MP ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਸਣੇ 2 ਹੋਰ ਨੌਜਵਾਨ ਪ੍ਰੋਡਕਸ਼ਨ ਵਾਰੰਟ ’ਤੇ, ਪੜ੍ਹੋ ਕੀ ਹੈ ਮਾਮਲਾ

ਅੰਮ੍ਰਿਤਸਰ, 25 ਅਕਤੂਬਰ 2024 – ਬੰਬੀਹਾ ਅਤੇ ਕੌਸ਼ਲ ਗੈਂਗ ਦੇ ਗੁਰਗੇ ਫੜੇ ਜਾਣ ਦੇ ਮਾਮਲੇ ’ਚ ਪੁਲਸ ਗੈਂਗ ਨੂੰ ਹਥਿਆਰ ਸਪਲਾਈ ਦੇ ਨਾਲ-ਨਾਲ ਟਾਰਗੈੱਟ ਕਿਲਿੰਗ ਦਾ ਆਰਡਰ ਦੇਣ ਵਾਲੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਰਹੇ ਗੁਰਭੇਜ ਸਿੰਘ ਅਤੇ ਉਸ ਦੇ 2 ਹੋਰ ਸਾਥੀਆਂ ਨੂੰ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਹੈ। ਗੁਰਭੇਜ ਸਿੰਘ ਸਮੇਤ ਉਸ ਦੇ ਸਾਥੀ ਕਾਲੂ ਅਤੇ ਆਕਾਸ਼ ਲੱਕੀ ਨੂੰ ਅਦਾਲਤ ਵਿਚ ਪੇਸ਼ ਕਰਕੇ ਸੀ. ਆਈ. ਏ. ਸਟਾਫ਼ ਨੇ ਉਨ੍ਹਾਂ ਨੂੰ 2 ਦਿਨ ਦੇ ਰਿਮਾਂਡ ’ਤੇ ਲਿਆ ਹੈ।

ਪੁਲਸ ਨੇ ਗੁਰਭੇਜ ਸਿੰਘ, ਕਾਲੂ ਅਤੇ ਆਕਾਸ਼ ਉਰਫ ਲੱਕੀ ਦੀ ਗ੍ਰਿਫ਼ਤਾਰੀ ਪਾ ਦਿੱਤੀ ਹੈ। ਇਸ ਦੇ ਨਾਲ-ਨਾਲ ਉਸ ਨਾਲ ਜੁੜੇ ਹੋਰਨਾਂ ਮੁਲਜ਼ਮਾਂ ਦਾ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ। ਇੰਸ. ਸੁਰਿੰਦਰ ਸਿੰਘ ਕੰਬੋਜ ਦਾ ਕਹਿਣਾ ਹੈ ਕਿ ਜਲਦ ਇਸ ਮਾਮਲੇ ਵਿਚ ਨਵੇਂ ਖੁਲਾਸੇ ਹੋ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਗੁਰਭੇਜ ਸਿੰਘ ਅਤੇ ਉਸਦੇ 2 ਹੋਰਨਾਂ ਸਾਥੀਆਂ ਤੋਂ ਡਰੱਗਜ਼ ਸਪਲਾਈ ਨੂੰ ਲੈ ਕੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਸੀ. ਆਈ. ਏ. ਸਟਾਫ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਰੇਲਵੇ ਕਾਲੋਨੀ ’ਚ ਵਾਰਦਾਤ ਦੀ ਯੋਜਨਾ ਬਣਾ ਰਹੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ 2 ਹੋਰ ਸਾਥੀ ਵੀ ਗ੍ਰਿਫ਼ਤਾਰ ਕਰ ਲਏ ਗਏ ਸਨ। ਮੁਲਜ਼ਮਾਂ ਦੀ ਪਛਾਣ ਜਲੰਧਰ ਦੇ ਬੋਪਾਰਾਏ ਕਲਾਂ ਨਿਵਾਸੀ ਜਸਪ੍ਰੀਤ ਸਿੰਘ ਉਰਫ਼ ਜੱਸਾ, ਹੁਸ਼ਿਆਰਪੁਰ ਦੇ ਪਿੰਡ ਮਾਹਿਲਪੁਰ ਦੇ ਹਰਸ਼ਦੀਪ ਸਿੰਘ, ਤਰਨਤਾਰਨ ਦੇ ਮੁਰਾਦਪੁਰ ਪਿੰਡ ਦੇ ਸ਼ੇਖਰ, ਜਲੰਧਰ ਦੇ ਨਿਊ ਮਾਡਲ ਹਾਊਸ ਦੇ ਗਗਨਦੀਪ ਸਿੰਘ ਉਰਫ਼ ਗਿੰਨੀ ਬਾਜਵਾ ਅਤੇ ਜਲੰਧਰ ਦੇ ਬੰਬੀਆਂਵਾਲ ਪਿੰਡ ਦੇ ਅਮਿਤ ਸਹੋਤਾ ਵਜੋਂ ਹੋਈ ਸੀ।

