੱਥੇ ਭਾਸ਼ਣ ਦੇਣਗੇ।
‘ਰਾਈਜ਼ਿੰਗ ਇਕਾਨਮੀ’ ਦੇ ਸੰਕਲਪ ‘ਤੇ ਬਣੇ ਇਸ ਆਰਥਿਕ ਸਮੂਹ ‘ਚ ਪਿਛਲੇ ਸਾਲ ਤੱਕ 5 ਦੇਸ਼ ਬ੍ਰਾਜ਼ੀਲ, ਰੂਸ, ਚੀਨ, ਭਾਰਤ ਅਤੇ ਦੱਖਣੀ ਅਫਰੀਕਾ ਸ਼ਾਮਲ ਸਨ। ਇਸ ਸਾਲ ਯੂਏਈ, ਈਰਾਨ, ਮਿਸਰ ਅਤੇ ਇਥੋਪੀਆ ਬ੍ਰਿਕਸ ਦੇ ਰਸਮੀ ਮੈਂਬਰ ਬਣ ਜਾਣਗੇ। ਕਰੀਬ 40 ਦੇਸ਼ਾਂ ਨੇ ਸੰਗਠਨ ਵਿਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਹੈ।
ਬ੍ਰਿਕਸ ਯੂਰਪੀਅਨ ਯੂਨੀਅਨ (ਈਯੂ) ਨੂੰ ਪਛਾੜ ਕੇ ਦੁਨੀਆ ਦਾ ਤੀਜਾ ਸਭ ਤੋਂ ਸ਼ਕਤੀਸ਼ਾਲੀ ਆਰਥਿਕ ਸੰਗਠਨ ਬਣ ਗਿਆ ਹੈ। ਗਲੋਬਲ ਜੀਡੀਪੀ ਵਿੱਚ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਦਾ ਕੁੱਲ ਹਿੱਸਾ 14% ਹੈ, ਜਦੋਂ ਕਿ ਬ੍ਰਿਕਸ ਦੇਸ਼ਾਂ ਦਾ ਹਿੱਸਾ 27% ਹੈ।
ਬ੍ਰਿਕਸ ਦਾ ਆਪਣਾ ਵੱਖਰਾ ਬੈਂਕ ਵੀ ਹੈ, ਜਿਸ ਨੂੰ ਨਿਊ ਡਿਵੈਲਪਮੈਂਟ ਬੈਂਕ ਵਜੋਂ ਜਾਣਿਆ ਜਾਂਦਾ ਹੈ। ਇਸਦਾ ਮੁੱਖ ਦਫਤਰ ਸ਼ੰਘਾਈ, ਚੀਨ ਵਿੱਚ ਹੈ। ਇਹ ਸਰਕਾਰੀ ਜਾਂ ਨਿੱਜੀ ਪ੍ਰੋਜੈਕਟਾਂ ਲਈ ਮੈਂਬਰ ਦੇਸ਼ਾਂ ਨੂੰ ਕਰਜ਼ੇ ਪ੍ਰਦਾਨ ਕਰਦਾ ਹੈ।