ਬਠਿੰਡਾ, 25 ਅਕਤੂਬਰ 2024: ਜ਼ਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਨੇ ਐਮਾਜ਼ੋਨ ਖਿਲਾਫ ਦਿੱਤਾ ਅਹਿਮ ਫੈਸਲਾ ਸੁਣਾਦਿਆਂ ਗਾਹਕ ਦਾ ਆਨ-ਲਾਇਨ ਆਰਡਰ ਕੈਂਸਲ ਕਰਨ ਤੇ 45 ਦਿਨਾਂ ਦੇ ਅੰਦਰ ਅੰਦਰ 15 ਹਜ਼ਾਰ ਰੁਪਏ ਮੁਆਵਜਾ ਦੇਣ ਦੇ ਹੁਕਮ ਦਿੱਤੇ ਹਨ। ਖਪਤਕਾਰ ਕਮਿਸ਼ਨ ਬਠਿੰਡਾ ਨੇ ਇਹ ਕਾਰਵਾਈ ਗਾਹਕ ਵੱਲੋਂ ਐਮਾਜ਼ੋਨ ਕੰਪਨੀ ਦੀ ਸਾਇਟ ਤੇ ਆਨ-ਲਾਇਨ ਆਰਡਰ ਕਰਕੇ ਮੰਗਵਾਈ ਗਈ ਵਨ-ਪਲੱਸ ਕੰਪਨੀ ਦੀ ਐਲ.ਸੀ.ਡੀ. ਦਾ ਆਰਡਰ ਕੈਂਸਲ ਕਰਨ ਖਿਲਾਫ ਕੀਤੀ ਹੈ। ਗੋਨਿਆਣਾ ਮੰਡੀ ਦੀ ਵਸਨੀਕ ਸ਼ਾਮਲੀ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 9ਮਾਰਚ2020 ਨੂੰ ਐਮਾਜ਼ੋਨ ਕੰਪਨੀ ਦੀ ਸਾਇਟ ਤੇ 99,899/- ਦੀ ਐਲ.ਸੀ.ਡੀ. ਦੀ ਆਨ-ਲਾਇਨ ਖਰੀਦਦਾਰੀ ਕਰਨ ਤੇ 1,50,000/- ਰੁਪਏ ਐਮਾਜ਼ੋਨ ਪੇ ਕੈਸ਼ ਬੈਕ ਦਾ ਆਫਰ ਦਿੱਤਾ ਜਾ ਰਿਹਾ ਸੀ।
ਇਸ ਤੋਂ ਬਾਅਦ ਸ਼ਾਮਲੀ ਗੋਇਲ ਨੇ 99,899/- ਰੁਪਏ ਆਨ-ਲਾਇਨ ਅਦਾ ਕਰਨ ਤੇ ਕੰਪਨੀ ਨੇ ਉਹਨਾ ਦੇ ਆਰਡਰ ਨੂੰ ਕਨਫਰਮ ਕਰ ਦਿੱਤਾ ਸੀ। ਕੰਪਨੀ ਨੇ ਮਿਤੀ 13 ਮਾਰਚ2020 ਨੂੰ ਉਹਨਾ ਦੇ ਆਰਡਰ ਨੂੰ ਤਕਨੀਕੀ ਖਰਾਬੀ ਦਾ ਬਹਾਨਾ ਲਗਾ ਕੇ ਕੈਂਸਲ ਕਰ ਦਿੱਤਾ ਗਿਆ ਅਤੇ ਸ਼ਾਮਲੀ ਗੋਇਲ ਵੱਲੋਂ ਅਦਾ ਕੀਤੇ 99,899/- ਰੁਪਏ ਬਿਨਾ ਕਿਸੇ ਵਿਆਜ ਅਤੇ ਮੁਆਵਜੇ ਦੇ 13 ਦਿਨਾਂ ਬਾਅਦ ਮਿਤੀ 21ਮਾਰਚ 2020 ਨੂੰ ਉਹਨਾ ਦੇ ਖਾਤੇ ਵਿੱਚ ਵਾਪਿਸ ਕਰ ਦਿੱਤੇ । ਸ਼ਾਮਲ ਗੋਇਲ ਨੇ ਕਿਹਾ ਕਿ ਇਸ ਕਾਰਨ ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਝੱਲਣੀ ਪਈ। ਸ਼ਾਮਲੀ ਗੋਇਲ ਨੇ ਦੱਸਿਆ ਕਿ ਇੱਕ ਵਾਰ ਆਰਡਰ ਮਨਜੂਰ ਕਰਨ ਲੈਣ ਤੋਂ ਬਾਅਦ ਕੰਪਨੀ ਕੋਲ ਇਹ ਅਧਿਕਾਰ ਨਹੀਂ ਸੀ ਕਿ ਉਹ ਆਰਡਰ ਨੂੰ ਕੈਂਸਲ ਕਰੇ।
ਕੰਪਨੀ ਦੀ ਸੇਵਾ ਵਿੱਚ ਕਮੀ ਅਤੇ ਗੈਰਮਰਿਆਦਤ ਵਪਾਰ ਕਾਰਨ ਹੋਈ ਮਾਨਸਿਕ ਪਰੇਸ਼ਾਨੀ ਆਦਿ ਦੇ ਮੁਆਵਜੇ ਨੂੰ ਲੈਣ ਲਈ ਸ਼ਾਮਲੀ ਗੋਇਲ ਨੇ ਆਪਣੇ ਵਕੀਲ ਰਾਮ ਮਨੋਹਰ ਰਾਹੀ ਜਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਵਿਖੇ ਕੇਸ ਦਾਇਰ ਕੀਤਾ ਸੀ। ਵਕੀਲ ਰਾਮ ਮਨੋਹਰ ਦੀਆਂ ਦਲੀਲਾ ਨਾਲ ਸਹਿਮਤ ਹੁੰਦੇ ਹੋਏ ਕਮਿਸ਼ਨ ਦੇ ਪ੍ਰਧਾਨ ਕੰਵਰ ਸੰਦੀਪ ਸਿੰਘ ਅਤੇ ਮੈਂਬਰ ਸ਼ਾਰਦਾ ਅੱਤਰੀ ਨੇ ਸ਼ਿਕਾਇਤ ਦਾ ਨਿਪਟਾਰਾ ਕਰਦਿਆਂ ਐਮਾਜ਼ੋਨ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਉਹ ਸ਼ਾਮਲੀ ਗੋਇਲ ਨੂੰ ਹੋਈ ਮਾਨਸਿਕ ਪਰੇਸ਼ਾਨੀ ਅਤੇ ਮੁਕੱਦਮੇਬਾਜੀ ਦੇ ਖਰਚ ਲਈ 15 ਹਜ਼ਾਰ ਰੁਪਏ ਦੀ ਅਦਾਇਗੀ 45 ਦਿਨਾ ਦੇ ਅੰਦਰ-ਅੰਦਰ ਅਦਾ ਕਰੇ।