ਪੁਲਸ ਨੇ ਮੁਲਜ਼ਮਾਂ ਕੋਲੋਂ 9 ਹਥਿਆਰ ਅਤੇ 15 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਸਨ। ਮੁਲਜ਼ਮਾਂ ਨੇ ਕਬੂਲ ਕੀਤਾ ਸੀ ਕਿ ਉਹ ਦਵਿੰਦਰ ਬੰਬੀਹਾ ਅਤੇ ਕੌਸ਼ਲ ਚੌਧਰੀ ਗੈਂਗ ਲਈ ਟਾਰਗੈੱਟ ਕਿਲਿੰਗ ਵਰਗੀਆਂ ਵਰਦਾਤਾਂ ਨੂੰ ਅੰਜਾਮ ਦਿੰਦੇ ਹਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ 3 ਟਾਰਗੈੱਟ ਕਿਲਿੰਗ ਹੋਣ ਤੋਂ ਬਚਾਅ ਹੋ ਗਿਆ ਸੀ। ਮੁਲਜ਼ਮਾਂ ਨੇ ਮੰਨਿਆ ਸੀ ਕਿ ਉਨ੍ਹਾਂ ਨੂੰ ਟਾਰਗੈੱਟ ਕਿਲਿੰਗ ਦਾ ਆਰਡਰ ਗੁਰਭੇਜ ਸਿੰਘ ਦਿੰਦਾ ਸੀ ਅਤੇ ਹਥਿਆਰ ਵੀ ਉਸੇ ਨੇ ਮੁਹੱਈਆ ਕਰਵਾਏ ਸਨ।

ਸੀ. ਆਈ. ਏ. ਸਟਾਫ਼ ਨੇ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਬੰਬੀਹਾ ਅਤੇ ਕੌਸ਼ਲ ਗੈਂਗ ਦੇ 5 ਗੁਰਗਿਆਂ ਦਾ ਰਿਮਾਂਡ ਖ਼ਤਮ ਹੋਣ ’ਤੇ ਉਨ੍ਹਾਂ ਨੂੰ ਦੋਬਾਰਾ ਅਦਾਲਤ ਵਿਚ ਪੇਸ਼ ਕੀਤਾ। ਪੁਲਸ ਨੂੰ ਪੰਜਾਂ ਮੁਲਜ਼ਮਾਂ ਦਾ 2 ਦਿਨ ਦਾ ਰਿਮਾਂਡ ਹੋਰ ਮਿਲਿਆ। ਪੰਜਾਂ ਮੁਲਜ਼ਮਾਂ ਹਰਸ਼ਦੀਪ, ਸ਼ੇਖਰ, ਜਸਪ੍ਰੀਤ ਸਿੰਘ ਉਰਫ਼ ਜੱਸਾ, ਗਗਨਦੀਪ ਸਿੰਘ ਅਤੇ ਅਮਿਤ ਸਹੋਤਾ ਨੂੰ ਗੁਰਭੇਜ ਸਿੰਘ, ਕਾਲੂ ਅਤੇ ਆਕਾਸ਼ ਲੱਕੀ ਦੇ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਣੀ ਹੈ ਤਾਂ ਕਿ ਮੁਲਜ਼ਮਾਂ ਤੋਂ ਹੋਰ ਇਨਪੁੱਟ ਮਿਲ ਸਕਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘SGPC ਮੈਂਬਰਾਂ ਨੂੰ ਹੋ ਰਹੀ ਖਰੀਦਣ ਦੀ ਕੋਸ਼ਿਸ਼’ – ਹਰਜਿੰਦਰ ਸਿੰਘ ਧਾਮੀ ਦਾ ਵੱਡਾ ਇਲਜ਼ਾਮ

ਭਾਜਪਾ ਆਗੂ RP ਸਿੰਘ ਸ਼੍ਰੋਮਣੀ ਕਮੇਟੀ ਵਿਰੁੱਧ ਗਲਤ ਬਿਆਨਬਾਜ਼ੀ ਕਰਨ ਤੋਂ ਬਾਜ਼ ਆਉਣ – ਐਡਵੋਕੇਟ ਧਾਮੀ